ਡਿਪਟੀ ਕਮਿਸ਼ਨਰ ਪਟਿਆਲਾ ਨੇ ਵਿਦਿਆਰਥੀਆਂ ਨਾਲ ਕੀਤੀ ਕੌਫ਼ੀ ਚੈਟ
ਪਟਿਆਲਾ, 23 ਜਨਵਰੀ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਲੈਗਸ਼ਿਪ ਪ੍ਰੋਗਰਾਮ ਘਰ-ਘਰ ਰੋਜਗਾਰ ਨੂੰ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਵਿਖੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਕੌਫ਼ੀ ‘ਤੇ ਚਰਚਾ ਕੀਤੀ ਅਤੇ ਇਸਨੂੰ ਕੌਫੀ ਚੈਟ ਦਾ ਨਾਮ ਦਿੱਤਾ। ਅੱਜ ਤੋਂ ਸ਼ੁਰੂ ਹੋਇਆ ਇਹ ਪ੍ਰੋਗਰਾਮ ਹਫਤੇ ਵਿੱਚ ਹਰ ਵੀਰਵਾਰ ਨੂੰ ਦੁਪਹਿਰ 4 ਤੋਂ 5 ਵਜੇ ਦੇ ਦਰਮਿਆਨ ਅਯੋਜਿਤ ਕੀਤਾ ਜਾਵੇਗਾ।
ਵਿਦਿਆਰਥੀਆਂ ਦੇ ਨਾਲ ਖੁੱਲ੍ਹ ਕੇ ਹੋਈ ਗੈਰਰਸਮੀ ਗੱਲਬਾਤ ‘ਚ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜਿਥੇ ਰੋਜਗਾਰ ਅਤੇ ਕਾਰੋਬਾਰ ਬਿਉਰੋ ਦੀ ਕਾਰਗੁਜਾਰੀ ਦੇ ਸਬੰਧੀ ਫੀਡ ਬੈਕ ਹਾਸਲ ਕੀਤੀ ਉਥੇ ਹੀ ਕੈਰੀਅਰ ਬਣਾਉਣ ਵਾਲੇ ਬੱਚਿਆਂ ਨੂੰ ਟਿਪਸ ਦਿੰਦੇ ਹੋਏ ਉਹਨਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਮਿਹਨਤ ਦਾ ਕੋਈ ਮੁੱਲ ਘੱਟ ਨਹੀਂ ਹੁੰਦਾ। ਉਹਨਾਂ ਕਿਹਾ ਕਿ ਪ੍ਰੀਖਿਆ ਦੀ ਤਿਆਰੀ ‘ਚ ਲੱਗੇ ਬੱਚਿਆਂ ਦੇ ਕਪੱੜਿਆਂ ਤੋਂ ਹੀ ਅਹਿਸਾਸ ਹੋ ਜਾਂਦਾ ਹੈ ਕਿ ਨਤੀਜਾ ਕਿਹੋ ਜਿਹਾ ਆਵੇਗਾ।
ਕੁਮਾਰ ਅਮਿਤ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾ ਮੁੰਬਈ ਵਿੱਚ ਐਲ.ਐਂਡ.ਟੀ ਵਰਗੀ ਵੱਡੀ ਕੰਪਨੀ ਵਿੱਚ ਸਾਫਟਵੇਅਰ ਇੰਜਨੀਅਰ ਦੀ ਨੌਕਰੀ ਛੱਡ ਕੇ ਦਿੱਲੀ ਵਿੱਚ ਆਪਣੇ ਦੋਸਤ ਦੇ ਨਾਲ ਇੱਕ ਛੋਟੇ ਜਿਹੇ ਕਮਰੇ ਵਿੱਚ ਆ ਗਏ ਅਤੇ ਆਈ.ਏ.ਐਸ. ਦੀ ਤਿਆਰੀ ਵਿੱਚ ਜੁਟ ਗਏ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਅਗਨੀ-5 ਮਿਜ਼ਾਈਲ ਦੇ ਲਈ ਚਿੱਪ ਡਿਜਾਈਨ ਕਰਨ ਦਾ ਕੰਮ ਛੱਡ ਕੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਸੇਵਾ ਕਰਨ ਦਾ ਕੰਮ ਅਪਣਾਇਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਹੀ ਦੋ-ਤਿੰਨ ਸਾਲ ਦਾ ਸਮਾਂ ਇਸ ਤਰ੍ਹਾਂ ਆਉਂਦਾ ਹੈ ਜਦੋਂ ਆਪਣਾ ਧਿਆਨ ਦੋਸਤਾਂ, ਰਿਸਤੇਦਾਰਾਂ ਤੋਂ ਦੂਰ ਸਿਰਫ ਮਿਹਨਤ ‘ਤੇ ਹੀ ਕੇਂਦਰਤ ਹੋਣਾ ਚਾਹੀਦਾ ਹੈ। ਹਲਕਾ ਖਾਣਾ ਖਾਓ, ਘੱਟ ਖਾਓ ਤੇ ਘੱਟ ਸੌਣਾ। ਪਰ ਸਿਹਤ ਦਾ ਧਿਆਨ ਰੱਖਣ ਦੇ ਲਈ ਹਲਕੀ ਕਸਰਤ, ਜਾ ਫਿਰ ਦੌੜ ਲਗਾਉਣਾ ਅਤੇ ਯੋਗਾ ਵੀ ਕਰਨਾ ਚਾਹੀਦਾ ਹੈ ਜਿਸ ਨਾਲ ਆਪਣੀ ਇਕਾਗਰਤਾ ਬਣੀ ਰਹੇ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ ਨੇ ਟਾਈਮ ਮੈਨੇਜਮੈਂਟ ਕਰਨ ਬਾਰੇ ਦੱਸਿਆ ਕਿਹਾ ਕਿ ਸਾਰਿਆਂ ਦੇ ਕੋਲ 24 ਘੰਟੇ ਹੁੰਦੇ ਹਨ, ਅਜਿਹੇ ਵਿੱਚ ਪੀ੍ਰਖਿਆ ਦੀ ਤਿਆਰੀ ਕਰਨ ਦੌਰਾਨ ਟਾਈਮ ਦਾ ਮੁਲੰਕਨ ਅਤੇ ਪ੍ਰਬੰਧ ਦੋਨੋ ਰੋਜ਼ਨਾ ਪੱਧਰ ‘ਤੇ ਜਾਣੇ ਚਾਹੀਦੇ ਹਨ। ਉਹਨਾਂ ਦੱਸਿਆ ਕਿ ਮੈਡੀਕਲ ਪਿਛੋਕੜ ਹੋਣ ਦੇ ਬਾਵਜੂਦ ਲੋਕ ਪ੍ਰਸ਼ਾਸ਼ਨ ਨੂੰ ਉਹਨਾਂ ਨੇ ਵਿਸ਼ੇਸ਼ ਰੂਪ ਨਾਲ ਚੁਣਿਆ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਕਮਜੋਰੀ ਬਾਰੇ ਪਤਾ ਹੁੰਦਾ ਹੈ, ਇਹ ਗੱਲ ਕੋਈ ਹੋਰ ਨਹੀਂ ਦੱਸ ਸਕਦਾ। ਅਜਿਹੇ ਸਮੇਂ ਜਜਬਾ ਹੋਣਾ ਚਾਹੀਦਾ ਹੈ।
ਏ.ਡੀ.ਸੀ. ਨੇ ਦੱਸਿਆ ਕਿ ਇੰਟਰਨੈਟ ਅਤੇ ਸਮਾਰਟ ਫੋਨ ਪ੍ਰੀਖਿਆ ਦੀ ਤਿਆਰੀ ‘ਚ ਵਰਦਾਨ ਸਾਬਤ ਹੋ ਸਕਦਾ ਹੈ। ਪਰ ਢੰਗ ਸਿਰ ਇਸਤੇਮਾਲ ਕੀਤਾ ਜਾਵੇ। ਹੋਰ ਸ਼ੋਸ਼ਲ ‘ਚ ਮੀਡੀਆ ਜਾਣ ਦੀ ਬਜਾਏ ਆਪਣੀ ਦੁਨੀਆ ‘ਚ ਲੋਕਾਂ ਨਾਲ ਮਿਲਦੇ ਰਹਿਣਾ ਅਤੇ ਉਹਨਾਂ ਤੋਂ ਕੁਝ ਸਿਖਣਾ ਦਾ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਸ ਦੌਰਾਨ 2018 ਬੈਚ ਦੇ ਟ੍ਰੇਨੀ ਆਈ.ਏ.ਐਸ. ਟੀ. ਬੈਨਿਥ ਨੇ ਦੱਸਿਆ ਕਿ ਮੁਕਾਬਲੇ ਦੀ ਪ੍ਰੀਖਿਆ ਕਰੈਕ ਕਰਨ ਅਤੇ ਚੰਗੇ ਨੰਬਰ ਪ੍ਰਾਪਤ ਕਰਨ ਦੇ ਲਈ ਕਈ ਪ੍ਰਕਾਰ ਦੀ ਤਕਨੀਕਾਂ ਦਾ ਸਹਾਰਾ ਲਿਆ ਜਾਂਦਾ ਹੈ। ਬੀ.ਟੈਕ ਵਿੱਚ ਗਰੈਜੁਏਟ ਟੀ.ਬੈਨਿਥ ਨੇ ਦੱਸਿਆ ਕਿ ਉਹਨਾਂ ਨੇ ਯੂਪੀ.ਐਸ.ਸੀ. ਦੀ ਪ੍ਰੀਖਿਆ ਵਿੱਚ ਰਾਜਨੀਤੀਕ ਵਿਗਿਆਨ ਨੂੰ ਚੁਣਿਆ, ਉਹਨਾਂ ਕਿਹਾ ਕਿ ਸਾਲ-ਡੇਢ ਸਾਲ ਦਾ ਹੀ ਸਮਾਂ ਹੁੰਦਾ ਹੈ ਜਦ ਸਭ ਕੁਝ ਦਾਅ ‘ਤੇ ਲਗਾਕੇ ਆਪਣਾ ਕੈਰੀਅਰ ਸੰਵਾਰਨਾ ਹੁੰਦਾ ਹੈ।
ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ‘ਚ ਹੋਈ ਇਸ ਕੌਫੀ ਚੈਟ ਚਰਚਾ ਵਿੱਚ ਆਪਣਾ ਕੈਰੀਅਰ ਬਣਾਉਣਾ ਅਤੇ ਕਿਹੜਾ ਰਸਤਾ ਚੁਣਨ ਤੋਂ ਇਲਾਵਾ ਰਾਜ ਸਰਕਾਰ ਦੇ ਵੱਲੋਂ ਸਵੈ ਰੋਜਗਾਰ ਦੇ ਲਈ ਚਲਾਈ ਜਾ ਰਹੀ ਕਰਜਾ ਯੋਜਨਾਵਾਂ ਦੀ ਜਾਣਕਾਰੀ ਵੀ ਦਿੱਤੀ ਗਈ।
ਇਸ ਮੌਕੇ ‘ਤੇ ਘਰ-ਘਰ ਰੋਜਗਾਰ ਮਿਸ਼ਨ ਦੇ ਐਡੀਸ਼ਨਲ ਡਾਇਰੈਕਟਰ ਅਮਰਜੀਤ ਸਿੰਘ ਸੇਖੋਂ, ਜ਼ਿਲ੍ਹਾ ਰੋਜਗਾਰ ਅਫ਼ਸਰ ਸਿੰਪੀ ਸਿੰਗਲਾ ਵੀ ਮੌਜੂਦ ਸਨ।