ਦੁਬਈ ਦੀ ਇੱਕ ਕੰਪਨੀ ਬੰਦ ਹੋਣ ਨਾਲ ਕਈ ਨੌਜਵਾਨ ਹੋਏ ਬੇਰੁਜ਼ਗਾਰ ; ਮਸੀਹਾ ਬਣੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐੱਸ ਪੀ ਸਿੰਘ ਓਬਰਾਏ

315

ਦੁਬਈ ਦੀ ਇੱਕ ਕੰਪਨੀ ਬੰਦ ਹੋਣ ਨਾਲ ਕਈ ਨੌਜਵਾਨ ਹੋਏ ਬੇਰੁਜ਼ਗਾਰ ; ਮਸੀਹਾ ਬਣੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ  ਡਾ ਐੱਸ ਪੀ ਸਿੰਘ ਓਬਰਾਏ

ਕੰਵਰ ਇੰਦਰ ਸਿੰਘ, ਪਟਿਆਲਾ 14 ਫਰਵਰੀ :

ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾ. ਐਸ.ਪੀ ਸਿੰਘ ਓਬਰਾਏ ਇਕ ਵਾਰ ਫਿਰ ਵਿਦੇਸ਼ੀ ਧਰਤੀ ‘ਤੇ ਬੇ ਸਹਾਰਾ ਨੌਜਵਾਨਾਂ ਦਾ ਮਸੀਹਾ ਬਣ ਕੇ ਸਾਹਮਣੇ ਆਏ ਹਨ। ਦੁਬਈ ਵਿਚ ਇਕ ਸਕਿਉਰਿਟੀ ਕੰਪਨੀ ਬੰਦ ਹੋਣ ਨਾਲ ਉਥੇ ਸਕਿਊਰਿਟੀ ਗਾਰਡ ਦੇ ਤੌਰ ਤੇ ਕੰਮ  ਕਰਨ ਵਾਲੇ ਨੌਜਵਾਨ ਬੇਸਹਾਰਾ ਹੋ ਗਏ ਹਨ। ਡਾ. ਓਬਰਾਏ ਨੇ ਇਨਾਂ ਨੌਜਵਾਨਾਂ ਨੂੰ ਘਰ ਲਿਆਉਣ ਲਈ ਬਾਂਹ ਫੜੀ ਹੈ।

ਦੁਬਈ ਦੀ ਇਸ ਸਕਿਊਰਿਟੀ ਕੰਪਨੀ ਬੰਦ ਹੋਣ ਨਾਲ ਉਥੇ ਕੰਮ ਕਰਦੇ ਕਈ ਨੋਜਵਾਨ ਬੇਰੁਜਗਾਰ ਹੋ ਗਏ ਹਨ, ਜਿਨਾਂ ਵਿਚ ਪੰਜਾਬੀਆਂ ਦੀ ਗਿਣਤੀ ਜਿਆਦਾ ਹੈ।

ਵਿਦੇਸ਼ੀ ਧਰਤੀ ‘ਤੇ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਨੌਜਵਾਨ ਆਪਣੇ ਦੇਸ਼ ਪਰਤਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੋ ਰਹੇ ਹਨ। ਦੁਬਈ ਵਿਚ ਫਸੇ ਅਜਿਹੇ ਨੌਜਵਾਨਾਂ ਦੀ ਗਿਣਤੀ 28 ਤੱਕ ਦੱਸੀ ਜਾ ਰਹੀ ਹੈ Î

ਜਿਨਾਂ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੀ ਹੈ। ਕਰੀਬ ਚਾਰ ਮਹੀਨੇ ਪਹਿਲਾਂ ਹੀ ਇਸ ਨੌਜਵਾਨ ਨੌਕਰੀ ਲਈ ਦੁਬਈ ਗਏ ਸਨ। ਜਿਥੇ ਇਕ ਸਕਿਊਰਿਟੀ ਕੰਪਨੀ ਵਿਚ  ਕੰਮ ਤਾਂ ਮਿਲਿਆ ਪਰ ਤਨਖਾਹ ਨਹੀਂ ਮਿਲੀ, ਆਖਰ ਚਾਰ ਮਹੀਨੇ ਬਾਅਦ ਮਾਲਕ ਕੰਪਨੀ ਬੰਦ ਕਰਕੇ ਫਰਾਰ ਹੋ ਗਿਆ। ਜਿਸਤੋਂ ਬਾਅਦ ਨੌਜਵਾਨ ਸੜਕਾਂ ‘ਤੇ ਆ ਗਏ। ਫਿਲਹਾਲ ਇਨਾਂ ਨੌਜਵਾਨਾਂ ਕੋਲ ਨਾ ਰਹਿਣ ਲਈ ਕੋਈ ਠਿਕਾਣਾ ਰਿਹਾ ਤੇ ਨਾ ਹੀ ਖਾਣ ਲਈ ਜੇਬ ਵਿਚ ਕੋਈ ਧੇਲਾ ਰਿਹਾ ਹੈ।

 

ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾ. ਐਸ.ਪੀ ਸਿੰਘ ਓਬਰਾਏ ਦੇ ਇਹ ਮਾਮਲਾ ਧਿਆਨ ਵਿਚ ਆਇਆ ਤਾਂ ਉਨਾਂ ਨੌਜਵਾਨਾਂ ਨੂੰ ਆਪਣੇ ਘਰ ਤੱਕ ਪਹੁੰਚਾਉਣ ਦਾ ਜਿੰਮਾ ਚੁੱਕ ਲਿਆ। ਡਾ. ਓਬਰਾਏ 28 ਨੌਜਵਾਨਾਂ ਵਿਚੋਂ 8 ਨੂੰ ਦੁਬਈ ਤੋਂ ਹਵਾਈ ਜਹਾਜ ਰਾਹੀਂ ਪੰਜਾਬ ਲਿਆਉਣਗੇ।

8 ਨੌਜਵਾਨਾਂ ਸਮੇਤ ਡਾ. ਓਬਰਾਏ 15 ਫਰਵਰੀ ਨੂੰ ਮੁਹਾਲੀ ਏਅਰਪੋਰਟ ‘ਤੇ ਪੁੱਜਣਗੇ। ਇਨਾਂ ਤੋਂ ਇਲਾਵਾ ਹੋਰ ਨੌਜਵਾਨਾਂ ਨੂੰ ਵੀ ਆਪਣੇ ਘਰ ਤੱਕ ਪਹੁੰਚਾਉਣ ਲਈ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਾਰੀ ਕਾਰਵਾਈ ਪੂਰੀ ਹੋਣ ‘ਤੇ ਬਾਕੀਆਂ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ।

ਦੱਸਣਾ ਬਣਦਾ ਹੈ ਕਿ ਅਰਬ ਦੇਸ਼ਾਂ ਅੰਦਰ ਸਜ਼ਾ ਜ਼ਾਫਤਾ ਅਨੇਕਾਂ ਨੌਜਵਾਨਾਂ ਨੂੰ ਫ਼ਾਸੀ ਦੇ ਫ਼ੰਦੇ ਤੋਂ ਬਚਾਉਣ ਲਈ ਆਪਣੇ ਕੋਲੋਂ ਪਹਿਲਾਂ ਹੀ ਕਰੋੜਾਂ ਰੁਪਏ ਖਰਚ ਕਰ ਚੁੱਕੇ ‘ਸਰਬੱਤ ਦੇ ਭਲੇ’ ਦੀ ਭਾਵਨਾ ਤੇ ਤਨੋ-ਮਨੋ ਪਹਿਰਾ ਦੇਣ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਵਲੋਂ ਬੀਤੇ ਦਿਨ ਹੀ ਅਰਬ ਵਿਚ ਫਸੀਆਂ ਕੁੜੀਆਂ ਨੂੰ ਆਪਣੇ ਘਰ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ, ਜਿਸਤੋਂ ਬਾਅਦ ਅੱਜ ਮੁੜ ਪੰਜਾਬੀ ਨੌਜਵਾਨਾਂ ਲਈ ਮਸੀਹਾ ਬਣੇ ਹਨ। ਇਸ ਤੋਂ ਇਲਾਵਾ ਡਾ.ਐੱਸ.ਪੀ. ਸਿੰਘ ਓਬਰਾਏ ਆਪਣੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਾਹੀਂ ਹਰ ਸਾਲ ਆਪਣੇ ਕੋਲੋਂ ਸਿਹਤ,ਸਿੱਖਿਆ, ਵਿਦੇਸ਼ਾਂ ‘ਚ ਫਸੇ ਭਾਰਤੀਆਂ ਤੇ ਵਿਦੇਸ਼ਾਂ ਤੋਂ ਮ੍ਰਿਤਕ ਸਰੀਰ ਮੰਗਵਾਉਣ ਤੋਂ ਇਲਾਵਾ ਵੱਖ-ਵੱਖ ਖੇਤਰਾਂ ਅੰਦਰ ਲੋੜਵੰਦਾਂ ਦੀ ਸੇਵਾ ਲਈ ਕਰੋੜਾਂ ਰੁਪਏ ਖਰਚ ਕਰਦੇ ਹਨ ਅਤੇ ਇਸ ਟਰੱਸਟ ਵੱਲੋਂ ਕਿਸੇ ਨਾਲ ਵੀ ਜਾਤ- ਪਾਤ,ਦੇਸ਼ ਜਾਂ ਸੂਬੇ ਪੱਧਰ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਜਿਸ ਦੀ ਸਭ ਤੋਂ ਵੱਡੀ ਮਿਸਾਲ ਬਲੱਡ ਮਨੀ ਦੇ ਕੇ ਛੁਡਾਏ ਗਏ ਨੌਜਵਾਨਾਂ ‘ਚ ਭਾਰਤ ਤੋਂ ਇਲਾਵਾ ਪਾਕਿਸਤਾਨ,ਬੰਗਲਾਦੇਸ਼,ਸ੍ਰੀਲੰਕਾ ਤੇ ਫਿਲਪਾਈਨਜ਼ ਦੇ ਨੌਜਵਾਨ ਦੀ ਸ਼ਮੂਲੀਅਤ ਹੈ।