ਜ਼ੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ -ਸਤਬੀਰ ਸਿੰਘ ਦਰਦੀ ਨੂੰ ਸ਼ਰਧਾਂਜਲੀ

319

ਜ਼ੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ -ਸਤਬੀਰ ਸਿੰਘ ਦਰਦੀ ਨੂੰ ਸ਼ਰਧਾਂਜਲੀ

ਅਮ੍ਰਿਤਪਾਲ ਸਿੰਘ/ ਪਟਿਆਲਾ

“ਜ਼ੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ”ਸ਼ਿਵ ਕੁਮਾਰ ਬਟਾਲਵੀ ਦੇ ਇਹ ਬੋਲ ਬੜੇ ਗਹਿਰੇ ਅਰਥ ਰੱਖਦੇ ਨੇ ਅਤੇ ਇਨ੍ਹਾਂ ਅਰਥਾਂ ਦੀ ਸਮਝ ਸਾਨੂੰ ਹੁਣ ਉਸ ਵੇਲੇ ਹੋਰ ਵਧੇਰੇ ਗਹਿਰਾਈ ਨਾਲ ਆਈ ਹੈ ਜਦੋਂ ਸਾਡੇ ਹਰ ਦਿਲ ਅਜ਼ੀਜ਼ ਚੜ੍ਹਦੀਕਲਾ ਟਾਈਮ ਟੀਵੀ ਦੇ ਡਾਇਰੈਕਟਰ  ਸਤਬੀਰ ਸਿੰਘ ਦਰਦੀ ਸਾਨੂੰ ਸਭ ਨੂੰ ਉਸ ਵੇਲੇ ਸਦੀਵੀਂ ਵਿਛੋੜਾ ਦੇ ਗਏ ਹਨ ਜਦੋਂ ਉਨ੍ਹਾਂ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਸੀ।

ਭਾਂਵੇਂ ਉਹ ਜਿਸਮਾਨੀ ਤੌਰ ਤੇ ਸਾਡੇ ਤੋਂ ਵਿਛੜ ਗਏ ਹਨ ਪਰ ਉਹ ਅਜਿਹੇ ਫੁੱਲ ਬਣ ਚੁੱਕੇ ਹਨ ਜਿਨ੍ਹਾਂ ਦੀ ਮਹਿਕ ਹਮੇਸ਼ਾਂ ਰਹੇਗੀ ਅਤੇ ਪੱਤਰਕਾਰੀ ਦੇ ਅੰਬਰ ਵਿੱਚ ਉਹ ਸਦਾ ਚਮਕਦੇ ਰਹਿਣ ਵਾਲੇ ਸਿਤਾਰੇ ਬਣ ਗਏ ਹਨ। ਉਨ੍ਹਾ ਦੇ ਜੀਵਨ ਦੀ ਛੋਟੀ ਜਿਹੀ ਝਲਕ ਪੇਸ਼ ਹੈ:- ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ  ਜਗਜੀਤ ਸਿੰਘ ਦਰਦੀ ਦੇ ਗ੍ਰਹਿ ਵਿਖੇ ਮਾਤਾ ਸਰਦਾਰਨੀ ਜਸਵਿੰਦਰ ਕੌਰ ਦਰਦੀ ਦੀ ਕੁੱਖੋਂ  ਸਤਬੀਰ ਸਿੰਘ ਦਰਦੀ ਨੇ 11 ਮਾਰਚ1978 ਵਿੱਚ ਜਨਮ ਲਿਆ।

ਮੋਦੀ ਕਾਲਜ ਪਟਿਆਲਾ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਤੋਂ ਐੱਮ ਬੀ ਏ ਦੀ ਡਿਗਰੀ ਹਾਸਲ ਅਤੇ ਵਾਪਸ ਆ ਕੇ ਆਪਣੇ ਪਿਤਾ  ਜਗਜੀਤ ਸਿੰਘ ਦਰਦੀ ਅਤੇ ਵੱਡੇ ਭਰਾ  ਹਰਪ੍ਰੀਤ ਸਿੰਘ ਦਰਦੀ ਦੇ ਨਾਲ ਰੋਜ਼ਾਨਾ ਚੜ੍ਹਦੀਕਲਾ ਅਖ਼ਬਾਰ,ਚੜ੍ਹਦੀਕਲਾ ਟਾਈਮ ਟੀਵੀ ਚੈਨਲ ਅਤੇ ਗੁਰੂਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਪ੍ਰਬੰਧਾਂ ਨੂੰ ਸੰਭਾਲਣਾ ਸ਼ੁਰੂ ਕੀਤਾ।

ਸਤਬੀਰ ਸਿੰਘ ਦਰਦੀ ਆਪਣੇ ਮਿਠਬੋਲੜੇ ਅਤੇ ਮਿਲਾਪੜੇ ਸੁਭਾਅ ਕਾਰਨ ਪੱਤਰਕਾਰ ਭਾਇਚਾਰੇ ਵਿੱਚ ਹਰਮਨ ਪਿਆਰੇ ਹੋ ਗਏ ਸਨ। ਉਨ੍ਹਾ ਨੇ ਚੈਨਲ ਅਤੇ ਅਖ਼ਬਾਰ ਦੇ ਬਿਜਨੈਸ ਨੂੰ ਉਸ ਵੇਲੇ ਵੱਖ ਵੱਖ ਥਾਵਾਂ ਤੇ ਵੱਖ ਵੱਖ ਏਜੰਸੀਆਂ ਤੇ ਕੰਪਨੀਆਂ ਨਾਲ ਤਾਲਮੇਲ ਕਰਕੇ ਬੁਲੰਦੀਆਂ ਤੇ ਪਹੁੰਚਾਇਆ ਜਦੋਂ ਮੀਡੀਆ ਦੀ ਮਾਰਕੀਟ ਮੰਦਹਾਲੀ ਦਾ ਸ਼ਿਕਾਰ ਸੀ।

ਜ਼ੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ -ਸਤਬੀਰ ਸਿੰਘ ਦਰਦੀ ਨੂੰ ਸ਼ਰਧਾਂਜਲੀ

ਆਪਣੇ ਪਿਤਾ  ਜਗਜੀਤ ਸਿੰਘ ਦਰਦੀ ਦੇ ਨਕਸ਼ੇ ਕਦਮਾਂ ਤੇ ਚਲਦਿਆਂ  ਸਤਬੀਰ ਸਿੰਘ ਦਰਦੀ ਨੇ ਪੱਤਰਕਾਰੀ ਦੇ ਖੇਤਰ ਵਿੱਚ ਉਹ ਮੁਕਾਮ ਹਾਸਲ ਕੀਤਾ ਕਿ  ਜਗਜੀਤ ਸਿੰਘ ਦਰਦੀ ਤਾਂ ਉਨ੍ਹਾਂ ਤੇ ਮਾਣ ਮਹਿਸੂਸ ਕਰਨ ਹੀ ਲੱਗੇ ਇਸਦੇ ਨਾਲ ਹੀ ਉਨ੍ਹਾਂ ਨੂੰ ਵੱਖ ਵੱਖ ਸੰਸਥਾਵਾਂ ਅਤੇ ਸਰਕਾਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

ਸਤਬੀਰ ਸਿੰਘ ਦਰਦੀ ਨੇ ਆਪਣੀ ਕਾਬਲੀਅਤ ਦਾ ਪ੍ਰਕਾਸ਼ ਕੇਵਲ ਭਾਰਤ ਵਿੱਚ ਹੀ ਨਹੀਂ ਬਖੇਰਿਆ ਸਗੋਂ ਵਿਸ਼ਵ ਭਰ ਵਿੱਚ ਜਾ ਆਪਣੇ ਪਿਤਾ ਦਾ ਅਤੇ ਅਦਾਰਾ ਚੜ੍ਹਦੀਕਲਾ ਦਾ ਨਾਮ ਰੌਸ਼ਨ ਕੀਤਾ। ਸੰਨ 2003 ਵਿੱਚ ਭਾਰਤ ਪ੍ਰਧਾਨ ਮੰਤਰੀ ਦੇ ਕੈਨੇਡਾ ਦੌਰੇ ਨੂੰ ਕਵਰ ਕਰਨ ਲਈ ਗਏ, 2007 ਵਿੱਚ ਜਰਮਨੀ ਵਿਚ ਕਰਵਾਏ ਗਏ G20 ਸੰਮੇਲਨ ਵਿੱਚ ਸਤਬੀਰ ਸਿੰਘ ਦਰਦੀ ਭਾਰਤੀ ਮੀਡੀਆ ਟੀਮ ਦਾ ਹਿੱਸਾ ਬਣੇ,2010 ਵਿੱਚ  ਸਤਬੀਰ ਸਿੰਘ ਦਰਦੀ  ਟਰਾਂਟੋ ਵਿਖੇ ਹੋਈ ਗਲੋਬਲ ਫਨਾਇਸ਼ਲ ਸਿਸਟਮ ਦੀ ਮੀਟਿੰਗ ਨੂੰ ਕਵਰ ਕਰਨ ਲਈ ਗਏ, ਸਾਲ 2015 ਵਿੱਚ ਇਨ੍ਹਾਂ ਨੇ ਤੁਰਕੀ ਵਿਖੇ ਆਰਥਿਕ ਸੁਧਾਰਾਂ ਬਾਰੇ ਹੋਏ ਪ੍ਰੋਗਰਾਮ ਵਿੱਚ  ਅਦਾਰਾ ਚੜ੍ਹਦੀਕਲਾ ਦੀ ਨੁਮਾਇੰਦਗੀ ਕੀਤੀ, ਯੂ ਕੇ ਵੇਲਕਮ ਮੋਦੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਡੀਆ ਟੀਮ ਵਿੱਚ ਸ਼ਾਮਲ ਹੋਏ, ਇਸੇ ਤਰ੍ਹਾਂ  ਦੱਖਣੀ ਅਫਰੀਕਾ, ਫਰਾਂਸ, ਬ੍ਰਾਜ਼ੀਲ, ਮਨੀਲਾ, ਫਿਲੀਪਨਜ,ਟੋਕੀਓ, ਨਿਊਜ਼ੀਲੈਂਡ, ਬਰਲਿਨ ਆਦਿ ਦੇਸ਼ਾਂ ਵਿੱਚ ਜਾ ਕੇ ਅਦਾਰਾ ਚੜ੍ਹਦੀਕਲਾ ਦਾ ਮਾਣ ਵਧਾਇਆ।

ਪੱਤਰਕਾਰੀ ਦੇ ਨਾਲ ਨਾਲ ਸਮਾਜ ਸੇਵਾ ਦੇ ਕਾਰਜ਼ਾਂ ਵਿੱਚ  ਸਤਬੀਰ ਸਿੰਘ ਦਰਦੀ ਨੇ ਲੋਕਾਂ ਦਾ ਪਿਆਰ ਇਸ ਕਦਰ ਹਾਸਲ ਕੀਤਾ ਕਿ ਹਰੇਕ ਵਿਅਕਤੀ ਉਨ੍ਹਾ ਨੂੰ ਆਪਣਾ ਸਮਝਦਾ ਸੀ। ਛੋਟੀ ਉਮਰ ਵਿੱਚ ਉਨ੍ਹਾ ਵੱਲੋ ਕੀਤੀਆਂ ਵੱਡੀਆਂ ਪ੍ਰਾਪਤੀਆਂ ਨੂੰ ਇੰਨੇ ਥੋੜ੍ਹੇ ਸਮੇਂ ਵਿੱਚ ਗਿਣਾਇਆ ਨਹੀਂ ਸਕਦਾ ਪਰ ਆਖਿਰ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਸਤਬੀਰ ਸਿੰਘ ਦਰਦੀ ਦੇ ਅਕਾਲ ਚਲਾਣਾ ਕਰ ਜਾਣ ਨਾਲ ਜਿੱਥੇ ਅਦਾਰਾ ਚੜ੍ਹਦੀਕਲਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਹੀ  ਸਤਬੀਰ ਸਿੰਘ ਦਰਦੀ, ਦੋਸਤਾਂ ਮਿੱਤਰਾਂ , ਮਾਪਿਆਂ , ਆਪਣੀ ਪਤਨੀ ਡਾ. ਗੁਰਲੀਨ ਕੌਰ ਦਰਦੀ, ਬੇਟੀ ਜਪੁਜੀ ਕੌਰ ਅਤੇ ਬੇਟੇ ਏਕਮਬੀਰ ਸਿੰਘ ਦੇ ਮਨਾਂ ਨੂੰ ਕਦੇ ਨਾ ਖ਼ਤਮ ਹੋਣ ਵਾਲਾ ਦਰਦ ਦੇ ਗਏ ਹਨ। ਅਕਾਲ ਪੁਰਖ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ।

 

ਅਮ੍ਰਿਤਪਾਲ ਸਿੰਘ (9711117048 )