ਆਪ ਦੀ ਸਮੁੱਚੀ ਲੀਡਰਸ਼ਿਪ ਇਕ ਨਿਮਾਣੇ ਸਿੱਖ ਵਜੋਂ ਸ਼ਹੀਦੀ ਜੋੜ ਮੇਲ ਮੌਕੇ ਹੋਵੇਗੀ ਨਤਮਸਤਕ

138

ਆਪ ਦੀ ਸਮੁੱਚੀ ਲੀਡਰਸ਼ਿਪ ਇਕ ਨਿਮਾਣੇ ਸਿੱਖ ਵਜੋਂ ਸ਼ਹੀਦੀ ਜੋੜ ਮੇਲ ਮੌਕੇ ਹੋਵੇਗੀ ਨਤਮਸਤਕ

ਫਤਹਿਗੜ੍ਹ ਸਾਹਿਬ, 26 ਦਸੰਬਰ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਮੂਹ ਆਗੂ ਸ਼ਹੀਦੀ ਜੋੜ ਮੇਲ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਨਤਮਸਤਕ ਹੋਣ ਲਈ ਪੁੱਜਣਗੇ।  ਪਾਰਟੀ ਦੇ ਜੁਆਇੰਟ ਸਕੱਤਰ ਅਮਨ ਮੋਹੀ ਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਲਾੜਾ ਨੇ ਜਾਰੀ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਸਮੁੱਚੀ ਲੀਡਰਸ਼ਿਪ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਗੁਰੂ ਘਰ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ। ਆਮ ਆਦਮੀ ਪਾਰਟੀ ਦੇ ਆਗੂ ਵਾਹਿਗੁਰੂ ਅੱਗੇ ਅਰਦਾਸ਼ ਕਰਨਗੇ ਕਿ ਗੁਰੂ ਵੱਲੋਂ ਵਿਖਾਏ ਗਏ ਜ਼ੁਲਮ ਵਿਰੁਧ ਲੜਨ ਦੇ ਰਾਹ ਉੱਤੇ ਚੱਲਣ ਦੀ ਹਿੰਮਤ ਬਖਸ਼ੇ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਕਿਸੇ ਰਾਜਨੀਤਿਕ ਆਗੂ ਦੇ ਤੌਰ ਉੱਤੇ ਨਹੀਂ ਪੁੱਜ ਰਹੇ, ਉਹ ਸਿਰਫ ਇਕ ਨਿਮਾਣੇ ਸਿੱਖ ਹੁੰਦੇ ਹੋਏ ਆਮ ਸ਼ਰਧਾਲੂ ਦੀ ਤਰ੍ਹਾਂ ਹੀ ਇਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੂਹਰੇ ਆਪਣਾ ਸਿਰ ਝੁਕਾਉਣ ਲਈ ਪੁੱਜ ਰਹੇ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਰਕਰ ਅਤੇ ਲੀਡਰਸ਼ਿਪ ਵਾਹਿਗੁਰੂ ਅੱਗੇ ਅਰਦਾਸ ਕਰਨਗੇ ਕਿ ਮੋਦੀ ਸਰਕਾਰ ਨੂੰ ਸੁਮੱਤ ਬਖਸ਼ੇ ਤਾਂ ਜੋ ਦੇਸ਼ ਦੇ ਉਹਨਾਂ ਲੱਖਾਂ ਕਿਸਾਨਾਂ ਦੀ ਗੱਲ ਸੁਣਨ ਜੋ ਦਿੱਲੀ ਦੇ ਬਾਰਡਰਾਂ ਤੇ ਆਪਣੇ ਹੱਕ ਹਕੂਕਾਂ ਅਤੇ ਹੋਂਦ ਦੀ ਲੜਾਈ ਲੜ ਰਹੇ ਹਨ। ਮੋਦੀ ਸਰਕਾਰ ਐਨੇ ਹੰਕਾਰ ‘ਚ ਹੈ ਕਿ ਨਾ ਉਸਨੂੰ ਅੰਨਦਾਤਾ ਦੀ ਆਵਾਜ਼ ਸੁਣਾਈ ਦੇ ਰਹੀ ਹੈ ਤੇ ਨਾ ਹੀ ਓਹਨਾ ਮਾਵਾਂ, ਬਜ਼ੁਰਗਾਂ ਤੇ ਛੋਟੋ ਛੋਟੇ ਬੱਚਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਜੋ ਇਸ ਪੋਹ ਦੀਆਂ ਸਰਦ ਹਵਾਵਾਂ ‘ਚ ਖੁਲ੍ਹੇ ਆਸਮਾਨ ਦੇ ਥੱਲੇ ਪਿਛਲੇ ਇੱਕ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹਨ।

ਆਪ ਦੀ ਸਮੁੱਚੀ ਲੀਡਰਸ਼ਿਪ ਇਕ ਨਿਮਾਣੇ ਸਿੱਖ ਵਜੋਂ ਸ਼ਹੀਦੀ ਜੋੜ ਮੇਲ ਮੌਕੇ ਹੋਵੇਗੀ ਨਤਮਸਤਕ

ਜ਼ਿਲ੍ਹਾ ਆਗੂ ਨੇ ਕਿਹਾ ਕਿ ਅੱਜ ਅਕਾਲੀ, ਭਾਜਪਾ ਤੇ ਕਾਂਗਰਸ ਆਪਣੀਆਂ ਸਿਆਸੀ ਜ਼ਮੀਨ ਬਚਾਉਣ ਦੇ ਲਈ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਗੁੰਮਰਾਹਕੁੰਨ ਭਾਸ਼ਣ ਦੇ ਰਹੇ ਹਨ। ਜਦੋਂ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸਾਰੇ ਪਾਰਟੀ ਆਗੂ, ਮੰਤਰੀ, ਵਿਧਾਇਕ ਅਤੇ ਵਲੰਟੀਅਰ ਇਕ ਸੇਵਾਦਾਰ ਬਣਕੇ ਜਿੱਥੇ ਕਿਸਾਨਾਂ ਦੀ ਸੇਵਾ ਕਰ ਰਹੇ ਹਨ ਉਥੇ ਪਾਰਟੀ ਹਰ ਫਰੰਟ ਉਤੇ ਕਿਸਾਨਾਂ ਦੇ ਹੱਕ ‘ਚ ਬਿਨਾਂ ਕਿਸੇ ਬੈਨਰ, ਝੰਡੇ ਦੇ ਆਵਾਜ਼ ਬੁਲੰਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ‘ਆਪ’ ਕਿਸੇ ਤਰ੍ਹਾਂ ਦਾ ਰਾਜਨੀਤਿਕ ਲਾਹਾ ਲੈਣ ਲਈ ਨਹੀਂ ਕਰ ਰਹੀ, ਸਗੋਂ ਸਾਡੇ ਗੁਰੂ ਵੱਲੋਂ ਵਿਖਾਏ ਗਏ ਜ਼ੁਲਮ ਖਿਲਾਫ ਲੜਨ ਦੇ ਰਸਤੇ ਉੱਤੇ ਚਲਦੇ ਹੋਏ ਅਜਿਹਾ ਕਰਨਾ ਸਾਡਾ ਧਰਮ ਹੈ।  ਉਨ੍ਹਾਂ ਕਿਹਾ ਕਿ ਅੱਜ ਸਮਾਂ ਰਾਜਨੀਤੀ ਕਰਨ ਦਾ ਨਹੀਂ ਗੁਰੂ ਦੇ ਰਾਹ ਉੱਤੇ ਚੱਲਣ ਦਾ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕਿਸੇ ਬੇਗੁਨਾਹ ਉਪਰ ਅੱਤਿਆਚਾਰ ਹੁੰਦਾ ਹੈ ਤਾਂ ਉਸ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇ।