ਨਵਜੋਤ ਸਿੰਘ ਸਿੱਧੂ ਅੱਜ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਨ ਜਾ ਰਹੇ
ਕੰਵਰ ਇੰਦਰ ਸਿੰਘ/ 14 ਮਾਰਚ / ਚੰਡੀਗੜ੍ਹ,
ਪੰਜਾਬੀਆਂ ਨਾਲ ਸਿੱਧੇ ਰੂਪ ਵਿਚ, ਸਾਦੀ ਤੇ ਸਰਲ ਭਾਸ਼ਾ ‘ਚ ਆਪਣੇ ਵਿਚਾਰ ਸਾਂਝੇ ਕਰਨ ਲਈ ਨਵਜੋਤ ਸਿੰਘ ਸਿੱਧੂ ਅੱਜ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਨ ਜਾ ਰਹੇ ਹਨ।
‘ਜਿੱਤੇਗਾ ਪੰਜਾਬ’ ਨਾਮ ਦੇ ਇਸ ਯੂ-ਟਿਊਬ ਚੈਨਲ ਉੱਪਰ ਪੰਜਾਬ ਦੀ ਤਰੱਕੀ ਪਸੰਦ ਸੋਚ ਰੱਖਣ ਵਾਲਿਆਂ ਨੂੰ ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਖੁੱਲ੍ਹਾ ਸੱਦਾ ਹੋਵੇਗਾ। ਇਹ ਚੈਨਲ ਪੰਜਾਬ ਨੂੰ ਮੁੜ-ਉਸਾਰੀ ਅਤੇ ਪੁਨਰ-ਜਾਗ੍ਰਿਤੀ ਵੱਲ ਲੈ ਜਾਣ ਦੇ ਯਤਨ ਦਾ ਇੱਕ ਪਲੇਟਫਾਰਮ ਹੋਵੇਗਾ। ਨੌਂ ਮਹੀਨਿਆਂ ਦੇ ਆਤਮ-ਮੰਥਨ ਤੇ ਆਤਮ-ਉੱਥਾਨ ਤੋਂ ਬਾਅਦ ਸਾਬਕਾ ਮੰਤਰੀ, ਚਾਰ ਵਾਰ ਦੇ ਲੋਕ ਸਭਾ ਮੈਂਬਰ, ਵਿਧਾਇਕ (ਅੰਮ੍ਰਿਤਸਰ ਪੂਰਬੀ) ਸ. ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੇ ਭਖਦੇ ਮਸਲਿਆਂ ਉੱਪਰ ਆਵਾਜ਼ ਬੁਲੰਦ ਕਰਨਗੇ ਤੇ ਪੰਜਾਬ ਦੀ ਮੁੜ-ਉਸਾਰੀ ਇਕ ਕਲਿਆਣਕਾਰੀ ਰਾਜ ਦੇ ਰੂਪ ਵਿਚ ਕਰਨ ਦਾ ਠੋਸ ਰੋਡ ਮੈਪ ਵਿਚਾਰਨਗੇ। ਇਹ ਚੈਨਲ ਗੁਰੂ ਨਾਨਕ ਦੇਵ ਜੀ ਦੁਆਰਾ ਦਰਸ਼ਾਏ ਵਿਸ਼ਵ ਭਰਾਤਰੀ, ਪਿਆਰ ਤੇ ਸ਼ਾਂਤੀ ਦੇ ਮਾਰਗ ਤੋਂ ਪ੍ਰੇਰਣਾ ਲੈ ਕੇ ਆਪਣੀ ਗੱਲ ਰੱਖੇਗਾ।