ਡਾ. ਅਰਵਿੰਦ ਵੱਲੋਂ ਅਕਾਲਗੜ੍ਹ ਪਿੰਡ ਦੇ ਸਕੂਲ ਦਾ ਦੌਰਾ ਕੀਤਾ ਗਿਆ- ਡਾ. ਰਿਤੂ ਲਹਿਲ

326

ਡਾ. ਅਰਵਿੰਦ ਵੱਲੋਂ ਅਕਾਲਗੜ੍ਹ ਪਿੰਡ ਦੇ ਸਕੂਲ ਦਾ ਦੌਰਾ ਕੀਤਾ ਗਿਆ- ਡਾ. ਰਿਤੂ ਲਹਿਲ

ਪਟਿਆਲਾ / ਜੁਲਾਈ 20,2021

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਡਾ. ਰਿਤੂ ਲਹਿਲ, ਡਾਇਰੈਕਟਰ ਵਿਮੈਨਜ਼ ਸਟੱਡੀਜ਼ ਸੈਂਟਰ ਦੀ ਅਗਵਾਈ ਅਧੀਨ ਪਿੰਡ ਅਕਾਲਗੜ੍ਹ ਨੂੰ ਸਾਲ 2015 ਵਿਚ ਵਿਕਾਸ ਕਾਰਜਾਂ ਲਈ ਅਪਣਾਇਆ ਗਿਆ ਸੀ। ਪੰਜਾਬੀ ਯੂਨੀਵਰਸਿਟੀ ਦੁਆਰਾ ਪਿੰਡ ਦੇ ਵਿਕਾਸ ਲਈ ਪਾਏ ਯੋਗਦਾਨ ਕਾਰਨ ਪਿੰਡ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸਬੰਧੀ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ, ਡਾ. ਅਰਵਿੰਦ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਰਿਤੂ ਲਹਿਲ, ਡਾਇਰੈਕਟਰ ਵਿਮੈਨਜ਼ ਸਟੱਡੀਜ਼ ਸੈਂਟਰ ਦਾ ਵੀ ਪਿੰਡ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਦੇ ਉੱਦਮ ਅਤੇ ਯੋਗ ਅਗਵਾਈ ਸਦਕਾ ਪਿੰਡ ਦੀ ਨੁਹਾਰ ਬਦਲੀ। ਡਾ. ਰਾਜਵੰਤ ਕੌਰ ਪੰਜਾਬੀ ਨੂੰ ਇਸ ਮੌਕੇ `ਤੇ ਉਨ੍ਹਾਂ ਦੀ ਪਿੰਡ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਬੰਧੀ ਖੋਜ ਕਰਨ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਵਾਈਸ ਚਾਂਸਲਰ, ਡਾ. ਅਰਵਿੰਦ ਨੇ ਪਿੰਡ ਦੇ ਸਕੂਲ ਦਾ ਦੌਰਾ ਕੀਤਾ ਅਤੇ ਸਕੂਲ ਵਿਚ ਕੀਤੇ ਗਏ ਕੰਮਾਂ ਦਾ ਮੁਆਇਨਾ ਕੀਤਾ। ਵਾਈਸ ਚਾਂਸਲਰ ਸਾਹਿਬ ਨੇ ਇਸ ਮੌਕੇ ਸਕੂਲ ਦੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਡਾ. ਨੈਨਾ ਸ਼ਰਮਾ, ਸਹਾਇਕ ਪ੍ਰੋਫੈਸਰ, ਡਿਸਟੈਂਸ ਐਜ਼ੂਕੇਸ਼ਨ ਵਿਭਾਗ  ਅਤੇ ਡਾ. ਹੈਪੀ ਜੇਜੀ, ਡਾਇਰੈਕਟਰ ਲੋਕ ਸੰਪਰਕ ਵੀ ਹਾਜਰ ਸਨ।

ਡਾ. ਅਰਵਿੰਦ ਵੱਲੋਂ ਅਕਾਲਗੜ੍ਹ ਪਿੰਡ ਦੇ ਸਕੂਲ ਦਾ ਦੌਰਾ ਕੀਤਾ ਗਿਆ- ਡਾ. ਰਿਤੂ ਲਹਿਲ

ਜ਼ਿਕਰਯੋਗ ਹੈ ਕਿ ਇਸ ਪਿੰਡ ਵਿਚ ਯੂਨੀਵਰਸਿਟੀ ਵੱਲੋਂ ਵਿਮੈਨ ਕਲੱਬ (ਪੰਜਾਬੀ ਯੂਨੀਵਰਸਿਟੀ), ਸਟੇਟ ਬੈਂਕ ਆਫ ਪਟਿਆਲਾ, ਲੋਕਲ ਐਮ. ਪੀ., ਜਿਲ੍ਹਾ ਪ੍ਰਸ਼ਾਸ਼ਨ ਅਤੇ ਵੱਖ ਵੱਖ ਐਨ.ਜੀ.ਓ. ਦੀ ਮਦਦ ਨਾਲ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਸਮਾਰਟ ਕਲਾਸ ਰੂਮ ਤਿਆਰ ਕੀਤਾ ਗਿਆ, ਸਕੂਲ ਦੀਆਂ ਕੰਧਾਂ ਅਤੇ ਦਰਖਤਾਂ `ਤੇ ਚਿੱਤਰਕਾਰੀ ਕੀਤੀ ਗਈ, ਬੱਚਿਆਂ ਲਈ ਕੂਲਰ ਅਤੇ ਸਟੇਸ਼ਨਰੀ ਅਤੇ ਵਰਦੀਆਂ ਦਿੱਤੀਆਂ ਗਈਆ। ਇਸ ਤੋਂ ਬਿਨ੍ਹਾ ਪਿੰਡ ਵਿਚ ਸੋਲਰ ਲਾਈਟਾਂ ਲਗਵਾਈਆਂ ਗਈਆ, ਐਨ.ਐਸ.ਐਸ. ਵਿਭਾਗ ਦੇ ਵਿਦਿਆਰਥੀਆਂ ਦੁਆਰਾ ਸਫਾਈ ਮੁਹਿੰਮ ਚਲਾਈ ਗਈ, ਭਾਈ ਘਨੱਈਆ ਸਿਹਤ ਕੇਂਦਰ ਦੀ ਮਦਦ ਨਾਲ ਮੈਡੀਕਲ ਕੈਂਪ ਲਗਾਇਆ ਗਿਆ, ਸਮਾਜਿਕ ਬੁਰਾਈਆਂ ਵਿਰੁੱਧ ਰੰਗਮੰਚ ਅਤੇ ਟੈਲੀਵਿਜ਼ਨ ਵਿਭਾਗ ਦੁਆਰਾ ਨੁੱਕੜ ਨਾਟਕ ਕਰੇ ਗਏ, ਸਰਬੱਤ ਦਾ ਭਲਾ ਸੰਸਥਾ ਦੀ ਮਦਦ ਨਾਲ ਪਿੰਡ ਦੇ ਬੱਚਆਂ ਨੂੰ ਵਜੀਫੇ ਮੁਹੱਈਆ ਕਰਵਾਏ ਗਏ ਅਤੇ ਪਿੰਡ ਵਿਚ ਦਰੱਖਤ ਲਗਾਏ ਗਏ। ਇਸ ਤੋਂ ਬਿਨਾਂ ਪਿੰਡ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਫੁਲਕਾਰੀ ਸਿਖਲਾਈ ਕੇਂਦਰ ਸਥਾਪਤ ਕੀਤਾ ਗਿਆ।