ਡਾ ਮਨਦੀਪ ਕੌਰ ਨੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਮਾਲੇਰਕੋਟਲਾ ਵਜੋਂ ਸੰਭਾਲਿਆ ਅਹੁਦਾ
ਮਾਲੇਰਕੋਟਲਾ 26 ਮਈ,2023 :
ਪ੍ਰਸ਼ਾਸਨਿਕ ਕੁਸ਼ਲਤਾ ਦੇ ਨਾਲ-ਲ ਆਪਣੇ ਅਧੀਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਾਲ ਲੈ ਕੇ, ਆਮ ਲੋਕਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਦੇ ਤੁਰੰਤ ਢੁਕਵੇਂ ਹੱਲ ਕੱਢਣ ਦੀ ਸਮਰੱਥਾ ਰੱਖਣ ਵਾਲੇ ਅਧਿਕਾਰੀ ਵਜੋਂ ਜਾਣੇ ਜਾਂਦੇ ਡਾ.ਮਨਦੀਪ ਕੌਰ ਪੀ.ਸੀ.ਐਸ.(2012 ਬੈਂਚ ) ਨੇ ਅੱਜ ਮਾਲੇਰਕੋਟਲਾ ਦੇ ਵਧੀਕ ਡਿਪਟੀ ਕਮਿਸ਼ਨਰ( ਵਿਕਾਸ) ਵਜੋਂ ਅਹੁਦਾ ਸੰਭਾਲਿਆ ।
ਇੱਥੇ ਵਰਣਯੋਗ ਹੈ ਕਿ ਇਸ ਤੋ ਪਹਿਲਾ ਉਹ ਵਧੀਕ ਡਿਪਟੀ ਕਮਿਸ਼ਨਰ(ਜ) ਫ਼ਾਜ਼ਿਲਕਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ । ਇਸ ਤੋਂ ਇਲਾਵਾ ਉਹ ਸਹਾਇਕ ਕਮਿਸ਼ਨਰ ਫ਼ਰੀਦਕੋਟ, ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ, ਗਿੱਦੜਬਾਹਾ,ਕਪੂਰਥਲਾ, ਜੈਤੋ,ਵਧੀਕ ਡਿਪਟੀ ਕਮਿਸ਼ਨਰ(ਜ)ਫ਼ਰੀਦਕੋਟ,ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਅਹਿਮ ਅਹੁਦਿਆਂ ਉੱਤੇ ਤਾਇਨਾਤ ਰਹਿ ਚੁੱਕੇ ਹਨ । ਇੱਥੇ ਵਰਤਣਯੋਗ ਹੈ ਕਿ ਡਾ ਮਨਦੀਪ ਕੌਰ ਨੇ 2003 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੀਵ ਵਿਗਿਆਨ ਵਿੱਚ ਪੀ.ਐੱਚ.ਡੀ.(ਡਾਕਟਰੇਟ ਦੀ ਡਿੱਗਰੀ) ਪ੍ਰਾਪਤ ਕੀਤੀ ।
ਗੈਰ ਰਸਮੀ ਗੱਲ ਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਨੇਪਰੇ ਚੜ੍ਹਵਾਉਣਾ ਅਤੇ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਤਰਜੀਹ ਰਹੇਗੀ । ਉਨ੍ਹਾਂ ਕਿਹਾ ਕਿ ਅਧਿਕਾਰੀ ਤੇ ਕਰਮਚਾਰੀ, ਸਰਕਾਰੀ ਦਫ਼ਤਰਾਂ ‘ਚ ਸਮੇਂ ਸਿਰ ਪੁੱਜਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਕਿਸੇ ਨਾਗਰਿਕ ਨੂੰ ਸਰਕਾਰੀ ਦਫ਼ਤਰਾਂ’ਚ ਖੱਜਲ ਖ਼ੁਆਰ ਨਾ ਹੋਣਾ ਪਵੇ । ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕਰਨਾ ਉਨ੍ਹਾਂ ਦੀ ਤਰਜੀਹ ਰਹੇਗੀ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਉਨ੍ਹਾਂ ਨਾਲ ਸਬੰਧਿਤ ਸਮੱਸਿਆਵਾਂ ਲੈ ਕੇ ਉਨ੍ਹਾਂ ਦੇ ਦਫ਼ਤਰ ਵਿਖੇ ਕਿਸੇ ਵੀ ਕੰਮਕਾਜ ਵਾਲੇ ਦਿਨ ਆ ਸਕਦਾ ਹੈ ।