ਜੈਨ ਕਲਾ ਅਤੇ ਸਭਿਆਚਾਰਕ ਵਿਰਾਸਤ ਨਾਮੀ ਸੈਮੀਨਾਰ ਸਫਲਤਾ ਪੂਰਵਕ ਸੰਪੰਨ
ਪਟਿਆਲਾ, 15 ਮਾਰਚ:
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸ਼ੋਭਾ ਸਿੰਘ ਫਾਈਨ ਆਰਟਸ ਵਿਭਾਗ ਅਤੇ ਮਿਊਜ਼ੀਅਮ ਐਂਡ ਆਰਟ ਗੈਲਰੀ ਵੱਲੋਂ ਆਲ ਇੰਡੀਆ ਦਿਗੰਬਰ ਜੈਨ ਹੈਰੀਟੇਜ਼ ਪਰੀਜ਼ਰਵੇਸ਼ਨ ਆਰਗੇਨਾਈਜੇਸ਼ਨ (ਏ.ਆਈ.ਡੀ.ਜੇ. ਐੱਚ.ਪੀ.ਓ.) ਦੇ ਵਿੱਤੀ ਸਹਿਯੋਗ ਨਾਲ ਕਰਵਾਇਆ ਗਿਆ ਰਾਸ਼ਟਰੀ ਸੈਮੀਨਾਰ ਸਫਲਤਾ ਪੂਰਵਕ ਸੰਪੰਨ ਹੋ ਗਿਆ। ‘ਜੈਨ ਕਲਾ ਅਤੇ ਸਭਿਆਚਾਰਕ ਵਿਰਾਸਤ’ ਨਾਮੀ ਇਸ ਸੈਮੀਨਾਰ ਦੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਜਿੱਥੇ ਪੰਜਾਬੀ ਯੂਨੀਵਰਸਿਟੀ ਕੋਲ ਢੁਕਵਾਂ ਅਕਾਦਮਿਕ ਪ੍ਰਬੰਧ ਅਤੇ ਹੋਰ ਸੁਵਿਧਾਵਾਂ ਹਨ ਉੱਥੇ ਹੀ ਏ.ਆਈ.ਡੀ.ਜੇ.ਐੱਚ.ਪੀ.ਓ. ਕੋਲ ਫੰਡ ਹਨ। ਇਸ ਲਈ ਦੋਹੇਂ ਸੰਸਥਾਵਾਂ ਖੋਜ ਦੇ ਕੁੱਝ ਖੇਤਰਾਂ ਵਿਚ ਸਾਂਝੇ ਕਾਰਜ ਕਰ ਸਕਦੀਆਂ ਹਨ। ਇਸ ਮਕਸਦ ਲਈ ਯੂਨੀਵਰਸਿਟੀ ਦਾ ਧਰਮ ਅਧਿਐਨ ਵਿਭਾਗ ਅਤੇ ਇਤਿਹਾਸ ਵਿਭਾਗ ਵੀ ਅਕਾਦਮਿਕ ਸਾਂਝੇਦਾਰੀ ਕਾਇਮ ਕਰ ਸਕਦੇ ਹਨ। ਫਾਈਨ ਆਰਟਸ ਦੇ ਵਿਦਿਆਰਥੀਆਂ ਵੱਲੋਂ ਜੈਨ ਧਰਮ ਨਾਲ ਸੰਬੰਧਤ ਬਣਾਈਆਂ ਤਸਵੀਰਾਂ ਬਾਰੇ ਵੀ ਡਾ. ਘੁੰਮਣ ਨੇ ਸੁਝਾਇਆ ਕਿ ਇਨ੍ਹਾਂ ਨੂੰ ਸਭਾ ਦੇ ਵਖ-ਵਖ ਕੇਂਦਰਾਂ ਵਿਚ ਸਥਾਪਿਤ ਕੀਤਾ ਜਾ ਸਕਦਾ ਹੈ।
ਏ.ਆਈ.ਡੀ.ਜੇ. ਐੱਚ.ਪੀ.ਓ. ਦੇ ਰਾਸ਼ਟਰੀ ਪ੍ਰਧਾਨ ਡਾ. ਨਿਰਮਲ ਜੈਨ ਸੇਠੀ ਨੇ ਇਸ ਮੌਕੇ ਵਾਅਦਾ ਕੀਤਾ ਕਿ ਜੋ ਵੀ ਵਿਅਕਤੀ ਜੈਨ ਧਰਮ ਅਤੇ ਇਸ ਦੇ ਤੁਲਨਾਤਮਕ ਅਧਿਐਨ ਦੇ ਖੇਤਰ ਵਿਚ ਖੋਜ ਕਰਨ ਦੀ ਇੱਛਾ ਪ੍ਰਗਟਾਏਗਾ ਉਸ ਨੂੰ ਉਨ੍ਹਾਂ ਦੀ ਸੰਸਥਾ ਵੱਲੋਂ ਫੈਲੋਸਿ਼ਪ ਦੇ ਰੂਪ ਵਿਚ ਵਿੱਤੀ ਮਦਦ ਮੁਹਈਆ ਕਰਵਾਈ ਜਾਵੇਗੀ। ਇਸ ਸੰਬੰਧੀ ਉਨ੍ਹਾਂ ਵੱਲੋਂ ਯੂਨੀਵਰਸਿਟੀ ਨਾਲ ਇਕਰਾਰਨਾਮਾ ਕਰਨ ਬਾਰੇ ਵੀ ਐਲਾਨ ਕੀਤਾ। ਉਨ੍ਹਾਂ ਦੱਸਿਆਕਿ ਜੈਨ ਧਰਮ ਦੇ ਖੇਤਰ ਵਿਚ ਹਾਲੇ ਬਹੁਤ ਸਾਰਾ ਖੋਜ ਕਾਰਜ ਹੋਣਾ ਲੋੜੀਂਦਾ ਹੈ।
ਵਿਦਾਇਗੀ ਭਾਸ਼ਣ ਡਾ. ਜਿਗਰ ਮੁਹੰਮਦ ਵੱਲੋਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੈਨ ਧਰਮ ਦਾ ਬਾਕੀ ਧਰਮਾਂ ਉੱਪਰ ਵੀ ਪ੍ਰਭਾਵ ਰਿਹਾ ਹੈ। ਵਿਭਾਗ ਮੁਖੀ ਡਾ. ਅੰਬਾਲਿਕਾ ਸੂਦ ਜੈਕੋਬ ਵੱਲੋਂ ਧੰਨਵਾਦ ਸੰਬੰਧੀ ਰਸਮੀ ਭਾਸ਼ਣ ਦਿੱਤਾ ਗਿਆ।