ਡਾ. ਬਲਬੀਰ ਸਿੰਘ ਜੀ ਦਾ ਸਾਲਾਨਾ ਬਰਸੀ ਸਮਾਗਮ ਆਯੋਜਿਤ ਕੀਤਾ ਗਿਆ

127

ਡਾ. ਬਲਬੀਰ ਸਿੰਘ ਜੀ ਦਾ ਸਾਲਾਨਾ ਬਰਸੀ ਸਮਾਗਮ ਆਯੋਜਿਤ ਕੀਤਾ ਗਿਆ

ਪਟਿਆਲਾ/ ਅਕਤੂਬਰ 3,2023

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਵਿਖੇ ਡਾ. ਬਲਬੀਰ ਸਿੰਘ ਜੀ ਦਾ 49ਵਾਂ ਬਰਸੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਕੰਵਰਪਾਲ ਸਿੰਘ ਜੀ ਦੇ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਡਾ. ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸਰਕਾਰ ਵਲੋਂ ‘ਸਿੰਘ ਸਭਾ ਲਹਿਰ ਦੇ 150 ਸਾਲਾ ਸਥਾਪਨਾ ਦਿਵਸ’ ਬਾਰੇ ਖੋਜ-ਭਰਪੂਰ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਨੇ ਦਸਿਆ ਕਿ ਜਿਸ ਸਮੇਂ ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ ਅਰੰਭ ਹੋਇਆ, ਉਸ ਸਮੇਂ ਸਿੱਖ ਸਿਧਾਂਤਾਂ ਅਤੇ ਮਰਯਾਦਾ ਪੱਖੋਂ ਸਿੱਖਾਂ ਵਿਚ ਬਹੁਤ ਕਮੀਆਂ ਆ ਚੁਕੀਆਂ ਸਨ। ਇਹਨਾਂ ਕਮੀਆਂ ਨੂੰ ਦੂਰ ਕਰਨ ਲਈ ਸਿੰਘ ਸਭਾ ਲਹਿਰ ਨੇ ਨਿਯਮ-ਬਧ ਤਰੀਕੇ ਨਾਲ ਕੰਮ ਕੀਤਾ ਅਤੇ ਸਿੱਖ ਪੁਨਰ-ਜਾਗ੍ਰਤੀ ਲਈ ਸਲਾਹੁਣ ਯੋਗ ਕਾਰਜ ਕੀਤਾ। ਉਹਨਾਂ ਤੋਂ ਬਾਅਦ ਦੇਹਰਾਦੂਨ ਦੀ ਸੰਗਤ ਵਲੋਂ ਸ. ਦਵਿੰਦਰ ਸਿੰਘ ਬਿੰਦਰਾ ਨੇ ਡਾ. ਬਲਬੀਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਉਹਨਾਂ ਤੋਂ ਬਾਅਦ ਸਿੱਖ ਵਿਸ਼ਵਕੋਸ਼ ਵਿਭਾਗ ਦੇ ਮੁਖੀ ਅਤੇ ਮੁੱਖ ਸੰਪਾਦਕ ਡਾ. ਪਰਮਵੀਰ ਸਿੰਘ ਦੁਆਰਾ ਸਿੰਘ ਸਭਾ ਲਹਿਰ ਦੇ ਅਰੰਭ, ਕਾਰਜ-ਪ੍ਰਣਾਲੀ ਅਤੇ ਯੋਗਦਾਨ ਬਾਰੇ ਕੀਮਤੀ ਤੱਥ ਸੰਗਤਾਂ ਦੇ ਸਨਮੁੱਖ ਰੱਖੇ ਗਏ। ਉਹਨਾਂ ਨੇ ਦਸਿਆ ਕਿ ਸਿੰਘ ਸਭਾ ਲਹਿਰ ਦੇ ਅਰੰਭ ਤਕ ਜੋ ਸਿੱਖਾਂ ਵਿਚ ਕਮੀਆਂ ਆਈਆਂ ਸਨ, ਉਹਨਾਂ ਦਾ ਵਡਾ ਕਾਰਨ ਖਾਲਸਾ ਰਾਜ ਦੀ ਸਮਾਪਤੀ ਪਿੱਛੋਂ ਅੰਗਰੇਜ਼ਾਂ ਦੁਆਰਾ ਵਰਤੀ ਗਈ ਵਿਸ਼ੇਸ਼ ਨੀਤੀ ਸੀ।

ਡਾ. ਬਲਬੀਰ ਸਿੰਘ ਜੀ ਦਾ ਸਾਲਾਨਾ ਬਰਸੀ ਸਮਾਗਮ ਆਯੋਜਿਤ ਕੀਤਾ ਗਿਆ ਡਾ. ਬਲਬੀਰ ਸਿੰਘ ਜੀ ਦਾ ਸਾਲਾਨਾ ਬਰਸੀ ਸਮਾਗਮ ਆਯੋਜਿਤ ਕੀਤਾ ਗਿਆ

ਇਸ ਮੌਕੇ ਕੇਂਦਰ ਦੇ ਇੰਚਾਰਜ ਡਾ. ਕੁਲਵਿੰਦਰ ਸਿੰਘ ਵਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪ੍ਰੋ. ਹਰਬੀਰ ਸਿੰਘ ਰੰਧਾਵਾ, ਪ੍ਰੋ. ਪੁਰਸ਼ੋਤਮ ਸਿੰਘ, ਡਾ. ਕਸ਼ਮੀਰ ਸਿੰਘ, ਸ. ਅਮਰਜੀਤ ਸਿੰਘ ਭਾਟੀਆ, ਡਾ. ਗੋਵਿਲ, ਜੇ. ਐਸ. ਓਬਰਾਏ, ਕਵੀ ਅੰਬਰ ਖਰਵੰਦਾ, ਅਨੰਦ ਅਸੀਰ, ਅਰਵਿੰਦਰ ਸਿੰਘ, ਪਰਮਿੰਦਰ ਸਿੰਘ, ਮਨਜੀਤ ਕੌਰ, ਜਤਿੰਦਰ ਕੌਰ ਆਦਿ ਪਤਵੰਤਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ।