ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੇ ਵੀ ‘ਕੈਪਟਨ ਨੂੰ ਪੁੱਛੋ’ ਲਾਈਵ ਪ੍ਰੋਗਰਾਮ ‘ਚ ਪੁੱਛੇ ਸਵਾਲ

262

ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੇ ਵੀ ‘ਕੈਪਟਨ ਨੂੰ ਪੁੱਛੋ’ ਲਾਈਵ ਪ੍ਰੋਗਰਾਮ ‘ਚ ਪੁੱਛੇ ਸਵਾਲ

ਪਟਿਆਲਾ, 4 ਜੁਲਾਈ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਆਪਣੀ ਜੰਗ ‘ਮਿਸ਼ਨ ਫ਼ਤਿਹ’ ਦੌਰਾਨ ਅਰੰਭ ਕੀਤੇ ਗਏ ਵਿਸ਼ੇਸ਼ ਫੇਸਬੁਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਪੁੱਛੋ’ ਦੌਰਾਨ ਅੱਜ ਪਟਿਆਲਾ ਜ਼ਿਲ੍ਹੇ ਦੇ 4 ਵਸਨੀਕਾਂ ਨੇ ਵੀ ਸਵਾਲ ਪੁੱਛੇ।

ਪਟਿਆਲਾ ਦੇ ਦਲਜੀਤ ਕੌਰ ਵੱਲੋਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਕੂਲ ਫੀਸਾਂ ਦੇ ਸਬੰਧ ਵਿੱਚ ਦਿੱਤੇ ਗਏ ਫੈਸਲੇ ਬਾਰੇ ਆਪਣੀ ਨਾਖੁਸ਼ੀ ਦਾ ਇਜ਼ਹਾਰ ਕਰਨ ਅਤੇ ਸੁਪਰੀਮ ਕੋਰਟ ਲੈ ਕੇ ਜਾਣ ਦੀ ਮੰਗ ਕਰਨ ‘ਤੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਇਸ ਮਾਮਲੇ ‘ਚ ਮਾਪਿਆਂ ਦੇ ਨਾਲ ਹੈ ਅਤੇ ਇਸ ਮਾਮਲੇ ‘ਤੇ ਸੁਪਰੀਮ ਕੋਰਟ ਜਾਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਹੀ ਰੀਵਿਊ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਮਾਮਲੇ ‘ਤੇ ਆਪਣੇ ਕਿਹਾ ਕਿ ਉਹ ਵੀ ਇਸ ਨਾਲ ਸਹਿਮਤ ਹਨ ਕਿ ਜੇਕਰ ਸਕੂਲ ਨਹੀਂ ਗਏ ਬੱਚੇ ਤਾਂ ਵਾਧੂ ਫੀਸ ਕਿਊਂ ਦਿੱਤੀ ਜਾਵੇ।

ਪਟਿਆਲਾ ਦੇ ਹੀ ਹਰੀਸ਼ ਮਿਗਲਾਨੀ ਵੱਲੋਂ ਬਰਸਾਤ ਦੇ ਮੌਸਮ ਦੌਰਾਨ ਡੇਂਗੂ ਬਾਰੇ ਪ੍ਰਗਟ ਕੀਤੇ ਤੌਖ਼ਲੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਅਗਲੇ 15 ਦਿਨਾਂ ‘ਚ ਸਾਰੇ ਸੂਬੇ ‘ਚ ਮੱਛਰ ਮਾਰ ਸਪਰੇਅ ਦਾ ਛਿੜਕਾਅ ਕਰਵਾਇਆ ਜਾਵੇਗਾ, ਜਿਸ ਦੇ ਪੂਰੇ ਪ੍ਰਬੰਧ ਕਰ ਲਏ ਗਏ ਹਨ।

ਪਟਿਆਲਾ ਦੇ ਡਾ. ਅਰਜੁਨ ਚਾਵਲਾ ਵੱਲੋਂ ਸਿਹਤ ਵਿਭਾਗ ਵਿੱਚ ਡਾਕਟਰਾਂ ਅਤੇ ਹੋਰ ਅਮਲੇ ਦੀ ਭਰਤੀ ਸਬੰਧੀਂ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਡਾਕਟਰਾਂ, ਸੀਨੀਅਰ ਡਾਕਟਰਾਂ, ਪੈਰਾ ਮੈਡੀਕਲ ਅਤੇ ਹੋਰ ਅਮਲੇ ਦੀ ਭਰਤੀ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਕਮੇਟੀ ਦਾ ਗਠਨ ਹੋ ਗਿਆ ਹੈ ਅਤੇ ਜਲਦੀ ਹੀ ਨੋਟੀਫਿਕੇਸ਼ਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਕਰਕੇ ਡਾਕਟਰਾਂ ਤੇ ਸਿਹਤ ਸਟਾਫ਼ ਦੀ ਭਰਤੀ ਕਰਨੀ ਸਾਡੇ ਲਈ ਜਰੂਰੀ ਹੋ ਗਈ ਹੈ।

ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮੌਜੂਦਾ ਵਰ੍ਹੇ ਵਿੱਚ ਸਾਰੇ ਬਲਾਕਾਂ ਵਿੱਚ 750 ਨਵੇਂ ਖੇਡ ਸਟੇਡੀਅਮ ਬਣਾਏ ਜਾਣਗੇ: ਮੁੱਖ ਮੰਤਰੀ
ਇਸੇ ਤਰ੍ਹਾਂ ਹੀ ਰਾਜਪੁਰਾ ਨੇੜਲੇ ਪਿੰਡ ਖੰਡੋਲੀ ਤੋਂ ਮਨਦੀਪ ਸਿੰਘ ਵੱਲੋਂ ਆਪਣੇ ਪਿੰਡ ਦੇ ਸਰਪੰਚ ਵੱਲੋਂ ਕੋਵਿਡ-19 ਵਿਰੁੱਧ ਮਿਸ਼ਨ ਫ਼ਤਿਹ ਦੇ ਕੀਤੇ ਜਾ ਰਹੇ ਪ੍ਰਚਾਰ ਦਾ ਜਿਕਰ ਕਰਨ ਅਤੇ ਉਨ੍ਹਾਂ ਵੱਲੋਂ ਆਪਣੇ ਪਿੰਡ ਨੂੰ ਬਚਾਉਣ ਲਈ ਸਰਕਾਰ ਦਾ ਸਾਥ ਦੇਣ ਲਈ ਅੱਗੇ ਆਉਣ ‘ਤੇ ਮੁੱਖ ਮੰਤਰੀ ਨੇ ਧੰਨਵਾਦ ਕਰਦਿਆਂ ਮਿਸ਼ਨ ਫ਼ਤਿਹ ਨਾਲ ਜੁੜੇ ਹਰ ਪੰਜਾਬੀ ਦਾ ਉਹ ਧੰਨਵਾਦ ਕਰਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਾਰੇ ਪੰਜਾਬੀ ਕੋਵਿਡ-19 ਵਿਰੁੱਧ ਜੰਗ ਮਿਸ਼ਨ ਫ਼ਤਿਹ ਦਾ ਸਾਥ ਦੇਣ ਤਾਂ ਅਸੀਂ ਜਰੂਰ ਕੋਰੋਨਾ ਵਾਇਰਸ ਨੂੰ ਹਰਾ ਦੇਵਾਂਗੇ। ਉਨ੍ਹਾਂ ਕਿਹਾ ਕਿ ਤੁਹਾਡੀ ਗੱਲ ਸਾਰਾ ਪੰਜਾਬ ਸੁਣੇ ਅਤੇ ਆਪਣੇ ਮੁਹੱਲੇ, ਆਪਣੇ ਪਿੰਡਾਂ ਤੇ ਪੰਜਾਬ ‘ਚ ਇਸ ਗੱਲ ਦਾ ਪ੍ਰਚਾਰ ਹੋਵੇ ਤਾਂ ਸਾਰਾ ਪੰਜਾਬ ਇਸ ਮਹਾਂਮਾਰੀ ਤੋਂ ਬਚ ਸਕਦਾ ਹੈ।

ਇਸੇ ਤਰ੍ਹਾਂ ਹੀ ਰਾਜੇਸ਼ ਗਰਗ ਵੱਲੋਂ ਆਪਣੇ ਸਮਾਣਾ ਨੇੜਲੇ ਪਿੰਡ ਕਕਰਾਲਾ ਸਥਿਤ ਸੀਮਾ ਅਗਰਵਾਲ, ਬਾਲਾ ਜੀ ਐਗਰੋ ਇੰਡਸਟਰੀ ਬਾਇਉਮਾਸ ਬ੍ਰਿਕੇਟ (ਲੱਕੜੀ ਦਾ ਕੋਲਾ) ਬਣਾਉਣ ਦੇ ਪਲਾਂਟ ਨੂੰ ਆਉਂਦੀ ਬਿਜਲੀ ਦੀ ਟ੍ਰਿਪਿੰਗ ਅਤੇ ਪਲਾਂਟ ਨੂੰ ਆਉਂਦੀ ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ ਕਰਨ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਬਿਜਲੀ ਦੀ ਟ੍ਰਿਪਿੰਗ ਦੀ ਸਮੱਸਿਆ ਦਾ ਪਤਾ ਕਰਵਾਉਣਗੇ ਅਤੇ ਇਸ ਨੂੰ ਠੀਕ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਨਾਲ ਹੀ ਸੜਕ ਦੀ ਮੁਰੰਮਤ ਜਰੂਰ ਕਰਵਾਈ ਜਾਵੇਗੀ।

ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਕੋਵਿਡ-19 ਦੀ ਵਿਸ਼ਵ ਵਿਆਪੀ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਸਮਾਜਿਕ ਵਿੱਥ, ਮਾਸਕ ਪਾਉਣ ਅਤੇ ਹੱਥ ਵਾਰ-ਵਾਰ ਧੋਹਣ ‘ਤੇ ਪਹਿਰਾ ਦੇ ਕੇ ਮਿਸ਼ਨ ਫ਼ਤਿਹ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।