ਪੁਰਾਤੱਤਵ ਅਜਾਇਬ ਘਰ ਰੂਪਨਗਰ ਵਿਖੇ ‘ਵਰਲਡ ਹੈਰੀਟੇਜ ਵੀਕ’ ਸਮਾਗਮ ਦਾ ਆਯੋਜਨ
ਬਹਾਦਰਜੀਤ ਸਿੰਘ/ ਰੂਪਨਗਰ, 12 ਨਵੰਬਰ,2022
ਭਾਰਤੀ ਪੁਰਾਤੱਤਵ ਸਰਵੇਖਣ ਚੰਡੀਗੜ੍ਹ ਸਰਕਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੁਰਾਤੱਤਵ ਅਜਾਇਬ ਘਰ ਰੋਪੜ ਵਿਖੇ ‘ਵਰਲਡ ਹੈਰੀਟੇਜ ਵੀਕ’ ਮਨਾਇਆ ਗਿਆ।
ਇਸ ਸਬੰਧ ਵਿੱਚ ਅੱਜ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਅਧੀਨ ਆਉਂਦੇ ਪੁਰਾਤੱਤਵ ਅਜਾਇਬ ਘਰ ਰੂਪਨਗਰ ਦੇ ਵਿਹੜੇ ਵਿੱਚ ਸਥਾਨਕ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਡਾਂਸ ਅਤੇ ਗਾਇਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸ਼ਬਦ ਗਾਇਨ ਵਿੱਚ ਜੀ.ਐੱਸ.ਐੱਸ. ਸਕੂਲ ਨੇ ਪਹਿਲਾ ਸਥਾਨ, ਜੀ.ਐਮ.ਐਨ. ਸਕੂਲ ਗਰੁੱਪ ਡਾਂਸ ਨੇ ਦੂਜਾ ਅਤੇ ਜੀ.ਐਸ. ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।
ਇਸ ਦੌਰਾਨ ਵਿਦਿਆਰਥੀਆਂ ਨੂੰ ਪੁਰਾਤੱਤਵ ਅਜਾਇਬ ਘਰ ਰੋਪੜ ਵਿੱਚ ਰੱਖੀਆਂ ਪੁਰਾਤਨ ਵਸਤੂਆਂ ਦੀ ਪੁਰਾਤਨਤਾ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਸਰਕਾਰੀ ਕਾਲਜ ਰੋਪੜ ਜਤਿੰਦਰ ਸਿੰਘ ਗਿੱਲ, ਸੁਪਰਡੈਂਟ ਪੁਰਾਤੱਤਵ ਵਿਗਿਆਨੀ ਕਾਮੀ ਅਥੋਇਲੂ ਕਬੂਈ, ਡਿਪਟੀ ਸੁਪਰਡੈਂਟ ਪੁਰਾਤੱਤਵ ਵਿਗਿਆਨੀ ਅਨਿਲ ਕੁਮਾਰ ਤਿਵਾੜੀ ਅਤੇ ਸਹਾਇਕ ਸੁਪਰਡੈਂਟ ਪੁਰਾਤੱਤਵ ਵਿਗਿਆਨੀ ਅਰਖਿਤ ਪ੍ਰਧਾਨ ਸਨ ਜਿਨ੍ਹਾਂ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਅਤੇ ਅਜਾਇਬ ਘਰ ਬਾਰੇ ਜਾਗਰੂਕ ਕੀਤਾ। ਵਿਦਿਆਰਥੀਆਂ ਨੂੰ ਵਿਰਾਸਤਾਂ ਦੀ ਸਫ਼ਾਈ ਅਤੇ ਰੱਖ ਰਖਾਅ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਮਿਊਜ਼ੀਅਮ ਵਿੱਚ ਕੰਮ ਕਰ ਰਹੇ ਮ੍ਰਿਤੁੰਜੇ ਕੁਮਾਰ ਅਤੇ ਹੋਰ ਸਟਾਫ ਵੀ ਹਾਜ਼ਰ ਸੀ।
