ਕੇਂਦਰ ਦੇ ਅੜਬ ਰਵੱਈਏ ਕਾਰਨ ਬਾਰਦਾਨੇ ਦੀ ਕਮੀ ਵਧਾ ਸਕਦੀ ਹੈ ਕਿਸਾਨ ਦੀਆਂ ਮੁਸ਼ਕਲਾਂ

177

ਕੇਂਦਰ ਦੇ ਅੜਬ ਰਵੱਈਏ ਕਾਰਨ ਬਾਰਦਾਨੇ ਦੀ ਕਮੀ ਵਧਾ ਸਕਦੀ ਹੈ ਕਿਸਾਨ ਦੀਆਂ ਮੁਸ਼ਕਲਾਂ

ਫ਼ਤਹਿਗੜ੍ਹ ਸਾਹਿਬ, ਨਵੰਬਰ 01

ਕੇਂਦਰ ਦੇ ਅੜਬ ਰਵਈਏ ਕਾਰਨ ਮਾਲ ਗੱਡੀਆਂ ਨਾਲ ਚੱਲਣ ਕਾਰਨ ਲੋਕਾਂ ਤੇ ਆਪਣੇ ਹੱਕਾਂ ਲਈ ਜੂਝ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਹੈ। ਕੋਲੇ ਦੀ ਸਪਲਾਈ ਨਾ ਹੋਣ ਕਾਰਨ ਜਿੱਥੇ ਬਿਜਲੀ ਸੰਕਟ ਮੂੰਹ ਅੱਡੀਂ ਖੜ੍ਹਾ ਹੈ, ਉਥੇ ਬਾਰਦਾਨੇ ਦੀ ਕਮੀਂ ਕਾਰਨ ਝੋਨੇ ਦੀ ਖ਼ਰੀਦ ਪ੍ਰਭਾਵਿਤ ਹੋਣ ਲੱਗੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 22.05 ਕਰੋੜ ਬੋਰੀਆਂ ਮਾਲ ਗੱਡੀਆਂ ਨਾ ਚੱਲਣ ਕਾਰਨ ਦਿੱਲੀ ਅਤੇ ਮੁਰਾਦਾਬਾਦ ਵਿਖੇ ਪਈਆਂ ਹਨ ਤੇ ਪੰਜਾਬ ਦਾ ਕਿਸਾਨ ਕੇਂਦਰ ਦੇ ਰਵੱਈਏ ਕਾਰਨ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੈ। ਇਸ ਦੇ ਨਾਲ ਹੀ ਕੱਚਾ ਮਾਲ ਨਾ ਆਉਣ ਕਾਰਨ ਸਨਅੱਤੀ ਖੇਤਰ ਵੀ ਪ੍ਰਭਾਵਿਤ ਹੋ ਰਿਹਾ ਹੈ ਤੇ ਸੂਬੇ ਵਿੱਚ ਆਰਥਿਕ ਸੰਕਟ ਹੋਰ ਗੰਭੀਰ ਹੋਣ ਦਾ ਖ਼ਦਸ਼ਾ ਵੀ ਬਣ ਗਿਆ ਹੈ।

ਇਸ ਬਾਰੇ ਹੋਰ ਗੱਲਬਾਤ ਕਰਦਿਆਂ ਜਿ਼ਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਨੇ ਕਿਹਾ ਕਿ ਕੇਂਦਰ ਦੇ ਰਵੱਈਏ ਕਾਰਨ ਬਾਰਦਾਨਾ ਪੰਜਾਬ ਨਹੀਂ ਪੁੱਜ ਰਿਹਾ ਹੈ ਤੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਖਾਦ ਦੀ ਸਪਲਾਈ ਵੀ ਮਾਲ ਗੱਡੀਆਂ ‘ਤੇ ਨਿਰਭਰ ਹੋਣ ਕਾਰਨ, ਯੂਰੀਆ ਅਤੇ ਡੀ ਏ ਪੀ ਦਾ ਸੰਕਟ ਬਣਨ ਦੇ ਆਸਾਰ ਬਣ ਗਏ ਹਨ।

ਕੇਂਦਰ ਦੇ ਅੜਬ ਰਵੱਈਏ ਕਾਰਨ ਬਾਰਦਾਨੇ ਦੀ ਕਮੀ ਵਧਾ ਸਕਦੀ ਹੈ ਕਿਸਾਨ ਦੀਆਂ ਮੁਸ਼ਕਲਾਂ-Photo courtesy-Internet

ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੜੀਅਲ ਰਵਈਆ ਅਪਣਾ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਕਠਿਨਾਈ ਝੱਲਣੀ ਪੈ ਰਹੀ ਹੈ। ਕਿਸਾਨੀ ਮੰਗਾਂ ਕਾਰਨ ਕੇਂਦਰ ਵੱਲੋਂ ਅਪਣਾਇਆ ਇਹ ਰਵਈਆ ਨਿੰਦਣਯੋਗ ਹੈ ਅਤੇ ਅਜਿਹਾ ਦੇਸ਼ ਵਿੱਚ ਪਹਿਲਾਂ ਕਦੀ ਨਹੀਂ ਹੋਇਆ। ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਅੰਨ ਭੰਡਾਰ ਭਰਨ ਲਈ ਆਪਣੇ ਸਰੋਤ ਮੁਕਾ ਲਏ ਅਤੇ ਅੱਜ ਜਦੋਂ ਕਿਸਾਨੀ ਹੱਕਾਂ ਦੀ ਗੱਲ ਉਠੀ ਹੈ ਤਾਂ ਕੇਂਦਰ ਸਰਕਾਰ ਘਟੀਆ ਰਾਜਨੀਤੀ ‘ਤੇ ਉਤਰ ਆਈ ਹੈ। ਵੱਡੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਰੇਲਵੇ ਟ੍ਰੈਕ ਖਾਲੀ ਕਰਨ ਤੋਂ ਬਾਅਦ ਕੇਂਦਰ ਵੱਲੋਂ ਰੇਲਵੇ ਟ੍ਰੈਕਾਂ ਦੀ ਸੁਰੱਖਿਆ ਦੀ ਸ਼ਰਤ ਲਾ ਕੇ ਮਾਲ ਗੱਡੀਆਂ ਦੀ ਪੰਜਾਬ ‘ਚ ਆਵਾਜਾਈ ਰੋਕ ਦਿੱਤੀ ਗਈ ਹੈ, ਜਿਸ ਦਾ ਖਮਿਆਜ਼ਾ ਕਿਸਾਨਾਂ, ਵਪਾਰੀਆਂ, ਸਨਅਤਕਾਰਾਂ ਅਤੇ ਹੋਰ ਰੇਲ ਟ੍ਰਾਂਸਪੋਰਟ ਨਾਲ ਜੁੜੇ ਵਰਗਾਂ ਨੂੰ ਭੁਗਤਣਾ ਪੈ ਰਿਹਾ ਹੈ।

ਮਾਰਕਿਟ ਕਮੇਟੀ ਸਰਹਿੰਦ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਮਾਵੀ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਕਿਸਾਨੀ ਨਾਲ ਜੁੜੀ ਹੋਈ ਹੈ ਅਤੇ ਜੇਕਰ ਕਿਸਾਨ ਹੀ ਘਾਟੇ ਵਿੱਚ ਰਹਿਣਗੇ ਤਾਂ ਦੇਸ਼ ਦੀ ਆਰਥਿਕਤਾ ਵੀ ਮੰਦਹਾਲੀ ਵਿੱਚ ਚਲੀ ਜਾਵੇਗੀ ਅਤੇ ਇਸ ਗੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਜਿੰਮੇਵਾਰ ਹਨ ਕਿਉਂਕਿ ਉਨ੍ਹਾਂ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਮਾਲ ਗੱਡੀਆਂ ਰੁਕਵਾ ਦਿੱਤੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਅਸਰ ਸਿਰਫ ਪੰਜਾਬ ‘ਤੇ ਹੀ ਨਹੀਂ ਸਗੋਂ ਪੂਰੇ ਦੇਸ਼ ‘ਤੇ ਪਵੇਗਾ।