”ਨਵੀਆਂ ਤਕਨੀਕਾਂ ਨਾਲ਼ ਅਪਡੇਟ ਅਪਰਾਧੀਆਂ ਨਾਲ਼ ਨਜਿੱਠਣ ਲਈ ਫ਼ੌਰੈਂਸਿਕ ਮਾਹਿਰਾਂ ਦਾ ਸਮਰੱਥ ਹੋਣਾ ਜ਼ਰੂਰੀ’; ‘ਫ਼ੋਰੈਂਸਿਕ ਵਿਗਿਆਨ ਉੱਤੇ ਕਾਨਫ਼ਰੰਸ ਆਰੰਭ

400

”ਨਵੀਆਂ ਤਕਨੀਕਾਂ ਨਾਲ਼ ਅਪਡੇਟ ਅਪਰਾਧੀਆਂ ਨਾਲ਼ ਨਜਿੱਠਣ ਲਈ ਫ਼ੌਰੈਂਸਿਕ ਮਾਹਿਰਾਂ ਦਾ ਸਮਰੱਥ ਹੋਣਾ ਜ਼ਰੂਰੀ’; ‘ਫ਼ੋਰੈਂਸਿਕ ਵਿਗਿਆਨ ਉੱਤੇ ਕਾਨਫ਼ਰੰਸ ਆਰੰਭ

ਪਟਿਆਲਾ/ ਮਾਰਚ 16,2023

‘ਨਵੀਆਂ ਤਕਨੀਕਾਂ ਨਾਲ਼ ਅਪਡੇਟ ਅਪਰਾਧੀਆਂ ਨਾਲ਼ ਨਜਿੱਠਣ ਲਈ ਫ਼ੌਰੈਂਸਿਕ ਮਾਹਿਰਾਂ ਦਾ ਸਮਰੱਥ ਹੋਣਾ ਜ਼ਰੂਰੀ ਹੈ। ਇਹ ਲਾਜ਼ਮੀ ਹੈ ਕਿ ਇਸ ਵਿਸ਼ੇ ਦੇ ਮਾਹਿਰ ਆਪਣੇ ਖੇਤਰ ਵਿੱਚ ਸਮੇਂ ਦੇ ਹਿਸਾਬ ਨਾਲ਼ ਹੋਰ ਨਿਪੁੰਨਤਾ ਹਾਸਿਲ ਕਰਦੇ ਰਹਿਣ ਤਾਂ ਕਿ ਨਵੀਂਆਂ ਕਿਸਮਾਂ ਨਾਲ਼ ਕੀਤੇ ਜਾਂਦੇ ਅਪਰਾਧਾਂ ਨੂੰ ਨੱਥ ਪਾਈ ਜਾ ਸਕੇ।’

ਅਜਿਹੇ ਵਿਚਾਰ ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਈ ਫ਼ੋਰੈਂਸਿਕ ਵਿਗਿਆਨ ਦੀ ਕਾਨਫ਼ਰੰਸ ਵਿੱਚ ਪਹੁੰਚੇ ਵੱਖ-ਵੱਖ ਬੁਲਾਰਿਆਂ ਦੇ ਭਾਸ਼ਣ ਵਿੱਚੋਂ ਉੱਭਰ ਕੇ ਸਾਹਮਣੇ ਆਏ। ‘ਫ਼ੋਰੈਂਸਿਕ ਵਿਗਿਆਨ ਜਗਤ ਦੇ ਤਾਜ਼ਾ ਰੁਝਾਨ’ ਵਿਸ਼ੇ ਉੱਤੇ ਅੱਜ ਆਰੰਭ ਹੋਈ ਇਹ ਕਾਨਫ਼ਰੰਸ ਪੰਜਾਬੀ ਯੂਨੀਵਰਸਿਟੀ ਦੇ ਫ਼ੌਰੈਂਸਿਕ ਵਿਗਿਆਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਹੈ।

ਵਿਭਾਗ ਮੁਖੀ ਪ੍ਰੋ. ਮੁਕੇਸ਼ ਠੱਕਰ ਨੇ ਕਾਨਫ਼ਰੰਸ ਦੇ ਮਕਸਦ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਅੱਜ ਦਾ ਦੌਰ ਤਕਨੀਕ ਦਾ ਦੌਰ ਹੈ ਜਿਸ ਵਿੱਚ ਅਪਰਾਧੀ ਵੀ ਨਿੱਤ ਨਵੀਆਂ ਪੈਦਾ ਹੋ ਰਹੀਆਂ ਤਕਨੀਕਾਂ ਦਾ ਸਹਾਰਾ ਲੈ ਕੇ ਅਪਰਾਧ ਕਰਨ ਵਿੱਚ ਸਮਰੱਥ ਹੋ ਗਏ ਹਨ। ਅਜਿਹੇ ਦੌਰ ਵਿੱਚ ਫ਼ੌਰੈਂਸਿਕ ਵਿਗਿਆਨ ਦੀ ਤਰੱਕੀ ਲਈ ਜਿੱਥੇ ਸਮਰੱਥ ਖੋਜਾਂ ਦੀ ਜ਼ਰੂਰਤ ਹੈ ਉੱਥੇ ਹੀ ਇਸ ਖੇਤਰ ਦੇ ਵੱਖ-ਵੱਖ ਮਾਹਿਰਾਂ ਦੇ ਆਪਸੀ ਵਿਚਾਰ-ਵਟਾਂਦਰੇ ਲਈ ਅਜਿਹੀਆਂ ਕਾਨਫ਼ਰੰਸਾਂ ਦਾ ਆਯੋਜਨ ਬਹੁਤ ਜ਼ਰੂਰੀ ਹੈ।

''ਨਵੀਆਂ ਤਕਨੀਕਾਂ ਨਾਲ਼ ਅਪਡੇਟ ਅਪਰਾਧੀਆਂ ਨਾਲ਼ ਨਜਿੱਠਣ ਲਈ ਫ਼ੌਰੈਂਸਿਕ ਮਾਹਿਰਾਂ ਦਾ ਸਮਰੱਥ ਹੋਣਾ ਜ਼ਰੂਰੀ'; 'ਫ਼ੋਰੈਂਸਿਕ ਵਿਗਿਆਨ ਉੱਤੇ ਕਾਨਫ਼ਰੰਸ ਆਰੰਭ

ਉਨ੍ਹਾਂ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ ਭਾਰਤ ਤੋਂ ਬਾਹਰ ਦੇ ਡੈਲੀਗੇਟਸ ਵੀ ਪਹੁੰਚੇ ਹਨ। ਇਨ੍ਹਾਂ ਵਿੱਚ ਬੰਗਲਾ ਦੇਸ ਅਤੇ ਕੈਨੇਡਾ ਦੇ ਡੈਲੀਗੇਟਸ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਦੇਸ ਭਰ ਦੀਆਂ ਪ੍ਰਸਿੱਧ ਲੈਬਾਰਟਰੀਆਂ ਤੋਂ ਮਾਹਿਰ ਇਸ ਕਾਨਫ਼ਰੰਸ ਵਿੱਚ ਸਿ਼ਰਕਤ ਕਰ ਰਹੇ ਹਨ।

ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਆਇਸਰ ਮੋਹਾਲੀ ਦੇ ਡਾਇਰੈਕਟਰ ਪ੍ਰੋ. ਗੌਰੀਸ਼ੰਕਰ ਨੇ ਆਪਣੇ ਭਾਸ਼ਣ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਵਿਗਿਆਨਕ ਸਬੂਤ ਹਮੇਸ਼ਾ ਨਿਰਪੱਖ ਹੋਣਾ ਚਾਹੀਦਾ ਹੈ। ਇਸ ਲਈ ਇਸ ਖੇਤਰ ਵਿੱਚ ਸਾਰੀਆਂ ਤਕਨੀਕਾਂ ਇਸੇ ਦਿਸ਼ਾ ਵਿੱਚ ਕੰਮ ਕਰਦੀਆਂ ਹੋਣੀਆਂ ਚਾਹੀਦੀਆਂ ਹਨ।

ਉਦਘਾਟਨੀ ਸੈਸ਼ਨ ਦੌਰਾਨ ਕੁੰਜੀਵਤ ਭਾਸ਼ਣ ਵਿੱਚ ਏ. ਡੀ. ਜੀ. ਪੀ. ਪੰਜਾਬ (ਟਰੈਫਿਕ) ਏ.ਐੱਸ. ਰਾਏ ਨੇ ਕਿਹਾ ਕਿ ਮੁਕੱਦਮਿਆਂ ਦੌਰਾਨ ਵਰਤੀਆਂ ਜਾਣ ਵਾਲੀਆਂ ਵਿਗਿਆਨਕ ਤਕਨੀਕਾਂ ਪੁਖਤਾ ਹੋਣੀਆਂ ਚਾਹੀਦੀਆਂ ਹਨ। ਵਰਤੋਂ ਤੋਂ ਪਹਿਲਾਂ ਇਹਨਾਂ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ। ਅਜਿਹਾ ਹੋਣ ਨਾਲ ਵੱਖ ਵੱਖ ਅਪਰਾਧਾਂ ਦੇ ਖੇਤਰ ਵਿੱਚ ਅਪਰਾਧੀਆਂ ਉੱਤੇ ਦੋਸ਼ ਲੱਗੇ ਹੋਣ ਤੋਂ ਲੈ ਕੇ ਦੋਸ਼ ਸਾਬਤ ਹੋਣ ਤੱਕ ਦੀ ਪ੍ਰਕਿਰਿਆ ਵਿਚ ਹੋਰ ਸੁਧਾਰ ਆ ਸਕਦਾ ਹੈ।

ਉਦਘਾਟਨੀ ਸੈਸ਼ਨ ਦੇ ਦੂਜੇ ਮੁੱਖ ਬੁਲਾਰੇ ਡਾ. ਜੀ. ਕੇ. ਗੋਸਵਾਮੀ,ਏ. ਡੀ. ਜੀ. ਪੀ. ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਪੱਛਮੀ ਦੇਸਾਂ ਵਿਚ ਅਜਿਹੀਆਂ ਅਨੇਕ ਉਦਾਹਰਣਾਂ ਹਨ ਜਦੋਂ ਫੋਰੈਂਸਿਕ ਵਿਗਿਆਨ ਨੇ ਹਾਲੇ ਤਰੱਕੀ ਨਹੀਂ ਸੀ ਕੀਤੀ ਉਸ ਸਮੇਂ ਬਹੁਤ ਸਾਰੇ ਨਿਰਦੋਸ਼ ਲੋਕਾਂ ਨੂੰ ਸਜ਼ਾ ਮਿਲ ਗਈ ਸੀ। ਬਾਅਦ ਵਿੱਚ ਡੀ.ਐੱਨ. ਏ. ਜਾਂਚ ਜਿਹੀਆਂ ਅਨੇਕ ਵਿਧੀਆਂ ਦਾ ਈਜਾਦ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਾਨੂੰ ਇਸ ਦਿਸ਼ਾ ਵਿੱਚ ਹੋਰ ਨਿੱਠ ਕੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਕਿਸੇ ਨਿਰਦੋਸ਼ ਵਿਅਕਤੀ ਨੂੰ ਸਜ਼ਾ ਨਾ ਮਿਲੇ ਅਤੇ ਦੂਜੇ ਪਾਸੇ ਦੋਸ਼ੀ ਵਿਅਕਤੀਸਜ਼ਾ ਤੋਂ ਬਚ ਨਾ ਸਕੇ।

''ਨਵੀਆਂ ਤਕਨੀਕਾਂ ਨਾਲ਼ ਅਪਡੇਟ ਅਪਰਾਧੀਆਂ ਨਾਲ਼ ਨਜਿੱਠਣ ਲਈ ਫ਼ੌਰੈਂਸਿਕ ਮਾਹਿਰਾਂ ਦਾ ਸਮਰੱਥ ਹੋਣਾ ਜ਼ਰੂਰੀ'; 'ਫ਼ੋਰੈਂਸਿਕ ਵਿਗਿਆਨ ਉੱਤੇ ਕਾਨਫ਼ਰੰਸ ਆਰੰਭ

ਵਾਇਸ ਚਾਂਸਲਰ ਪ੍ਰੋ ਅਰਵਿੰਦ ਨੇ ਇਸ ਕਾਨਫਰੰਸ ਦਾ ਆਯੋਜਨ ਸੰਬੰਧੀ ਵਿਸ਼ੇਸ਼ ਤੌਰ ਉਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਕਾਨਫ਼ਰੰਸ ਵਿੱਚ ਪੜ੍ਹੇ ਜਾਣ ਵਾਲੇ ਸਾਰੇ ਖੋਜ ਪੱਤਰਾਂ ਵਿੱਚੋਂ ਪ੍ਰਾਪਤ ਸੁਝਾਵਾਂ ਨੂੰ ਇਕੱਤਰ ਕਰ ਕੇ ਸੰਬੰਧਤ ਦਸਤਾਵੇਜ਼ ਸਰਕਾਰ ਨੂੰ ਭੇਜਿਆ ਜਾਵੇਗਾ ਤਾਂ ਕਿ ਨੀਤੀ ਨਿਰਮਾਣ ਵਿੱਚ ਕੰਮ ਆ ਸਕੇ।

ਉਦਘਾਟਨੀ ਸੈਸ਼ਨ ਦਾ ਸਮੁੱਚਾ ਸੰਚਾਲਨ ਡਾ. ਰਾਜਿੰਦਰ ਸਿੰਘ ਨੇ ਕੀਤਾ।