ਕਰਮਜੀਤ ਅਨਮੋਲ ਨੂੰ ਮਾਤ ਭਾਸ਼ਾ ਸੇਵਕ ਸਨਮਾਨ ਨਾਲ ਨਿਵਾਜਿਆ
ਪਟਿਆਲਾ (23 ਫ਼ਰਵਰੀ,2022)
ਮਾਤ ਭਾਸ਼ਾ ਜਾਗਰੂਕਤਾ ਮੰਚ, ਪੰਜਾਬ ਅਤੇ ਪਟਿਆਲਾ ਮੀਡੀਆ ਕਲੱਬ ਪਟਿਆਲਾ ਦੇ ਸਾਂਝੇ ਉੱਦਮ ਨਾਲ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪਾਸੀ ਰੋਡ ਸਥਿਤ ਪਟਿਆਲਾ ਮੀਡੀਆ ਕਲੱਬ ਦੇ ਵਿਹੜੇ ‘ਚ ਆਯੋਜਿਤ ਇਸ ਸਮਾਰੋਹ ਦੌਰਾਨ ਪ੍ਰਸਿੱਧ ਫ਼ਿਲਮ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੂੰ ਸਾਲ 2022 ਦਾ ਮਾਤ ਭਾਸ਼ਾ ਸੇਵਕ ਸਨਮਾਨ ਨਾਲ ਨਿਵਾਜਿਆ ਗਿਆ। ਸਮਾਰੋਹ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਕਾਰਜਕਾਰੀ ਨਿਰਦੇਸ਼ਕ ਡਾ. ਵੀਰਪਾਲ ਕੌਰ ਨੇ ਕੀਤੀ।
ਸਨਮਾਨ ਲੈਣ ਉਪਰੰਤ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਹਰ ਇਨਸਾਨ ਨੂੰ ਨਾ ਤਾਂ ਆਪਣੇ ਮੂਲ ਨੂੰ ਕਦੇ ਭੁੱਲਣਾ ਚਾਹੀਦਾ ਹੈ ਤੇ ਨਾ ਹੀ ਉਸ ਤੋਂ ਟੁੱਟਣਾ ਚਾਹੀਦਾ ਹੈ। ਆਪਣੀ ਉਦਾਹਰਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵੱਸ ਜਾਣ ਦੇ ਤੀਹ ਸਾਲ ਬਾਅਦ ਵੀ ਉਹ ਲਗਾਤਾਰ ਆਪਣੇ ਪਿੰਡ ਨਾਲ ਜੁੜੇ ਹੋਏ ਹਨ। ਪੇਂਡੂ ਪੁਕਾਰੇ ਜਾਣ ਤੇ ਉਹ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਪੰਜਾਬੀ ਮਾਂ ਬੋਲੀ ਇੱਕ ਮਾਂ ਵਾਂਗ ਹੀ ਲਗਾਤਾਰ ਉਨ੍ਹਾਂ ਨੂੰ ਪਾਲ ਰਹੀ ਹੈ ਤੇ ਮਾਂ ਦੇ ਸੇਵਕ ਵਜੋਂ ਸਨਮਾਨੇ ਜਾਣ ਤੇ ਉਹ ਪ੍ਰਸੰਨ ਹਨ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਦੀ ਪ੍ਰਫੁੱਲਤਾ ਲਈ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਹੀ ਸੰਵਾਦ ਰਚਾਉਣਾ ਚਾਹੀਦਾ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਡਾ. ਵੀਰਪਾਲ ਕੌਰ ਨੇ ਮਾਤ ਭਾਸ਼ਾ ਜਾਗਰੂਕਤਾ ਮੰਚ ਅਤੇ ਪਟਿਆਲਾ ਮੀਡੀਆ ਕਲੱਬ ਵੱਲੋਂ ਪੰਜਾਬੀ ਮਾਤ ਭਾਸ਼ਾ ਦੇ ਹਿੱਤ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਨਵਦੀਪ ਢੀਂਗਰਾ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਫ਼ਿਲਮ ਨਿਰਦੇਸ਼ਕ ਹਰੀਸ਼ ਨੇ ਕਰਮਜੀਤ ਅਨਮੋਲ ਦੇ ਜੀਵਨ ਅਤੇ ਯੋਗਦਾਨ ਬਾਰੇ ਦੱਸਿਆ। ਮੰਚ ਦੇ ਸਹਿ-ਸੰਯੋਜਕ ਅਮਨ ਅਰੋੜਾ ਨੇ ਮੰਚ ਦੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸੰਯੋਜਕ ਗੁਰਮਿੰਦਰ ਸਮਦ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਐਡਵੋਕੇਟ ਹਰਬੰਸ ਸਿੰਘ ਕਨਸੂਹਾ ਕਲਾਂ ਨੇ ਮਾਤ ਭਾਸ਼ਾ ਨੂੰ ਸਮਰਪਿਤ ਗੀਤ ਸੁਣਾਇਆ। ਮੰਚ ਦਾ ਸੰਚਾਲਨ ਮੀਡੀਆ ਕਲੱਬ ਸਕੱਤਰ ਗੁਰਵਿੰਦਰ ਸਿੰਘ ਔਲਖ ਨੇ ਤੇ ਸਾਬਾਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਮਾਤ ਭਾਸ਼ਾ ਦਿਵਸ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਣ ਵਿਸਥਾਰ ਮੰਡਲ ਪਟਿਆਲਾ ਵੱਲੋਂ ਵਣ ਰੇੰਜ ਅਫ਼ਸਰ ਸੁਰਿੰਦਰ ਸ਼ਰਮਾ, ਸੁਪਰਡੈਂਟ ਪਰਮਜੀਤ ਕੌਰ, ਬੀਟ ਅਫ਼ਸਰ ਹਰਦੀਪ ਸ਼ਰਮਾ ਨੇ ਮੀਡੀਆ ਕਲੱਬ ਦੇ ਵਿਹੜੇ ‘ਚ ਕਰਮਜੀਤ ਅਨਮੋਲ ਅਤੇ ਡਾ. ਵੀਰਪਾਲ ਕੌਰ ਕੋਲੋਂ ਆਮਰਪਾਲੀ ਅੰਬ ਦੇ ਪੌਦੇ ਲਗਵਾਏ।
ਇਸ ਮੌਕੇ ਤੇ ਸਮਾਜ ਸੇਵੀ ਹਰਜੋਤ ਟਿਵਾਣਾ, ਐਡਵੋਕੇਟ ਸਲੀਮ ਵਰਾਲ, ਵਿਨੋਦ ਬਾਲੀ, ਰਵਿੰਦਰ ਭੋਲਾ, ਐਡਵੋਕੇਟ ਅਕਾਸ਼, ਕੇਸ਼ਵ ਬਲਰਾਮ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।
