ਡਾ.ਸੁਰਿੰਦ੍ਰ ਕੌਰ ਸੰਧੂ ਦੀ ਕਾਵਿ-ਪੁਸਤਕ “ਜ਼ਿੰਦਗੀ ਦੇ ਵਰਕੇ” ਦਾ ਲੋਕ-ਅਰਪਣ

211

ਡਾ.ਸੁਰਿੰਦ੍ਰ ਕੌਰ ਸੰਧੂ ਦੀ ਕਾਵਿ-ਪੁਸਤਕ “ਜ਼ਿੰਦਗੀ ਦੇ ਵਰਕੇ” ਦਾ ਲੋਕ-ਅਰਪਣ

ਅੰਮ੍ਰਿਤਸਰ, 4 ਅਕਤੂਬਰ,2023 

ਡਾ. ਸੁਰਿੰਦ੍ਰ ਕੌਰ ਸੰਧੂ ਦੀ ਪਲੇਠੀ  ਕਾਵਿ-ਪੁਸਤਕ “ਜ਼ਿੰਦਗੀ ਦੇ ਵਰਕੇ” ਦਾ ਲੋਕ-ਅਰਪਣ ਅਤੇ  ਵਿਚਾਰ-ਚਰਚਾ ਦਾ ਆਯੋਜਨ ਪੰਜਾਬੀ ਦੇ ਉੱਘੇ ਲੇਖਕਾਂ ਦੀ ਹਾਜ਼ਰੀ ਵਿੱਚ , ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਕੀਤਾ ਗਿਆ।  ਇਸ ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ (ਸ਼੍ਰੋਮਣੀ ਪੰਜਾਬੀ ਕਵੀ ਅਤੇ ਪ੍ਰਧਾਨ, ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ) ਨੇ ਕੀਤੀ ਜਦੋਂਕਿ ਪ੍ਰੋਗਰਾਮ ਵਿੱਚ ਮੁੱਖ ਭਾਸ਼ਣ ਡਾ. ਮਨਮੋਹਨ ਸਿੰਘ (ਆਈ.ਪੀ.ਐੱਸ.) ਨੇ ਪ੍ਰਸਤੁਤ ਕੀਤਾ।

ਡਾ. ਰਵੀ ਰਵਿੰਦਰ (ਮੁਖੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ) ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਿਰ ਹੋਏ। ਡਾ. ਮਨਜਿੰਦਰ ਸਿੰਘ ਅਤੇ ਡਾ. ਹਰਿੰਦਰ ਕੌਰ ਸੋਹਲ ਨੇ ਇਸ ਸਮਾਗਮ ਵਿੱਚ ਪੁਸਤਕ ਬਾਰੇ ਭਰਵੀਂ ਚਰਚਾ ਕੀਤੀ। ਡਾ. ਮਨਜਿੰਦਰ ਸਿੰਘ ਨੇ ਆਪਣੇ ਸੁਆਗਤੀ ਸ਼ਬਦਾਂ ਵਿੱਚ ਇਸ ਪੁਸਤਕ ਸੰਬੰਧੀ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਪੁਸਤਕ ਡਾ. ਸੁਰਿੰਦ੍ਰ ਕੌਰ ਸੰਧੂ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਵਿੱਚ ਜੀਵਨ ਦੇ ਯਥਾਰਥ ਦਾ ਬੜੀ ਖ਼ੂਬਸੂਰਤੀ ਨਾਲ ਕਾਵਿਕੀਕਰਨ ਹੋਇਆ ਪ੍ਰਾਪਤ ਹੁੰਦਾ ਹੈ। ਇਹ ਪੁਸਤਕ ਸਮਾਜ ਵਿੱਚ ਸਮੂਹਿਕ ਤੌਰ ਉੱਤੇ ਆਈ ਸੰਕਟਮਈ ਸਥਿਤੀ ਵਿੱਚ ਬੰਦੇ ਦੇ ਸਵਾਰਥੀ ਹੋਣ ਦੇ ਨਿਘਾਰ ਨੂੰ ਵਿਅੰਗਮਈ ਭਾਸ਼ਾ ਰਾਹੀਂ ਬਿਆਨ ਕਰਦੀ ਹੈ।

ਇਸ ਉਪਰੰਤ ਡਾ. ਮਨਮੋਹਨ ਸਿੰਘ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ “ਜ਼ਿੰਦਗੀ ਦੇ ਵਰਕੇ” ਪੁਸਤਕ ਵਿਚਲਾ ਕਾਵਿ-ਸੰਸਾਰ ਜ਼ਿੰਦਗੀ ਦੀ ਨਿਰੰਤਰਤਾ ਨੂੰ ਮਾਨਵ-ਵਿਗਿਆਨਕ, ਸਾਂਸਕ੍ਰਿਤਕ ਅਤੇ ਰਾਜਨੀਤਕ ਦ੍ਰਿਸ਼ਟੀਕੋਣ ਤੋਂ ਬਿਆਨ ਕਰਦਾ ਹੈ। ਇਹ ਪੁਸਤਕ ਦੇਸ਼-ਵੰਡ ਤੋਂ ਲੈ ਕੇ ਕਰੋਨਾ ਕਾਲ ਤੱਕ ਫੈਲੇ ਹੋਏ ਲੰਮੇ ਕਾਲ-ਖੰਡ ਨੂੰ ਆਧਾਰ ਬਣਾ ਕੇ ਬਹੁ-ਆਯਾਮੀ ਜੀਵਨ ਅਨੁਭਵਾਂ ਨੂੰ ਪ੍ਰਸਤੁਤ ਕਰਦੀ ਹੈ। ਸਮਾਗਮ ਦੇ ਪ੍ਰਧਾਨਗੀ ਭਾਸ਼ਣ ਵਿੱਚ ਪਦਮਸ਼੍ਰੀ ਡਾ. ਸੁਰਜੀਤ ਪਾਤਰ ਹੁਰਾਂ ਬੋਲਦਿਆਂ ਕਿਹਾ ਕਿ ਜੇਕਰ ਕੋਈ ਚੰਗੀ ਕਵਿਤਾ ਲਿਖ ਲੈਂਦਾ ਹੈ ਤਾਂ ਉਸ ਸਾਹਮਣੇ ਰਾਜਪਾਟ ਵੀ ਬੇਕਾਰ ਹੈ। “ਜ਼ਿੰਦਗੀ ਦੇ ਵਰਕੇ” ਦੀ ਕਵਿਤਾ ਨੂੰ ਇਸ ਸ਼੍ਰੇਣੀ ਦੀ ਹੀ ਸ਼ਾਇਰੀ ਕਿਹਾ ਜਾ ਸਕਦਾ ਹੈ। ਇਸ ਪੁਸਤਕ ਦੇ ਸਿਰਲੇਖ ਵਿਚਲਾ ਬਹੁ-ਵਚਨੀ ਚਿਹਨ ਹੀ ਇਸਦੇ ਲੇਖਕ ਦੇ ਪ੍ਰੋੜ੍ਹ ਜੀਵਨ ਅਨੁਭਵ ਵੱਲ ਸੰਕੇਤ ਕਰਦਾ ਹੈ। ਇਸ ਤੋਂ ਬਾਅਦ ਵਿਸ਼ੇਸ਼ ਮਹਿਮਾਨ ਵਜੋਂ ਪੁਸਤਕ ਸੰਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਡਾ. ਰਵੀ ਰਵਿੰਦਰ ਨੇ ਕਿਹਾ ਕਿ ਡਾ. ਸੁਰਿੰਦ੍ਰ ਕੌਰ ਸੰਧੂ ਦੀ ਕਾਵਿ-ਦ੍ਰਿਸ਼ਟੀ ਦਾ ਮੁੱਖ ਸਰੋਕਾਰ ਵਾਤਸਲ ਭਾਵ ਹੈ।

ਇਹ ਮਾਂ, ਧੀ ਅਤੇ ਭੈਣ ਦੇ ਰਿਸ਼ਤਿਆਂ ਨੂੰ ਬੜੇ ਸੰਵੇਦਨਸ਼ੀਲ ਅੰਦਾਜ਼ ਵਿੱਚ ਰੂਪਮਾਨ ਕਰਦੀ ਹੈ। ਇਸ ਕਾਵਿ-ਪੁਸਤਕ ਵਿਚਲੀਆਂ ਇਕ ਤੋਂ ਵਧੇਰੇ ਕਵਿਤਾਵਾਂ ਸਿਮਰਤੀ ਦੇ ਸੰਕਲਪ ਨੂੰ ਮੀਮਾਂਸਕ ਸ਼ੈਲੀ ਵਿੱਚ ਪੇਸ਼ ਕਰਦੀਆਂ ਹਨ। ਇਸ ਸੰਦਰਭ ਵਿੱਚ ਇਹ ਕਵਿਤਾਵਾਂ ਗੁਰਮਤਿ ਵਿਚਾਰਧਾਰਾ, ਸਿੱਖ ਦਰਸ਼ਨ ਅਤੇ ਸਿੱਖ ਇਤਿਹਾਸ ਵਿੱਚੋਂ ਕਾਵਿਕ ਟੇਕ ਤਲਾਸ਼ਦੀਆਂ ਪ੍ਰਤੀਤ ਹੁੰਦੀਆਂ ਹਨ। ਇਸ ਉਪਰੰਤ “ਜ਼ਿੰਦਗੀ ਦੇ ਵਰਕੇ” ਪੁਸਤਕ ਦੇ ਲੇਖਕ ਡਾ. ਸੁਰਿੰਦ੍ਰ ਕੌਰ ਸੰਧੂ ਨੇ ਸਵੈ-ਕਥਨ ਦੇ ਅੰਤਰਗਤ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਕਵਿਤਾ ਨਵੀਸੀ ਦਾ ਸੁਭਾਗ 85 ਸਾਲ ਦੀ ਉਮਰ ਵਿੱਚ ਪ੍ਰਾਪਤ ਹੋਇਆ ਹੈ। ਇਸ ਲਈ ਉਹਨਾਂ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੀ ਸਮੁੱਚੀ ਜ਼ਿੰਦਗੀ ਦੇ ਅਨੁਭਵ ਨੂੰ ਕਵਿਤਾ ਦੇ ਮਾਧਿਅਮ ਰਾਹੀਂ ਪਾਠਕਾਂ ਤੱਕ ਪਹੁੰਚਾ ਸਕਣ। ਉਹਨਾਂ ਨੇ ਆਪਣੀ ਕਾਵਿ-ਸਿਰਜਣਾ ਦਾ ਪ੍ਰੇਰਕ ਕਰੋਨਾ ਕਾਲ ਨੂੰ ਦੱਸਿਆ ਅਤੇ ਕਿਹਾ ਕਿ ਇਸ ਸਮੇਂ ਦੌਰਾਨ ਵਾਪਰੀਆਂ ਕਈ ਦੁਖਾਂਤਕ ਘਟਨਾਵਾਂ ਨੂੰ ਵੀ ਉਹਨਾਂ ਨੇ ਆਪਣੀ ਕਾਵਿ-ਰਚਨਾ ਦਾ ਆਧਾਰ ਬਣਾਇਆ ਹੈ।

ਡਾ.ਸੁਰਿੰਦ੍ਰ ਕੌਰ ਸੰਧੂ ਦੀ ਕਾਵਿ-ਪੁਸਤਕ "ਜ਼ਿੰਦਗੀ ਦੇ ਵਰਕੇ" ਦਾ ਲੋਕ-ਅਰਪਣ

ਉਹਨਾਂ ਸਮੂਹ ਪਾਠਕਾਂ ਦਾ ਉਹਨਾਂ ਨੂੰ ਕਵਿਤਾ ਲਿਖਣ ਵਾਸਤੇ ਪ੍ਰਦਾਨ ਕੀਤੀ ਭਰਵੀਂ ਹੱਲਾਸ਼ੇਰੀ ਲਈ ਤਹਿ ਦਿਲ ਤੋਂ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਉੱਤੇ ਉਹਨਾਂ ਨੇ ਆਪਣੀਆਂ ਕੁਝ ਚੋਣਵੀਆਂ ਕਵਿਤਾਵਾਂ ਵੀ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤੀਆਂ। ਡਾ. ਹਰਿੰਦਰ ਕੌਰ ਸੋਹਲ ਨੇ ਪੁਸਤਕ ਬਾਰੇ ਵਿਚਾਰ-ਚਰਚਾ ਕਰਦਿਆਂ ਕਿਹਾ ਕਿ “ਜ਼ਿੰਦਗੀ ਦੇ ਵਰਕੇ” ਦੀਆਂ ਕਵਿਤਾਵਾਂ ਵਿੱਚ ਜੀਵਨ ਦੇ ਕਈ ਵੱਡਮੁੱਲੇ ਗੁਣਾਂ ਅਤੇ ਕਦਰਾਂ-ਕੀਮਤਾਂ ਦੇ ਦਾਰਸ਼ਨਿਕ ਅਮੂਰਤਨ ਨੂੰ ਜ਼ਿੰਦਗੀ ਦੇ ਵਿਹਾਰਕ ਸਮੂਰਤਨ ਵਿੱਚ ਰੂਪਾਂਤ੍ਰਿਤ ਕੀਤਾ ਗਿਆ ਹੈ। ਇਸ ਪ੍ਰਸੰਗ ਵਿੱਚ ਇਸ ਵਿਚਲੀਆਂ ਕਈ ਕਵਿਤਾਵਾਂ ਵਿੱਚ ਮਾਨਵੀ ਸਿਮਰਤੀਆਂ ਬੜੇ ਸਹਿਜ ਭਾਵ ਨਾਲ ਪ੍ਰਗਟ ਹੋਈਆਂ ਹਨ। ਪ੍ਰੋਗਰਾਮ ਦੇ ਅੰਤ ਵਿੱਚ ਮੰਚ ਸੰਚਾਲਕ ਡਾ. ਬਲਜੀਤ ਕੌਰ ਰਿਆੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਸਮਾਗਮ ਵਿਚ ਪ੍ਰਸਿੱਧ ਸ਼ਖ਼ਸੀਅਤਾਂ ਡਾ. ਸੁਖਬੀਰ ਸਿੰਘ ਸੰਧੂ (ਆਈ.ਏ.ਐੱਸ., ਚੀਫ਼ ਸਕੱਤਰ ਉਤਰਖੰਡ), ਡਾ. ਜਸਪਾਲ ਸਿੰਘ ਸੰਧੂ, ਡਾ.ਹਰਲੀਨ ਕੌਰ ਸੰਧੂ, ਡਾ. ਸ਼ਵੇਤਾ ਸ਼ੇਨੋਏ, ਦਮਨਬੀਰ ਸਿੰਘ ਸੰਧੂ, ਮਿਹਰ ਸੰਧੂ, ਹਰਮਨਬੀਰ ਸਿੰਘ ਸੰਧੂ, ਡਾ. ਕਰਨਜੀਤ ਸਿੰਘ ਕਾਹਲੋਂ, ਡਾ. ਸੁਨੀਲ ਕੁਮਾਰ,ਪ੍ਰਵੀਨ ਪੁਰੀ , ਅਰਤਿੰਦਰ ਸੰਧੂ, ਦੀਪ ਦਵਿੰਦਰ, ਮਲਵਿੰਦਰ, ਹਰਮੀਤ ਆਰਟਿਸਟ, ਸਤਿੰਦਰ ਸਿੰਘ ਓਠੀ ਆਦਿ ਨੇ ਸ਼ਿਰਕਤ ਕੀਤੀ। ਇਸ ਸਮੇਂ ਡਾ. ਮੇਘਾ ਸਲਵਾਨ, ਡਾ. ਚੰਦਨਪ੍ਰੀਤ ਸਿੰਘ, ਡਾ. ਕੰਵਲਦੀਪ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਪਵਨ ਕੁਮਾਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਅਸ਼ੋਕ ਭਗਤ, ਡਾ. ਅੰਜੂ ਬਾਲਾ ਅਤੇ ਵੱਡੀ ਗਿਣਤੀ ਵਿਚ ਸਰੋਤੇ ਸ਼ਾਮਿਲ ਸਨ ।