ਪ੍ਰੋ. ਇਸ਼ਤਿਆਕ ਅਹਿਮਦ ਨੇ ‘ਪੰਜਾਬ: ਵੰਡ,ਸਦਮਾ ਅਤੇ ਬਰਾਦਰੀ ਦਾ ਤਸੱਵੁਰ’ ਵਿਸ਼ੇ ‘ਤੇ ਪੰਜਾਬੀ ਯੂਨੀਵਰਸਿਟੀ ਵਿਖੇ ਕੀਤਾ ਵਿਸ਼ੇਸ਼ ਭਾਸ਼ਣ

255

ਪ੍ਰੋ. ਇਸ਼ਤਿਆਕ ਅਹਿਮਦ ਨੇ ‘ਪੰਜਾਬ: ਵੰਡ,ਸਦਮਾ ਅਤੇ ਬਰਾਦਰੀ ਦਾ ਤਸੱਵੁਰ’ ਵਿਸ਼ੇ ‘ਤੇ ਪੰਜਾਬੀ ਯੂਨੀਵਰਸਿਟੀ ਵਿਖੇ ਕੀਤਾ ਵਿਸ਼ੇਸ਼ ਭਾਸ਼ਣ

ਪਟਿਆਲਾ/30 ਮਈ 2023

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ, ਇਤਿਹਾਸ ਵਿਭਾਗ, ਮਨੋਵਿਗਿਆਨ ਵਿਭਾਗ, ਰਾਜਨੀਤੀ ਸ਼ਾਸਤਰ ਵਿਭਾਗ, ਡਾ. ਰਵਿੰਦਰ ਰਵੀ ਖੋਜ ਸਕੂਲ, ਐਜੂਕੇਸ਼ਨਲ ਮਲਟੀਮੀਡਿਆ ਰਿਸਰਚ ਸੈਂਟਰ ਅਤੇ ਸੈਂਟਰ ਫਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਟੀ ਵਿਭਾਗਾਂ ਦੀ ਸਹਿ-ਭਾਗਤਾ ਨਾਲ ਪੰਜਾਬ: ਵੰਡ,ਸਦਮਾ ਅਤੇ ਬਰਾਦਰੀ ਦਾ ਤਸੱਵੁਰ’ ਵਿਸ਼ੇ ਨਾਲ ਸੰਬੰਧਿਤ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਉੱਘੇ ਚਿੰਤਕ, ਲੇਖਕ ਅਤੇ ਬੁਲਾਰੇ ਪ੍ਰੋ. ਇਸ਼ਤਿਆਕ ਅਹਿਮਦ, ਪ੍ਰੋਫ਼ੈਸਰ ਆਫ਼ ਐਮੀਰਿਟਸ, ਸਟਾਕ ਹੋਮ ਯੂਨੀਵਰਸਿਟੀ, ਸਵੀਡਨ ਤੋਂ  ਵਿਸ਼ੇਸ਼ ਤੌਰ ‘ਤੇ ਪੁੱਜੇ। ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਉਨ੍ਹਾਂ  ਨੇ ਆਪਣੀ ਵਿਸ਼ੇਸ਼ ਤਕਰੀਰ ਦੌਰਾਨ ਕਿਹਾ ਕਿ ਮੈਂ 11 ਸਾਲਾਂ ਦੀ ਅਣਥੱਕ ਖੋਜ ਕਰਨ ਤੋਂ ਬਾਅਦ ਇਹ 670 ਸਫਿਆਂ ਦੀ ਪੁਸਤਕ “ਲਹੂ ਲੁਹਾਣ, ਵੰਡਿਆ, ਵੱਢਿਆ-ਟੁੱਕਿਆ ਪੰਜਾਬ – 1947” ਲਿਖ ਸਕਿਆ ਹਾਂ।

ਮੈਂ ਬਚਪਨ ਵਿਚ ਕਦੇ ਮਾਂ ਦੀਆਂ ਅੱਖਾਂ ਰਾਹੀਂ ਸੰਤਾਲੀ ਦੇ ਦ੍ਰਿਸ਼ ਤੱਕਦਾ ਰਿਹਾ ਅਤੇ ਕਦੇ ਆਪਣੀਆਂ ਅੱਖਾਂ ਰਾਹੀਂ।  ਉਨ੍ਹਾਂ ਕਿਹਾ ਕਿ ਮੈਂ ਦੰਗਿਆਂ ਵਿਚ ਆਪਣਾ ਸਾਰਾ ਕੁਝ ਗੁਆ ਚੁੱਕੇ ਲੋਕਾਂ ਦੀ ਦਾਸਤਾਨ ਉਹਨਾਂ ਦੇ ਚਿਹਰਿਆਂ ਤੋਂ ਪੜ੍ਹਦਾ ਰਿਹਾ ਹਾਂ। ਇਹ ਕਤਲੇਆਮ ਤੇ ਉਜਾੜੇ ਸਾਰੇ ਮੰਜ਼ਰ  ਉਸਦੀਆਂ ਯਾਦਾਂ ਅੰਦਰ ਗਰਦਿਸ਼ ਕਰਦੇ ਰਹੇ ਹਨ । ਉਸ ਨੇ ਦੇਸ਼ ਵੰਡ ਦੇ  ਦੁਖਾਂਤ ਬਾਰੇ ਆਪਣੀ ਪੁਸਤਕ ਦੀ ਸਿਰਜਣ-ਪ੍ਰਕਿਰਿਆ ਬਾਰੀ ਗੱਲ ਕਰਦਿਆਂ  ਦੱਸਿਆ ਕਿ ਇਸ ਸਿਲਸਿਲੇ ਵਿਚ ਉਸ ਦੀਆਂ ਮਾਂ ਦੀਆਂ ਅੱਖੀਂ ਦੇਖੀਆਂ ਯਾਦਾਂ, ਸੰਤਾਲੀ ਬਾਰੇ ਲਿਖਿਆ ਗਿਆ ਚੰਗਾ ਸਾਹਿਤ, ਵਕਤ-ਦਰ-ਵਕਤ ਕੀਤੀਆਂ ਗਈਆਂ ਮੁਲਾਕਾਤਾਂ ਅਤੇ ਬਰਤਾਨਵੀ ਸਰਕਾਰ ਦੇ ਉਹਨਾਂ ਵੇਲਿਆਂ ਦੇ ਰਿਕਾਰਡ ਵਿੱਚੋਂ ਲਏ ਦਸਤਾਵੇਜ਼ੀ ਸਬੂਤਾਂ ਨੂੰ ਆਪਣੀ ਇਸ ਪੁਸਤਕ ਦਾ ਆਧਾਰ ਬਣਾਇਆ।

ਪ੍ਰੋ. ਇਸ਼ਤਿਆਕ ਅਹਿਮਦ ਨੇ ‘ਪੰਜਾਬ: ਵੰਡ,ਸਦਮਾ ਅਤੇ ਬਰਾਦਰੀ ਦਾ ਤਸੱਵੁਰ’ ਵਿਸ਼ੇ ‘ਤੇ ਪੰਜਾਬੀ ਯੂਨੀਵਰਸਿਟੀ ਵਿਖੇ ਕੀਤਾ ਵਿਸ਼ੇਸ਼ ਭਾਸ਼ਣ

ਪ੍ਰੋ. ਇਸ਼ਤਿਆਕ ਅਹਿਮਦ, ਨੇ ਆਪਣੀ ਖੋਜ ਸੰਬੰਧੀ ਤਫ਼ਸੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ  ਆਪਣੀ ਪੁਸਤਕ  ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ -ਪਹਿਲਾ ਹਿੱਸਾ ਸੰਤਾਲੀ ਦੇ ਦੰਗਿਆਂ ਦੇ ਆਗਾਜ਼ ਦੇ ਸਮੇਂ ਦਾ ਹੈ, ਜਿਸ ਨੂੰ ਉਸ ਨੇ ‘ਖ਼ੂਨੀ ਟਕਰਾਅ ਵੱਲ ਵੱਧਦੇ ਕਦਮ’ ਦਾ ਨਾਂ ਦਿੱਤਾ ਹੈ। ਇਹ ਹਿੱਸਾ ਜਨਵਰੀ 1945 ਤੋਂ ਮਾਰਚ 1947 ਤਕ ਦਾ ਹੈ। ਦੂਜਾ ਹਿੱਸਾ ਅਪ੍ਰੈਲ 1947 ਤੋਂ 14 ਅਗਸਤ 1947 ਦਾ ਹੈ ਜਿਸ ਨੂੰ ਉਸ ਨੇ ਵੰਡ ਦੀ ਆਖਰੀ ਖੇਡ ਦਾ ਨਾਂ ਦਿੱਤਾ ਹੈ। ਤੀਜਾ ਹਿੱਸਾ 15 ਅਗਸਤ 1947 ਤੋਂ ਦਸੰਬਰ ਦੇ ਆਖਰੀ ਸਮੇਂ ਤਕ ਦਾ ਹੈ, ਜਿਸ ਨੂੰ ਫਿਰਕੂ ਸਫਾਏ ਦਾ ਨਾਂ ਦਿੱਤਾ ਗਿਆ ਹੈ। ਆਪਣੇ ਸੰਬੋਧਨ ਵਿਚ ਉਹਨਾਂ ਸੱਤਾ ਦੀ  ਫਿਰਕੂ ਰੰਗਤ ਵਾਲੀ ਦੋਗਲੀ ਭੂਮਿਕਾ ਨਾਲ ਸ਼ੁਰੂ ਤੋਂ ਲੈ ਕੇ ਸਿਖਰ ਤਕ ਸਮੇਂ-ਸਮੇਂ ਬਣਦੇ-ਬਦਲਦੇ ਰਹੇ ਹਾਲਾਤਾਂ ਅਤੇ ਨਤੀਜੇ ਵਜੋਂ ਹੋਈ ਦੁਖਾਂਤਕ ਦੇਸ਼-ਵੰਡ ਨਾਲ ਸੰਬੰਧਿਤ ਯਾਦਾਂ ਬਾਰੇ ਉਨ੍ਹਾਂ ਨੇ ਬੜੀ ਪੜਚੋਲਵੇਂ ਵਿਚਾਰ ਰੱਖੇ।

ਦੇਸ਼ ਵੰਡ ਦੇ ਘਿਨਾਉਣੇ ਦ੍ਰਿਸ਼ ਬਾਰੇ ਉਨ੍ਹਾਂ ਕਿਹਾ ਕਿ ਗੈਰ-ਈਸਾਈ ਲੋਕਾਂ ਨੇ ਈਸਾਈਆਂ ਦੇ ਧਾਰਮਿਕ ਚਿੰਨ੍ਹ ਕਰਾਸ ਨੂੰ ਆਪਣੇ ਘਰਾਂ ਉੱਪਰ ਲਾ ਕੇ ਆਪਣੀ ਜਾਨ ਬਚਾਈ। ਇਸ ਦੁਖਾਂਤ ਵਿੱਚ ਸਾਰੇ ਫਿਰਕੇ ਦੋਸ਼ੀ ਵੀ ਹਨ ਸਾਰੇ ਮਜਲੂਮ ਵੀਂ ਹਨ। ਕਦੇ ਕੋਈ ਧਿਰ ਭਾਰੂ ਪੈਂਦੀ ਸੀ ਕਦੇ ਕੋਈ ਧਿਰ। ਧਰਮ  ਆਧਾਰਿਤ  ਬਣੇ ਵਖਰੇਵਿਆਂ ਅਤੇ ਰਾਜਨੀਤਕਾਂ ਦੇ ਹੋਸ਼ੇ ਕਿਰਦਾਰ ਨੇ ਆਮ ਲੋਕਾਂ ਦੇ ਕਤਲ ਲਈ ਰਾਹ ਖੋਲਿਆ। ਉਨ੍ਹਾਂ ਨੇ ਸਰਕਾਰ ਦੀਆਂ ਪ੍ਰਾਪਤ ਗੁਪਤ ਰਿਪੋਰਟਾਂ ਦੇ ਹਵਾਲੇ ਨਾਲ ਕਈ ਨਵੇਂ ਤੱਥ ਪੇਸ਼ ਕੀਤੇ। ਦੇਸ਼ ਵੰਡ ਵੇਲੇ ਹੋਏ ਦੰਗਿਆਂ ਨੇ ਠੀਕ ਗਲਤ ਸਭ ਨੂੰ ਇੱਕ ਹੀ ਤਰੀਕੇ ਨਾਲ ਦੇਖਿਆ। ਰਾਜਸੀ ਧਿਰਾਂ ਵੱਲੋਂ ਕਤਲੇਆਮ ਨੂੰ ਸ਼ਰੇਆਮ ਹੋਣ ਦਿੱਤਾ ਗਿਆ। ਜਦੋਂ ਸੋਚ ਦੇ ਵਿੱਚ ਵਾਇਲੈਂਸ ਆ ਜਾਂਦੀ ਹੈ ਉਦੋਂ ਮਨੁੱਖੀ  ਰਿਸ਼ਤਿਆਂ ਦੀ ਤਾਕਤ ਦੇ ਕੇਂਦਰ ਵੱਖਰੇ ਤਰੀਕੇ ਦੇ ਹੋ ਜਾਂਦੇ ਹਨ। ਪੰਜਾਬ ਵੰਡ ਦਾ ਜੋ ਫਰਮੂਲਾ  ਤਿਆਰ ਹੋਇਆ ਉਹ ਭਰਾਂਤੀਆਂ ਭਰਿਆ ਸੀ। ਹਿੰਦੂਆਂ ਸਿੱਖਾਂ ਅਤੇ ਮੁਲਮਾਨਾਂ ਦੇ ਦੋਹਾਂ ਮੁਲਕਾਂ ਦੇ ਇਲਾਕਿਆਂ ਉੱਪਰ ਆਪੋ-ਆਪਣੇ ਦਾਅਵਿਆਂ ਦੇ ਕੱਚ-ਸੱਚ ਬਾਰੇ ਉਨ੍ਹਾਂ ਤਫ਼ਸੀਲ ਨਾਲ ਗੱਲ ਕੀਤੀ। ਅੰਗਰੇਜ਼ ਨੇ ਇਲਾਕਿਆਂ ਦੀ ਵੰਡ ਦੇ ਹਵਾਲੇ ਨਾਲ ਵੀ ਕੋਈ ਤਾਰਕਿਕ ਜਾਂ ਸਾਵਾਂ ਢੰਗ ਅਖਤਿਆਰ ਨਹੀਂ ਕੀਤਾ। ਦੇਸ਼ ਵੰਡ ਵੇਲੇ ਹੋਇਆ ਕਤਲੇਆਮ ਮਨੁੱਖੀ ਬਰਬਰਤਾ ਦੀ ਕਹਾਣੀ ਹੈ। ਇਸ ਵੰਡ ਨਾਲ ਕੇਵਲ ਬਰਬਾਦੀ ਹੋਈ ਹੈ ਕਿਸੇ ਨੇ ਕੁਝ ਨਹੀਂ ਖੱਟਿਆ। ਪਾਕਿਸਤਾਨ ਹੁਣ ਬੇਹੱਦ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਜੇਕਰ ਦੋਹਾਂ ਦੇਸ਼ਾਂ ਦੇ ਵਪਾਰਕ ਰਸਤੇ ਖੁੱਲ੍ਹ ਜਾਣ ਅਤੇ ਆਦਾਨ-ਪ੍ਰਦਾਨ ਸ਼ੁਰੂ ਹੋ ਜਾਵੇ ਤਾਂ ਦੋਹਾਂ ਦੇਸ਼ਾਂ ਲਈ ਆਰਥਿਕ ਅਤੇ ਸਮਾਜਿਕ ਤਰਜ਼ ‘ਤੇ  ਲਾਹੇਵੰਦ ਹੋਵੇਗਾ। ਪਰ ਇਹ ਅੱਤਵਾਦ ਦੇ ਮਾਮਲੇ ਨੂੰ ਅੱਖੋਂ-ਪਰੋਖੇ ਕਰਕੇ ਕਦੇ ਨਹੀਂ ਹੋ ਸਕਦਾ। ਜੰਗ ਕਦੇ ਵੀਂ ਦੋਹਾਂ ਦੇਸ਼ਾਂ ਲਈ ਚੰਗਾ ਬਦਲ ਸਾਬਤ ਨਹੀਂ ਹੋਣ ਵਾਲੀ। ਆਮ ਲੋਕ ਇਹ ਭਾਵਨਾ ਹੀ ਰੱਖਦੇ ਹਨ।

ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ  ਉਨ੍ਹਾਂ ਨੇ ਕਿਹਾ ਕਿ ਪ੍ਰੋ. ਇਸ਼ਤਿਆਕ ਅਹਿਮਦ ਬੌਧਿਕ ਗਹਰਾਈ ਵਾਲੇ ਗੰਭੀਰ  ਵਿਦਵਾਨ ਹਨ ਜੋ ਅੰਤਰ-ਸੰਵਾਦ ਦੇ ਤਰੀਕੇ ਨਾਲ ਸਾਡੇ ਧੁਰ-ਅੰਦਰ ਤੀਕ ਅਸਰ ਕਰਦੇ ਹਨ।  ਦੇਸ਼ ਵੰਡ ਅਤੇ ਸਿਨਮੇ ਦੇ ਸੰਬੰਧ ਵਿੱਚ ਉਨ੍ਹਾਂ ਦੇ ਕੰਮ ਵੱਡੇ ਮੁੱਲ ਵਾਲੇ ਹਨ। ਉਨ੍ਹਾਂ ਦੇ ਕੰਮ ਨਾਲ ਬਹੁਤ ਸਾਰੇ ਨਵੇਂ ਅਤੇ ਵਿਲੱਖਣ ਤੱਥ ਸਾਹਮਣੇ ਆਉਂਦੇ ਹਨ।

ਪ੍ਰੋ. ਇਸ਼ਤਿਆਕ ਅਹਿਮਦ ਨੇ ‘ਪੰਜਾਬ: ਵੰਡ,ਸਦਮਾ ਅਤੇ ਬਰਾਦਰੀ ਦਾ ਤਸੱਵੁਰ’ ਵਿਸ਼ੇ ‘ਤੇ ਪੰਜਾਬੀ ਯੂਨੀਵਰਸਿਟੀ ਵਿਖੇ ਕੀਤਾ ਵਿਸ਼ੇਸ਼ ਭਾਸ਼ਣ

ਪ੍ਰੋਫੈਸਰ ਅਰਵਿੰਦ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਕਿਹਾ ਸਾਨੂੰ ਬਹੁਤ ਲੋੜ ਹੈ ਕਿ ਅਸੀਂ ਪ੍ਰੋਫ਼ੈਸਰ ਇਸਤਿਆਕ ਅਹਿਮਦ ਵਰਗੀ ਗੰਭੀਰਤਾ ਵਾਲੇ  ਦਾਨਸ਼ਵਰ ਪੈਦਾ ਕਰੀਏ।  ਸਾਡੇ ਮੁਲਕ ਵਿੱਚ ਜਿਹੜੀ ਅਦਰ ਜਾਂ ਦੂਸਰੇ ਵਾਲੀ ਗੱਲ ਹੈ ਉਹ ਵਧ ਰਹੀ ਹੈ। ਸਾਨੂੰ ਪੰਜਾਬੀ ਹੁੰਦਿਆਂ ਪੰਜਾਬੀ ਸਮਝ ਅਤੇ ਪੰਜਾਬੀ ਸਾਂਝ ਦੀ ਗੱਲ ਅੱਗੇ ਤੋਰਨੀ ਚਾਹੀਦੀ ਹੈ। ਸਾਨੂੰ ਸੰਕੀਰਣ ਸੋਚ ਛੱਡ ਕੇ ਆਪਸੀ ਆਦਾਨ-ਪ੍ਰਦਾਨ ਦੇ ਮੌਕਿਆਂ ਨੂੰ ਵਧਾਉਣਾ ਚਾਹੀਦਾ ਹੈ।

ਮੰਚ ਸੰਚਾਲਕ ਦੀ ਭੂਮਿਕਾ ਡਾ. ਕਿਰਨ ਜੀ ਨੇ ਬਾਖੂਬੀ ਨਿਭਾਈ ਅਤੇ ਆਪਣੀ ਵਿਲੱਖਣ ਯੋਗਤਾ ਸਿੱਧ ਕੀਤੀ। ਇਸ ਮੌਕੇ   ਸ੍ਰੀ ਦਲਜੀਤ ਅਮੀ ਨੇ ਪ੍ਰੋਫ਼ੈਸਰ ਇਸਤਿਆਕ ਅਹਿਮਦ ਸਾਹਿਬ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਲਾਹੌਰ ਦੇ ਜੰਮਪਲ ਹਨ। ਉਨ੍ਹਾਂ ਦੁਆਰਾ ਰਚੀਆਂ  ਪੁਸਤਕਾਂ  ਦੇ ਸੰਬੰਧ ਵਿੱਚ  ਵੀ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ  ਇਸ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਇਸ ਸਾਰੇ ਪ੍ਰੋਗਰਾਮ ਨੂੰ ਸਾਈਨ ਭਾਸ਼ਾ ਵਿੱਚ ਰਵਿੰਦਰ ਕੌਰ ਵੱਲੋਂ ਨਾਲ ਦੀ ਨਾਲ ਸੰਚਾਰਿਆ ਜਾ ਰਿਹਾ ਹੈ  ਪੰਜਾਬ ਦੀ ਵੰਡ ਅਤੇ ਵੰਡ ਤੋਂ ਬਾਅਦ ਬਰਾਦਰੀ ਦੇ ਤੌਰ ਤੇ ਕਿਵੇਂ ਉਸਰਿਆ ਹੈ ਆਦਿ ਮਹੱਤਵਪੂਰਨ ਸਵਾਲ ਖੜੇ ਕੀਤੇ।

ਧੰਨਵਾਦੀ ਸ਼ਬਦ ਸਾਂਝੇ ਕਰਦਿਆਂ  ਇਤਿਹਾਸ ਵਿਭਾਗ ਦੇ ਮੁਖੀ ਡਾ. ਹਰਵਿੰਦਰ ਕੌਰ ਨੇ ਆਏ ਸਭ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ।