ਨੈਸ਼ਨਲ ਹਾਈਵੇ ਨਾਲ ਜੋੜਨ ਲਈ ਸਿਰਸਾ ਨਦੀ ਤੇ ਪੁੱਲ ਦਾ ਨਿਰਮਾਣ ਅਤੇ ਨਵੀਨੀਕਰਨ ਕੀਤਾ ਜਾਵੇਗਾ: ਮਨੀਸ਼ ਤਿਵਾੜੀ
ਬਹਾਦਰਜੀਤ ਸਿੰਘ/ ਸ੍ਰੀ ਅਨੰਦਪੁਰ ਸਾਹਿਬ ,29 ਦਸੰਬਰ,2022
ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਯਤਨਾਂ ਸਦਕਾ ਹੁਣ ਸ੍ਰੀ ਅਨੰਦਪੁਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਕੋਟਬਾਲਾ, ਮਾਜਰੀ ਆਸਪੁਰ, ਅਵਾਨਕੋਟ ਲੋਅਰ, ਅਵਾਨਕੋਟ ਅੱਪਰ, ਆਲੋਵਾਲ, ਖਰੋਟਾ ਆਦਿ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਨੈਸ਼ਨਲ ਹਾਈਵੇ ਨਾਲ ਜੋੜਨ ਦੀ ਵੱਡੀ ਮੰਗ ਜਲਦੀ ਪੂਰੀ ਕੀਤੀ ਜਾਵੇਗੀ। ਜਿਸਦੀ ਪੁਸ਼ਟੀ ਕੇਂਦਰੀ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨੇ ਸੰਸਦ ਮੈਂਬਰ ਵੱਲੋਂ ਲਿਖੇ ਪੱਤਰ ਦੇ ਜਵਾਬ ਵਿੱਚ ਕੀਤੀ ਹੈ।
ਜਿਕਰਯੋਗ ਹੈ ਕਿ ਪਿੰਡ ਕੋਟਬਾਲਾ, ਮਾਜਰੀ ਆਸਪੁਰ, ਅਵਾਨਕੋਟ ਲੋਅਰ, ਅਵਨਕੋਟ ਅੱਪਰ, ਆਲੋਵਾਲ, ਖਰੋਟਾ ਆਦਿ ਪਿੰਡਾਂ ਦੇ ਵਫਦ ਨੇ ਐਮ.ਪੀ ਤਿਵਾੜੀ ਨੂੰ ਮਿਲ ਕੇ ਉਨ੍ਹਾਂ ਦੇ ਪਿੰਡਾਂ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਲਈ ਬੀ.ਬੀ.ਐਮ.ਬੀ. ਨਹਿਰ ‘ਤੇ ਮੌਜੂਦਾ ਪੁਲ ਦੀ ਮੁਰੰਮਤ ਕਰਵਾਉਣ ਜਾਂ ਫਿਰ ਨਵਾਂ ਪੁਲ ਬਣਵਾਉਣ ਦੀ ਮੰਗ ਕੀਤੀ ਸੀ। ਇਸ ਸਬੰਧੀ ਸੰਸਦ ਮੈਂਬਰ ਤਿਵਾੜੀ ਨੇ ਕੇਂਦਰੀ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨੂੰ ਪੱਤਰ ਲਿਖਿਆ ਸੀ ਤੇ ਵਿਅਕਤੀਗਤ ਤੌਰ ਤੇ ਮੁਲਾਕਾਤ ਵੀ ਕੀਤੀ ਸੀ।
ਕੇਂਦਰੀ ਰਾਜ ਮੰਤਰੀ ਨੇ ਸੰਸਦ ਮੈਂਬਰ ਤਿਵਾੜੀ ਨੂੰ ਕਿਹਾ ਹੈ ਕਿ ਇਸ ਮਾਮਲੇ ‘ਤੇ ਬੀਬੀਐਮਬੀ ਨਾਲ ਗੱਲਬਾਤ ਕੀਤੀ ਗਈ ਹੈ। ਸਿਰਸਾ ਨਦੀ ‘ਤੇ ਬਣੇ ਪੁਲ ਦੇ ਨਿਰਮਾਣ ਅਤੇ ਨਵੀਨੀਕਰਨ ਲਈ ਪ੍ਰਸ਼ਾਸਨਿਕ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪੁਲ ਦਾ ਡਿਜ਼ਾਈਨ ਅਤੇ ਡਰਾਇੰਗ ਤਕਨੀਕੀ ਜਾਂਚ ਲਈ ਆਈਆਈਟੀ ਰੋਪੜ ਨੂੰ ਭੇਜ ਦਿੱਤੇ ਗਏ ਹਨ। ਲੋੜੀਂਦੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਕੰਮ ਲਈ ਟੈਂਡਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।