ਐਸ ਏ ਐਸ ਨਗਰ ਮੰਡੀਆਂ ਵਿੱਚ ਮਾਸਕ, ਹੱਥ ਧੋਣ ਅਤੇ ਸਮਾਜਕ ਵਿੱਥ ਸਬੰਧੀ ਢੁਕਵੇਂ ਪ੍ਰਬੰਧ
ਐਸ ਏ ਐਸ ਨਗਰ, 21 ਅਪਰੈਲ
ਕਣਕ ਦੀ ਖ਼ਰੀਦ ਸਬੰਧੀ ਕਰੋਨਾ ਤੋਂ ਬਚਾਅ ਦੇ ਮੱਦੇਨਜ਼ਰ ਮੰਡੀਆਂ ਵਿੱਚ ਹੱਥ ਥੋਣ, ਮਾਸਕ ਅਤੇ ਸਾਫ਼ ਸਫ਼ਾਈ ਦਾ ਢੁਕਵਾਂ ਪ੍ਰਬੰਧ ਹੈ ਤੇ ਕਿਸੇ ਵੀ ਕਿਸਮ ਦੀ ਕਮੀ ਸਾਹਮਣੇ ਆਉਣ ਤੇ ਉਸ ਨੂੰ ਫੌਰੀ ਦੂਰ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਵੱਲੋਂ ਲਾਗਤਾਰ ਮੰਡੀਆਂ ਵਿੱਚ ਵਿਚਰ ਕੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਇਹ ਗੱਲ ਦੱਸਦਿਆਂ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਰੇਨੂੰ ਬਾਲਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਮੰਡੀਆਂ ਵਿੱਚ ਕੋਰੋਨਾ ਤੋਂ ਬਚਾਅ ਸਬੰਧੀ ਉਚੇਚੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਣਕ ਦੀ ਖ਼ਰੀਦ ਸਬੰਧੀ ਮੰਡੀਆਂ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ।
ਮੰਡੀਆਂ ਵਿੱਚ ਫ਼ਸਲ ਦੀਆਂ ਢੇਰੀਆਂ ਤੈਅ ਵਿੱਥ ਉਤੇ ਲਗਵਾਉਣ ਦੇ ਮੱਦੇਨਜ਼ਰ ਮਾਰਕਿੰਗ ਕੀਤੀ ਗਈ ਹੈ ਤਾਂ ਜੋ ਸਮਾਜਕ ਵਿੱਥ ਯਕੀਨੀ ਬਣਾਈ ਜਾ ਸਕੇ। ਇਸ ਦੇ ਨਾਲ ਨਾਲ ਮੰਡੀਆਂ ਵਿੱਚ ਅਨਾਊਂਸਮੈਂਟਾਂ ਕਰਵਾ ਕੇ ਮੰਡੀਆਂ ਵਿੱਚ ਹਾਜ਼ਰ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਸਾਰੀਆਂ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਆ ਵੀ ਜਾ ਰਿਹਾ ਹੈ।
ਉਹਨਾਂ ਨੇ ਕਿਸਾਨਾਂ, ਆੜ੍ਹਤੀਆਂ ਸਮੇਤ ਹਰ ਉਸ ਵਿਅਕਤੀ, ਜਿਸ ਨੇ ਮੰਡੀਆਂ ਵਿੱਚ ਆਉਣਾ ਹੈ ਜਾਂ ਖ਼ਰੀਦ ਨਾਲ ਸਬੰਧਤ ਹੈ, ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਇਨ ਬਿਨ ਪਾਲਣਾ ਯਕੀਨੀ ਬਨਾਉਣ ਤਾਂ ਜੋ ਉਨ੍ਹਾਂ ਦਾ ਖੁਦ ਦਾ ਵੀ ਕੋਰੋਨਾ ਤੋਂ ਬਚਾਅ ਹੋ ਸਕੇ ਤੇ ਕੋਰੋਨਾ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਕਣਕ ਦੀ ਖ਼ਰੀਦ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ।