ਕਾਲਜ ਅਧਿਆਪਕ ਯੂਨੀਅਨ ਨੇ ਅਕਾਲੀ ਦਲ ਨੂੰ ਚੋਣ ਮੈਨੀਫੈਸਟੋ ਵਿੱਚ ਮੰਗਾਂ ਸ਼ਾਮਿਲ ਕਰਨ ਲਈ ਦਿੱਤਾ ਮੰਗ ਪੱਤਰ

139

ਕਾਲਜ ਅਧਿਆਪਕ ਯੂਨੀਅਨ ਨੇ ਅਕਾਲੀ ਦਲ ਨੂੰ ਚੋਣ ਮੈਨੀਫੈਸਟੋ ਵਿੱਚ ਮੰਗਾਂ ਸ਼ਾਮਿਲ ਕਰਨ ਲਈ ਦਿੱਤਾ ਮੰਗ ਪੱਤਰ

ਫ਼ਤਹਿਗੜ੍ਹ ਸਾਹਿਬ(24 ਜਨਵਰੀ,2022)

ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਜਥੇਬੰਦੀ ਦੇ ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਕੌਂਸਲ ਦੇ ਜ਼ਿਲ੍ਹਾ ਪ੍ਰਧਾਨ ਡਾ. ਬਿਕਰਮਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਕਾਲਜ ਦੇ ਅਧਿਆਪਕਾਂ ਦੇ ਵਫ਼ਦ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਜਗਦੀਪ ਸਿੰਘ ਚੀਮਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਨਾਮ ਤੇ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ.ਬਿਕਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੰਗ ਪੱਤਰ ਵਿਚ ਯੂ.ਜੀ.ਸੀ. ਦਾ 7ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਅਤੇ ਯੂ.ਜੀ.ਸੀ. ਨਾਲੋਂ ਸਕੇਲ ਡੀਲਿੰਕ ਕਰਨ ਵਾਲਾ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲਿਆ ਗਿਆ ਫ਼ੈਸਲਾ ਵਾਪਸ ਕਰਨ ਦੀਆਂ ਮੰਗਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਚ ਸ਼ਾਮਲ ਕਰਨ ਦੀ ਅਪੀਲ ਕੀਤੀ ਗਈ ਹੈ। ਸ਼੍ਰੋਮਣੀ  ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘ ਚੀਮਾ ਨੇ ਯਕੀਨ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ  ਯੂ.ਜੀ.ਸੀ ਦਾ 7ਵਾਂ ਵੇਤਨ ਕਮਿਸ਼ਨ ਲਾਗੂ ਕੀਤਾ ਜਾਵੇਗਾ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਾਲੋਂ ਸਕੇਲ  ਡੀਲਿੰਕ ਕਰਨ ਵਾਲਾ ਕਾਂਗਰਸ ਸਰਕਾਰ ਦਾ ਫੈਸਲਾ ਰੱਦ ਕੀਤਾ ਜਾਵੇਗਾ।

ਚੀਮਾ  ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਾਰੇ ਭਾਰਤ ਵਿੱਚ ਇਹ ਸਕੇਲ ਲਾਗੂ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਕਾਂਗਰਸੀ ਸਰਕਾਰ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੂੰ ਇਹ ਸਕੇਲ ਨਹੀਂ ਦਿੱਤੇ ਅਤੇ ਕਾਂਗਰਸ ਸਰਕਾਰ ਨੇ ਉਚੇਰੀ ਵਿੱਦਿਆ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

ਕਾਲਜ ਅਧਿਆਪਕ ਯੂਨੀਅਨ ਨੇ ਅਕਾਲੀ ਦਲ ਨੂੰ ਚੋਣ ਮੈਨੀਫੈਸਟੋ ਵਿੱਚ ਮੰਗਾਂ ਸ਼ਾਮਿਲ ਕਰਨ ਲਈ ਦਿੱਤਾ ਮੰਗ ਪੱਤਰ

ਚੀਮਾ ਨੇ ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਕਾਲਜਿਜ਼ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਡਾ.ਵਿਨੇ ਸੋਫਤ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ 1986,1996,ਅਤੇ 2006 ਵਾਲੇ ਸਕੇਲ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਲਾਗੂ ਕੀਤੇ ਗਏ ਸਨ ਅਤੇ ਅੱਗੇ ਤੋਂ ਵੀ ਪੰਜਾਬ ਦੀ ਤਰੱਕੀ ਲਈ ਸਿਹਤ ਅਤੇ ਵਿੱਦਿਅਕ ਮਾਮਲਿਆਂ ਨੂੰ ਤਰਜੀਹ ਦਿਤੀ ਜਾਵੇਗੀ।

ਡਾ. ਵਿਨੇ ਸੋਫਤ ਨੇ ਚੀਮਾ ਵੱਲੋਂ ਹਾਂ ਪੱਖੀ ਹੁੰਗਾਰੇ ਅਤੇ ਭਰੋਸੇ ਲਈ ਧੰਨਵਾਦ ਕੀਤਾ।

ਇਸ ਮੌਕੇ ਤੇ ਡਾ.ਹਰਜੀਤ ਸਿੰਘ , ਪ੍ਰੋ.ਜੁਪਿੰਦਰ ਸਿੰਘ , ਡਾ.ਜਗਪਾਲ ਸਿੰਘ , ਡਾ.ਤਜਿੰਦਰ ਸਿੰਘ, ਡਾ. ਹਰਜੀਤ ਕੌਰ ਅਤੇ ਯੂਨੀਅਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ ।