ਅਣਖ ਮਾਰੂ ਪਾਰਟੀ ਪੰਜਾਬ ਦਾ ਗਠਨ
ਬਹਾਦਰਜੀਤ ਸਿੰਘ /ਰੂਪਨਗਰ,11 ਜਨਵਰੀ,2022
ਰਾਜਨੀਤਕ ਮਛੇਰਿਆਂ ਵੱਲੋਂ ਲੋਕਾਂ ਨੂੰ ਮੱਛਲੀਆਂ ਸਮਝਦੇ ਹੋਏ ਆਪਣੀ ਕੁੰਡੀਆਂ ਵਿੱਚ ਸਬਸਿਡੀਆਂ ਦਾ ਆਟਾ ਲਾ ਕੇ ਉਨ੍ਹਾਂ ਨੂੰ ਫੜਨ ਦਾ ਯਤਨ ਜ਼ੋਰਾ ਉੱਤੇ ਚੱਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਰਣਜੀਤ ਸਿੰਘ ਪਤਿਆਲਾ ਅਤੇ ਸਾਥੀਆਂ ਨੇ ਕਿਹਾ ਰਾਜਨੀਤਕ ਆਗੂ ਪੰਜਾਬ ਨੂੰ ਭਿਖਾਰੀਆਂ ਦਾ ਮੁਹੱਲਾ ਸਮਝਦੇ ਹਨ।
ਉਕਤ ਵਰਤਾਰੇ ਨੂੰ ਠੋਕਵੀਂ ਟਿੱਚਰ ਕਰਦੇ ਹੋਏ ਰਣਜੀਤ ਸਿੰਘ ਪਤਿਆਲਾ ਦੇ ਸਾਥੀਆਂ ਵੱਲੋਂ ਸਥਾਨਕ ਬੇਲਾ ਚੌਂਕ ਵਿੱਚ ਬੈਨਰ ਲਗਾ ਕੇ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਨਵੀਂ ਪਾਰਟੀ ਦਾ ਨਾਮ ਅਣਖ ਮਾਰੂ ਪਾਰਟੀ ਪੰਜਾਬ (ਏ.ਅੱੈਮ.ਪੀ.ਪੀ.) ਰੱਖਿਆ ਗਿਆ ਹੈ। ਪਤਿਆਲਾ ਨੇ ਕਿਹਾ ਕਿ ਇਸ ਪਾਰਟੀ ਦਾ ਚੋਣ ਨਿਸ਼ਾਨ ਟਿਫਨ (ਰੋਟੀ ਵਾਲਾ ਡੱਬਾ) ਹੈ। ਪਾਰਟੀ ਵੱਲੋਂ ਸਰਕਾਰ ਬਣਨ ਤੇ ਚਾਰ ਗਰੰਟੀਆਂ ਦੀ ਗੱਲ ਕਹੀ ਗਈ। ਪਹਿਲੀ ਗਰੰਟੀ ਇਹ ਹੈ ਕਿ ਸਾਰੇ ਟੱਬਰ ਲਈ ਤਿੰਨੋਂ ਟਾਈਮ ਟਿਫਨ ਅਤੇ ਦੋਵੇਂ ਟਾਈਮ ਚਾਹ ਦੀ ਕੇਤਲੀ ਘਰ ਬੈਠੇ ਪਹੁੰਚੇਗੀ,ਦੂਜੀ ਨੈਟ ਪੈਕ ਵਾਈ-ਫਾਈ ਮੁਫਤ ਅਤੇ ਹਰ ਸਾਲ ਸਾਰਿਆਂ ਨੂੰ ਨਵਾਂ ਸਮਾਰਟ ਫੋਨ ਦਿੱਤਾ ਜਾਵੇਗਾ,ਤੀਜੀ ਬਿਜਲੀ, ਪਾਣੀ, ਸੀਵਰੇਜ਼ ਆਦਿ ਦੇ ਬਿੱਲ ਖ਼ਤਮ ਕੀਤੇ ਜਾਣਗੇ ਅਤੇ ਸਾਰੇ ਮੀਟਰ ਪੁੱਟ ਦਿੱਤੇ ਜਾਣਗੇ ਅਤੇ ਚੌਥੀ ਗਰੰਟੀ ਇਹ ਹੈ ਕਿ ਜਨਮ, ਵਿਆਹ, ਤਲਾਕ, ਅੰਤਿਮ ਕ੍ਰਿਆ ਕਰਮ ਅਤੇ ਅੰਤਿਮ ਅਰਦਾਸ ਦਾ ਖ਼ਰਚਾ ਸਰਕਾਰ ਕਰੇਗੀ।
ਵਿਧਾਇਕਾਂ ਦੇ ਕਿਰਦਾਰਾਂ ਤੇ ਤੰਨਜ਼ ਕੱਸਦਿਆਂ ਪਤਿਆਲਾ ਨੇ ਕਿਹਾ ਕਿ ਸਾਡੀ ਪਾਰਟੀ ਵਿੱਚੋਂ ਜਿਹੜੇ ਵਿਧਾਇਕ ਹੋਰ ਪਾਰਟੀਆਂ ਵਿੱਚ ਜਾਣਗੇ ਉਨ੍ਹਾਂ ’ਤੇ ਕੋਈ ਇਤਰਾਜ਼ ਨਹੀਂ ਕੀਤਾ ਜਾਵੇਗਾ ਪਰ ਜਦੋਂ ਉਹ ਵਾਪਿਸ ਪਾਰਟੀ ਵਿੱਚ ਆਉਣਗੇ ਤਾਂ ਉਨ੍ਹਾਂ ਦੇ ਸਤਿਕਾਰ ਵਜੋਂ ਘਰ ਵਾਪਸੀ (ਥੁੱਕ ਚੱਟ ਸਮਾਗਮ) ਕੀਤਾ ਜਾਵੇਗਾ।
ਰਣਜੀਤ ਸਿੰਘ ਪਤਿਆਲਾ ਨੇ ਗੰਭੀਰ ਹੁੰਦੇ ਹੋਏ ਕਿਹਾ ਕਿ ਲੋਕ ਸਬਸਿਡੀਆਂ ਤੇ ਮਸਤ ਹੋਣ ਦੀ ਬਜਾਏ ਪਾਰਟੀ ਆਗੂਆਂ ਨੂੰ ਇਹ ਸਵਾਲ ਜ਼ਰੂਰ ਪੁੱਛਣ ਕਿ ਉਨ੍ਹਾਂ ਵੱਲੋਂ ਘੱਟੋ-ਘੱਟ ਪਿਛਲੇ 15 ਸਾਲਾਂ ਵਿੱਚ ਰੁਜ਼ਗਾਰ ਦੇ ਕਿਹੜੇ ਵਸੀਲੇ ਪੈਦਾ ਕੀਤੇ।
ਉਨ੍ਹਾਂ ਕਿਹਾ ਕਿ 100 ਵਰਕਰਾਂ ਦੇ ਕੰਮ ਕਰਨ ਵਾਲੀ ਫੈਕਟਰੀ ਨਾਲ ਘੱਟੋ-ਘੱਟ 1000 ਲੋਕਾਂ ਨੂੰ ਅਸਿੱਧੇ ਤੌਰ ’ਤੇ ਵੀ ਰੁਜ਼ਗਾਰ ਮਿਲਦਾ ਹੈ। ਰੂਪਨਗਰ ਵਿਧਾਨ ਸਭਾ ਦੇ ਹਲਕੇ ਵਿੱਚ ਪਿਛਲੇ 15 ਸਾਲਾਂ ਵਿੱਚ ਕੋਈ ਮੋਮਬੱਤੀਆਂ ਬਣਾਉਣ ਵਾਲੀ ਫੈਕਟਰੀ ਵੀ ਨਹੀਂ ਲੱਗੀ। ਬਾਕੀ ਪੰਜਾਬ ਦੇ ਹਾਲਾਤ ਵੀ ਇਸ ਤੋਂ ਵੱਖਰੇ ਨਹੀਂ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਨਿਰਮਲ ਸਿੰਘ ਲੋਦੀਮਾਜਰਾ, ਬਲਵਿੰਦਰ ਸਿੰਘ ਗਰੇਵਾਲ, ਗੁਰਨਾਮ ਸਿੰਘ ਢੇਰੋਵਾਲ, ਬਲਬੀਰ ਸਿੰਘ ਪਪਰਾਲਾ, ਅਮਰਜੀਤ ਸਿੰਘ ਪਪਰਾਲਾ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।