ਡਿੰਪੀ ਢਿੱਲੋਂ ਦੀਆਂ ਬੱਸਾਂ ਦੇ ਪਰਮਿਟ ਰੱਦ ਕਰਨ ਤੋਂ ਭੜਕੇ ਟਰਾਂਸਪੋਰਟਰ;ਟਰਾਂਸਪੋਰਟ ਮੰਤਰੀ ਨੂੰ ਇਕ ਹਫਤੇ ਦਾ ਦਿੱਤਾ ਅਲਟੀਮੇਟਮ

141

ਡਿੰਪੀ ਢਿੱਲੋਂ ਦੀਆਂ ਬੱਸਾਂ ਦੇ ਪਰਮਿਟ ਰੱਦ ਕਰਨ ਤੋਂ ਭੜਕੇ ਟਰਾਂਸਪੋਰਟਰ;ਟਰਾਂਸਪੋਰਟ ਮੰਤਰੀ ਨੂੰ ਇਕ ਹਫਤੇ ਦਾ ਦਿੱਤਾ ਅਲਟੀਮੇਟਮ

ਪਟਿਆਲਾ, 17 ਨਵੰਬਰ :

ਗਿੱਦੜਬਾਹਾ ਹਲਕੇ ਦੇ ਅਕਾਲੀ ਆਗੂ ਡਿੰਪੀ ਢਿੱਲੋਂ ਦੀਆਂ ਬੱਸਾਂ ਦੇ 72 ਪਰਮਿਟ ਰੱਦ ਕਰਨ ਤੋਂ ਟਰਾਂਸਪੋਰਟਰ ਭੜਕ ਉਠੇ ਹਨ ਅਤੇ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਕ ਹਫਤੇ ਦੇ ਅੰਦਰ ਅੰਦਰ ਪਰਮਿਟ ਬਹਾਲ ਕਰਨ ਜਾਂ ਫਿਰ ਹਰ ਥਾਂ ਘਿਰਾਓ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਵਿੰਗ ਦੇ ਸਕੱਤਰ ਜਨਰਲ ਗੁਰਬਿੰਦਰ ਸਿੰਘ ਬਿੰਦਰ ਮਨੀਲਾ, ਜਨਰਲ ਸਕੱਤਰ ਬਲਜਰਿੰਦਰ ਸਿੰਘ ਬੱਬੂ ਭਾਦਸੋਂ, ਪ੍ਰੈਸ ਸਕੱਤਰ ਰਾਣਾ ਪੰਜੇਟਾ, ਪਾਲ ਸਿੰਘ ਕੁਲੇਮਾਜਰਾ ਜ਼ਿਲ੍ਹਾ ਪ੍ਰਧਾਨ, ਬਹਾਦਰ ਸਿੰਘ ਫਤਿਹਗੜ੍ਹ ਸਾਹਿਬ, ਜਿੰਮੀ ਫਰੀਦਕੋਟ, ਮਿੰਟੂ, ਲਖਬੀਰ ਸਿੰਘ ਸਹੋਤਾ, ਰਣਜੀਤ ਸਿੰਘ ਡਡੋਆ ਅਤੇ ਲਾਡੀ ਸਭੱਰਵਾਲ ਆਟੋ ਯੂਨੀਅਨ ਪਟਿਆਲਾ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਸਿਆਸੀ ਬਦਲਾਖੋਰੀ ਦੀ ਨੀਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਡਿੰਪੀ ਢਿੱਲੋਂ ਦੀਆਂ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਹਨ ਜਦੋਂ ਕਿ ਕਾਂਗਰਸੀ ਆਗੂ ਅਵਤਾਰ ਹੈਨਰੀ ਜਿਹਨਾਂ ਵੱਲ 2 ਕਰੋੜ ਰੁਪਏ ਦਾ ਟੈਕਸ ਬਕਾਇਆ ਹੈ, ਕਿੱਕੀ ਢਿੱਲੋਂ ਜਿਹਨਾਂ ਵੱਲ 1 ਕਰੋੜ ਰੁਪਏ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀਆਂ ਬੱਸਾਂ ਵੱਲ 13 ਲੱਖ ਰੁਪਏ ਟੈਕਸ ਬਕਾਇਆ ਹੈ, ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਰਾਜਾ ਵੜਿੰਗ ਨੇ ਸਿਰਫ ਅਕਾਲੀ ਆਗੂਆਂ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਬਹੁਤ ਹੀ ਨਿੰਦਣਯੋਗ ਗੱਲ ਹੈ।

ਇਹਨਾਂ ਆਗੂਆਂ ਨੇ ਕਿਹਾ ਕਿ ਡਿੰਪੀ ਢਿੱਲੋਂ ਸਮੇਤ ਹੋਰ ਟਰਾਂਸਪੋਰਟ ਆਪਣਾ ਟੈਕਸ ਨਿਯਮਿਤ ਰੂਪ ਵਿਚ ਜਮ੍ਹਾਂ ਕਰਵਾ ਰਹੇ ਸਨ ਪਰ ਕੋਰੋਨਾ ਸੰਕਟ ਕਾਰਨ ਇਹ ਟੈਕਸ ਟੁੱਟ ਗਿਆ। ਉਹਨਾਂ ਕਿਹਾ ਕਿ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਹਿਲੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਮੀਟਿੰਗਾਂ ਦੌਰਾਨ ਟਰਾਂਸਪੋਰਟਰਾਂ ਨੁੰ ਰਾਹਤ ਦੇਣ ਦੀ ਗੱਲ ਉਠੀ ਸੀ ਤੇ ਸਰਕਾਰ ਨੇ ਭਰੋਸਾ ਦੁਆਇਆ ਸੀ ਕਿ ਟਰਾਂਸਪੋਰਟਰਾਂ ਨੂੰ ਕੋਰੋਨਾ ਸੰਕਟ ਦੇ ਮੱਦੇਨਜ਼ਰ ਰਾਹਤ ਦਿੱਤੀ ਜਾਵੇਗੀ ਪਰ ਇਹ ਰਾਹਤ ਮਿਲਣ ਤੋਂ ਬਾਅਦ ਪਹਿਲਾਂ ਹੀ ਰਾਜਾ ਵੜਿੰਗ ਨੇ ਪਹਿਲਾਂ ਹੀ ਮੰਦਹਾਲੀ ਦਾ ਸਾਹਮਣਾ ਕਰ ਰਹੇ ਟਰਾਂਸਪੋਰਟਰਾਂ ਖਿਲਾਫ ਬਦਲਾਖੋਰੀ ਦੀ ਨੀਤੀ ਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਡਿੰਪੀ ਢਿੱਲੋਂ ਦੀਆਂ ਬੱਸਾਂ ਦੇ ਪਰਮਿਟ ਰੱਦ ਕਰਨ ਤੋਂ ਭੜਕੇ ਟਰਾਂਸਪੋਰਟਰ;ਟਰਾਂਸਪੋਰਟ ਮੰਤਰੀ ਨੂੰ ਇਕ ਹਫਤੇ ਦਾ ਦਿੱਤਾ ਅਲਟੀਮੇਟਮ
ਉਹਨਾਂ ਕਿਹਾ ਕਿ ਅੱਜ ਬੱਸ ਸੈਕਟਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਕੱਲ੍ਹ ਨੂੰ ਟਰੱਕ ਅਪਰੇਟਰਾਂ ਤੇ ਟੈਂਪੂ ਚਾਲਕਾਂ ਸਮੇਤ ਹੋਰ ਵਰਗਾਂ ਦਾ ਨੰਬਰ ਵੀ ਲੱਗ ਸਕਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬਜਾਏ ਇਸ ਖੇਤਰ ਦੇ ਮੰਤਰੀ ਦੇ ਬਣ ਕੇ ਲੋਕਾਂ ਨੂੰ ਰਾਹਤ ਦੇਣ ਦੇ ਉਲਟਾ ਰਾਜਾ ਵੜਿੰਗ ਵੱਲੋਂ ਲੋਕਾਂ ਤੋਂ ਰੋਜ਼ਗਾਰ ਖੋਹਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੈਂਕੜੇ ਦੀ ਗਿਣਤੀ ਵਿਚ ਬੱਸਾਂ ਬੰਦ ਹੋਣ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਡਰਾਈਵਰ, ਕੰਡਕਟਰ ਤੇ ਹੋਰ ਕਾਮੇ ਬੇਰੋਜ਼ਗਾਰ ਹੋ ਰਹੇ ਹਨ ਜਿਸ ਲਈ ਰਾਜਾ ਵੜਿੰਗ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।

ਇਹਨਾਂ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕਿ ਚੰਨੀ ਸਰਕਾਰ ਟਰੱਕ ਯੂਨੀਅਨ ਭੰਗ ਕਰਨ ਦੇ ਕੈਪਟਨ ਅਮਰਿੰਦਰ ਸਰਕਾਰ ਦੇ ਫੈਸਲੇ ਦੀ ਸਮੀਖਿਆ ਕਰੇ ਤੇ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣ। ਉਹਨਾਂ ਕਿਹਾ ਕਿ ਪਿਛਲੇ ਤਕਰੀਬਨ ਪੰਜ ਸਾਲਾਂ ਵਿਚ 55 ਹਜ਼ਾਰ ਕੇ ਕਰੀਬ ਟਰੱਕ ਕਬਾੜ ਵਿਚ ਵਿਕ ਗਏ ਹਨ ਤੇ ਹਜ਼ਾਰਾਂ ਟਰੱਕ ਅਪਰੇਟਰ ਬੇਰੋਜ਼ਗਾਰ ਹੋ ਗਏ ਹਨ । ਉਹਨਾਂ ਕਿਹਾ ਕਿ ਇਸ ਫੈਸਲੇ ਦੀ ਤੁਰੰਤ ਸਮੀਖਿਆ ਕਰ ਕੇ ਟਰੱਕ ਯੂਨੀਅਨਾਂ ਬਹਾਲ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਅਪਰੇਟਰਾਂ ਨੁੰ ਆਪਣਾ ਰੋਜ਼ਗਾਰ ਮੁੜ ਵਾਪਸ ਮਿਲ ਸਕੇ।