ਈ. ਐੱਮ. ਆਰ. ਸੀ. ਸਟੂਡੀਓ ਵਿੱਚ ਚੱਲ ਰਿਹਾ ਹੈ ਦਿਨ-ਰਾਤ ਕੰਮ; ਬਿਹਾਰ ਦੀ ਮਗਧ ਯੂਨੀਵਰਸਿਟੀ ਤੋਂ ਲੈ ਕੇ ਦੱਖਣੀ ਭਾਰਤ ਦੇ ਪੁਡੂਚਰੀ ਤੱਕ ਦੇ ਮਾਹਿਰ ਸ਼ਾਮਿਲ

472

ਈ. ਐੱਮ. ਆਰ. ਸੀ. ਸਟੂਡੀਓ ਵਿੱਚ ਚੱਲ ਰਿਹਾ ਹੈ ਦਿਨ-ਰਾਤ ਕੰਮ; ਬਿਹਾਰ ਦੀ ਮਗਧ ਯੂਨੀਵਰਸਿਟੀ ਤੋਂ ਲੈ ਕੇ ਦੱਖਣੀ ਭਾਰਤ ਦੇ ਪੁਡੂਚਰੀ ਤੱਕ ਦੇ ਮਾਹਿਰ ਸ਼ਾਮਿਲ

ਪਟਿਆਲਾ/ 13 ਮਈ, 2023

ਪੰਜਾਬੀ ਯੂਨੀਵਰਸਿਟੀ ਵਿਖੇ ਐਜੂਕੇਸ਼ਨਲ ਮਲਟੀਮੀਡੀਆ ਸੈਂਟਰ (ਈ. ਐੱਮ.ਆਰ.ਸੀ.) ਇਨ੍ਹੀ ਦਿਨੀਂ ਆਮ ਨਾਲ਼ੋਂ ਵਧੇਰੇ ਸਰਗਰਮ ਹੈ। ਇੱਥੋਂ ਦੇ ਸਟੂਡੀਓ ਵਿੱਚ ਇਨ੍ਹੀਂ ਦਿਨੀਂ ਲੋੜ ਮੁਤਾਬਿਕ ਦੋ-ਦੋ ਸ਼ਿਫ਼ਟਾਂ ਵਿੱਚ ਰਿਕਾਰਡਿੰਗ ਦਾ ਕੰਮ ਚੱਲ ਰਿਹਾ ਹੈ। ਕੰਮ ਦੇ ਮਿਆਰ ਅਤੇ ਮਿਕਦਾਰ ਪੱਖੋਂ ਹੋ ਰਹੇ ਇਸ ਵਾਧੇ ਦਾ ਨੋਟਿਸ ਸੀ.ਈ.ਸੀ., ਨਵੀਂ ਦਿੱਲੀ ਵੱਲੋਂ ਵੀ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਮਹਿਕਮੇ ਸੀ.ਈ.ਸੀ. ਅਤੇ ਯੂ.ਜੀ.ਸੀ. ਅਧੀਨ ਵਿਚਰਦੇ ਇਸ ਕੇਂਦਰ ਵਿਖੇ ਮੂਕਸ ਨਾਮਕ ਵੀਡੀਓ ਪ੍ਰੋਗਰਾਮਾਂ ਦਾ ਨਿਰਮਾਣ ਹੁੰਦਾ ਹੈ। ਇਹ ਪ੍ਰੋਗਰਾਮ ਸਵੈਯਮ ਪੋਰਟਲ ਉੱਤੇ ਆਨਲਾਈਨ ਕੋਰਸ ਦੇ ਰੂਪ ਵਿੱਚ ਸੰਸਾਰ ਭਰ ਦੇ ਵਿਦਿਆਰਥੀਆਂ ਲਈ ਉਪਲਬਧ ਹੁੰਦੇ ਹਨ।

ਈ.ਐੱਮ.ਆਰ.ਸੀ. ਡਾਇਰੈਕਟਰ ਦਲਜੀਤ ਅਮੀ ਨੇ ਇਸ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸਰਕਾਰੀ ਮਹਿਕਮਿਆਂ ਦੀ ਕਾਰਗੁਜ਼ਾਰੀ ਬਿਹਤਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕੰਮ ਦੇ ਮਿਆਰ ਅਤੇ ਮਿਕਦਾਰ ਨੂੰ ਵਧਾਉਣ ਵਾਸਤੇ ਹਾਲ ਹੀ ਵਿੱਚ ਕੁੱਝ ਕਦਮ ਉਠਾਏ ਗਏ ਹਨ। ਵਿਭਾਗ ਨੂੰ ਤਕਨੀਕੀ ਪੱਖੋਂ ਸਮਰੱਥ ਬਣਾਉਣ ਲਈ ਸਾਰੇ ਲੋੜੀਂਦੇ ਉਪਕਰਣਾਂ ਦੀ ਖਰੀਦ ਕੀਤੀ ਗਈ ਹੈ ਤਾਂ ਕਿ ਕੰਮ ਕਾਜ ਵਿੱਚ ਗੁਣਾਤਮਕ ਨਿਖ਼ਾਰ ਆ ਸਕੇ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਵੱਖ-ਵੱਖ ਸੂਬਿਆਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਿਰਾਂ ਦੇ ਤਕਰੀਬਨ 100 ਭਾਸ਼ਣ ਰਿਕਾਰਡ ਹੋਣੇ ਹਨ। ਪੂਰੇ ਭਾਰਤ ਵਿਚਲੇ ਈ.ਐੱਮ.ਆਰ. ਕੇਂਦਰਾਂ ਵੱਲੋਂ ਕੀਤੇ ਜਾ ਰਹੇ ਕੰਮ ਦੇ ਹਿਸਾਬ ਨਾਲ਼ ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ਤੋਂ ਵਿਸ਼ਾ ਮਾਹਿਰ ਇਸ ਮਕਸਦ ਲਈ ਰੋਜ਼ਾਨਾ ਸਟੂਡੀਓ ਪਹੁੰਚ ਰਹੇ ਹਨ। ਇਨ੍ਹਾਂ ਮਾਹਿਰਾਂ ਵਿੱਚ ਬਿਹਾਰ ਦੀ ਮਗਧ ਯੂਨੀਵਰਸਿਟੀ ਬੋਧਗਯਾ ਤੋਂ ਡਾ. ਪ੍ਰਿਯਮ ਸ਼ਰਮਾ, ਆਈ. ਆਈ. ਐੱਮ. ਰਾਂਚੀ ਤੋਂ ਡਾ. ਅੰਗਸ਼ੂਮਨ ਹਜ਼ਾਰੀਆ, ਕੇਂਦਰੀ ਯੂਨੀਵਰਸਿਟੀ, ਬਠਿੰਡਾ ਤੋਂ ਡਾ. ਅਦਿੱਤਯਾ ਰੰਜਨ, ਰਾਜੀਵ ਗਾਂਧੀ ਯੂਨੀਵਰਸਿਟੀ ਤੋਂ ਡਾ. ਜਸਲੀਨ ਕੇਵਲਾਨੀ, ਥਾਪਰ ਯੂਨੀਵਰਸਿਟੀ ਤੋਂ ਡਾ. ਸ਼ਵੇਤਾ ਧਾਲੀਵਾਲ ਆਦਿ ਸ਼ਾਮਿਲ ਹਨ ਜੋ ਸਮਾਜ ਵਿਗਿਆਨ, ਅਰਥ ਵਿਗਿਆਨ, ਗਣਿਤ ਅਤੇ ਕਾਨੂੰਨ ਦੇ ਵਿਸ਼ੇ ਵਿੱਚ ਆਪਣੇ ਭਾਸ਼ਣ ਰਿਕਾਰਡ ਕਰਵਾ ਰਹੇ ਹਨ। ਕੰਮ-ਕਾਜ ਵਿੱਚ ਸਮਰਥਾ ਵਾਧੇ ਦੀ ਇੱਕ ਹੋਰ ਮਿਸਾਲ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੱਕ ਮੂਕਸ ਪ੍ਰੋਗਰਾਮ ਵਿੱਚ ਕੁੱਝ ਭਾਸ਼ਣ ਦੱਖਣੀ ਭਾਰਤ ਦੇ ਪੁਡੂਚਰੀ ਨਾਲ਼ ਸੰਬੰਧਤ ਮਾਹਿਰ ਵੱਲੋਂ ਲੋੜੀਂਦੇ ਸਨ। ਇਸ ਮਕਸਦ ਦੀ ਪੂਰਤੀ ਲਈ ਓਥੋਂ ਹੀ ਰਿਕਾਰਡ ਕਰਵਾ ਕੇ ਇਹ ਭਾਸ਼ਣ ਮੰਗਵਾ ਲਏ ਗਏ ਜਿਨ੍ਹਾਂ ਦਾ ਲੋੜ ਅਨੁਸਾਰ ਸੰਪਾਦਨ ਇੱਥੇ ਕੇਂਦਰ ਵਿੱਚ ਕੀਤਾ ਜਾਣਾ ਹੈ।

ਈ. ਐੱਮ. ਆਰ. ਸੀ. ਸਟੂਡੀਓ ਵਿੱਚ ਚੱਲ ਰਿਹਾ ਹੈ ਦਿਨ-ਰਾਤ ਕੰਮ; ਬਿਹਾਰ ਦੀ ਮਗਧ ਯੂਨੀਵਰਸਿਟੀ ਤੋਂ ਲੈ ਕੇ ਦੱਖਣੀ ਭਾਰਤ ਦੇ ਪੁਡੂਚਰੀ ਤੱਕ ਦੇ ਮਾਹਿਰ ਸ਼ਾਮਿਲ 

ਵਿਭਾਗ ਵਿਖੇ ਕਾਰਜਸ਼ੀਲ ਤਿੰਨ ਪ੍ਰੋਡਿਊਸਰ ਡਾ. ਕੁਲਪਿੰਦਰ ਸ਼ਰਮਾ, ਤੇਜਿੰਦਰ ਸ਼ਰਮਾ, ਚੰਦਨ ਦ੍ਰਾਵਿੜ ਅਤੇ ਜੂਨੀਅਰ ਰਿਸਰਚ ਅਫ਼ਸਰ ਮਨਪ੍ਰੀਤ ਸਿੰਘ ਬੁਢੈਲ ਨੇ ਦੱਸਿਆ ਕਿ ਸੁਵਖ਼ਤੇ ਹੀ ਕੈਮਰਾ ਰੋਲ ਹੋ ਜਾਂਦਾ ਹੈ ਜੋ ਦੇਰ ਰਾਤ ਤਕ ਚਲਦਾ ਰਹਿੰਦਾ ਹੈ।

ਚੰਦਨ ਦ੍ਰਾਵਿੜ ਨੇ ਇੱਕ ਦਿਨ ਦਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਸਵੇਰੇ ਸਵਾ ਦਸ ਵਜੇ ਤੱਕ, ਜਦੋਂ ਕਿ ਹਾਲੇ ਦਫ਼ਤਰਾਂ ਦੇ ਸ਼ੂਰੁ ਹੋਣ ਦਾ ਹੀ ਸਮਾਂ ਹੁੰਦਾ ਹੈ, ਓਦੋਂ ਤੱਕ ਸਟੂਡੀਓ ਵਿੱਚ ਛੇ ਭਾਸ਼ਣ ਰਿਕਾਰਡ ਹੋ ਚੁੱਕੇ ਸਨ। ਜ਼ਿਕਰਯੋਗ ਹੈ ਕਿ ਇੱਕ ਭਾਸ਼ਣ ਤਕਰੀਬਨ ਚਾਲ਼ੀ ਮਿੰਟ ਦੇ ਕਰੀਬ ਦਾ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਅਸ਼ੋਕ ਕੁਮਾਰ ਤਿਵਾੜੀ, ਜੋ ਇੱਕ ਦਿਨ ਸੁਵਖ਼ਤੇ ਹੀ ਆਪਣੀ ਕਸਰਤ ਕਰਨ ਲਈ ਸਟੂਡੀਓ ਦੇ ਨੇੜਲੇ ਖੇਡ ਮੈਦਾਨ ਵਿੱਚ ਆਏ ਸਨ ਉਹ ਅਚਨਚੇਤ ਇੱਥੇ ਚੱਲ ਰਹੇ ਕੰਮ ਕਾਜ ਨੂੰ ਵੇਖਣ ਲਈ ਪਹੁੰਚੇ। ਉਨ੍ਹਾਂ ਇਸ ਕੰਮ ਕਾਜ ਦੀ ਸ਼ਲਾਘਾ ਕੀਤੀ ਅਤੇ ਸੰਬੰਧਤ ਅਮਲੇ ਦੀ ਸ਼ਲਾਘਾ ਕੀਤੀ।