ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ ; ਲਏ ਅਹਿਮ ਫ਼ੈਸਲੇ

1503

ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ ; ਲਏ ਅਹਿਮ ਫ਼ੈਸਲੇ

ਪਟਿਆਲਾ/ ਜੁਲਾਈ 7,2023

ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਹੋਈ ਅਕਾਦਮਿਕ ਕੌਂਸਲ ਦੀ ਮੀਟਿੰਗ ਦੌਰਾਨ ਪੰਜਾਬੀ ਹਿਤੈਸ਼ੀ ਅਹਿਮ ਫ਼ੈਸਲੇ ਲਏ ਗਏ। ਤਾਜ਼ਾ ਫ਼ੈਸਲੇ ਅਨੁਸਾਰ ਹੁਣ ਬੀ. ਏ., ਬੀ.ਐੱਸ.ਸੀ., ਅਤੇ ਬੀ. ਕੌਮ ਵਿੱਚ ਛੇ ਸਮੈਸਟਰਾਂ ਦੌਰਾਨ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ।  ਬੀ. ਬੀ.ਏ. ਅਤੇ ਬੀ. ਸੀ. ਏ. ਵਿੱਚ ਦੋ ਸਮੈਸਟਰ ਵਿੱਚ ਲਾਜ਼ਮੀ ਅਤੇ ਅਗਲੇ ਦੋ ਸਮੈਸਟਰ ਵਿੱਚ ਵਿਸ਼ੇ ਨਾਲ਼ ਜੋੜ ਕੇ ਪੜ੍ਹਾਏ ਜਾਣ ਬਾਰੇ ਫ਼ੈਸਲਾ ਕੀਤਾ ਗਿਆ।

ਇਸ ਤੋਂ ਇਲਾਵਾ ਕਾਨੂੰਨ ਵਿਸ਼ੇ ਵਿੱਚ ਪੰਜ ਸਾਲਾ ਕੋਰਸ ਦੌਰਾਨ ਹੁਣ ਪਹਿਲਾਂ ਤੋਂ ਵਧਾ ਕੇ ਤਿੰਨ ਸਮੈਸਟਰਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ। ਬੀ. ਫਾਰਮੇਸੀ ਦੌਰਾਨ ਪਹਿਲੇ ਸਮੈਸਟਰ ਵਿੱਚ ਲਾਜ਼ਮੀ ਪੰਜਾਬੀ ਅਤੇ ਦੂਜੇ ਸਮੈਸਟਰ ਵਿੱਚ ਪੰਜਾਬੀ ਕੰਪਿਊਟਿੰਗ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ਦਾ ਪਿਛਲੀ ਮੀਟਿੰਗ ਦਾ ਫੈਸਲਾ ਕਾਇਮ ਰੱਖਿਆ ਗਿਆ। ।

ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ ; ਲਏ ਅਹਿਮ ਫ਼ੈਸਲੇ

ਜਿ਼ਕਰਯੋਗ ਹੈ ਕਿ ਅਕਾਦਮਿਕ ਕੌਂਸਲ ਦੀ ਪਿਛਲੀ ਮੀਟਿੰਗ ਤੋਂ ਬਾਅਦ ਕੁੱਝ ਸਵਾਲ ਉੱਭਰੇ ਸਨ ਕਿ ਪੰਜਾਬੀ ਨੂੰ ਕਿਸ ਰੂਪ ਵਿੱਚ ਅਤੇ ਕਿਹੜੇ ਪੇਸ਼ੇਵਰ ਕੋਰਸ ਵਿੱਚ ਕਿੰਨਾ ਪੜ੍ਹਾਇਆ ਜਾਣਾ ਲੋੜੀਂਦਾ ਹੈ। ਇਸ ਮਸਲੇ ਉੱਤੇ ਨਵੇਂ ਸਿਰੇ ਤੋਂ ਵਿਚਾਰ ਚਰਚਾ ਦੀ ਲੋੜ ਹੈ।

ਤਾਜ਼ਾ ਮੀਟਿੰਗ ਲਈ ਵੱਖ-ਵੱਖ ਪੰਜਾਬੀ ਹਿਤੈਸ਼ੀ ਸੰਸਥਾਵਾਂ ਦੇ ਪ੍ਰਤੀਨਿਧਾਂ ਅਤੇ ਗੁਆਂਢੀ ਯੂਨੀਵਰਸਿਟੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀਆਂ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ।

ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਅਤੇ ਉੱਘੇ ਸ਼ਾਇਰ ਸੁਰਜੀਤ ਪਾਤਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਆਪਣੇ ਦਿਲ, ਜਾਨ ਅਤੇ ਰੂਹ ਤੋਂ ਪੰਜਾਬੀ ਬੋਲੀ ਪ੍ਰਤੀ ਆਪਣੇ ਫਰਜ਼ ਯਾਦ ਕਰਵਾਉਣ ਆਏ ਹਨ।  ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਭਾਰ ਨਾਲ ਇਸ ਗੱਲ ਦੀ ਉਮੀਦ ਬੱਝੀ ਹੈ ਕਿ ਆਉਣ ਵਾਲੇ ਦੌਰ ਵਿੱਚ ਮਸ਼ੀਨ ਅਨੁਵਾਦ ਹੋਰ ਵਧੇਰੇ ਸਮਰੱਥ ਹੋ ਜਾਵੇਗਾ ਅਤੇ ਕਿਸੇ ਵੀ ਭਾਸ਼ਾ ਵਿੱਚ ਕਹੀ ਹੋਈ ਗੱਲ ਨੂੰ ਸਮਝਣਾ ਵਧੇਰੇ ਸਰਲ ਹੋ ਜਾਵੇਗਾ। ਬੰਗਲਾ ਦੇਸ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਕਿਵੇਂ ਉੱਥੋਂ ਦੇ ਵਸਨੀਕਾਂ ਨੇ ਇਹ ਦੱਸਿਆ ਕਿ ਪਹਿਲੀ ਲੜਾਈ ਰਾਹੀਂ ਉਨ੍ਹਾਂ ਬੋਲੀ ਦੇ ਨਾਮ ਉੱਤੇ ਮੁਲਕ ਬਣਾਇਆ ਅਤੇ ਹੁਣ ਦੂਜੀ ਲੜਾਈ ਰਾਹੀਂ ਉਹ ਆਪਣੀ ਬੋਲੀ ਵਿੱਚ ਵੱਖ-ਵੱਖ ਵਿਸਿ਼ਆਂ ਦਾ ਗਿਆਨ ਪੈਦਾ ਕਰਨਗੇ।

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਤੀਨਿਧੀ ਪਵਨ ਹਰਚੰਦਪੁਰੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੋਸਟ ਗਰੈਜੂਏਟ ਕੋਰਸਾਂ ਵਿੱਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ਦਾ ਫ਼ੈਸਲਾ ਸ਼ਲਾਘਾ ਦਾ ਹੱਕਦਾਰ ਹੈ।

ਪੰਜਾਬ ਕਲਾ ਪਰਿਸ਼ਦ ਪ੍ਰਤੀਨਿੀ ਲਖਵਿੰਦਰ ਜੌਹਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬੀ ਨੂੰ ਵਿਸ਼ੇ ਵਜੋਂ ਤਰਜੀਹ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕੋਰਸ ਬਣਾਉਣ ਅਤੇ ਪੜ੍ਹਾਉਣ ਦਾ ਕਾਰਜ ਪੰਜਾਬੀ ਵਿਭਾਗ ਨੂੰ ਕਰਨਾ ਚਾਹੀਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਪ੍ਰੋ. ਮਨਜਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਜਿਸ ਨੇ ਪੋਸਟ ਗਰੈਜੂਏਟ ਦੇ ਪੱਧਰ ਉੱਤੇ ਪੰਜਾਬੀ ਨੂੰ ਲਾਗੂ ਕੀਤਾ। ਉਨ੍ਹਾਂ ਕਿਹਾ ਕਿ ਦੂਜੀਆਂ ਯੂਨੀਵਰਸਿਟੀਆਂ ਪੰਜਾਬੀ ਬਾਰੇ ਕੋਈ ਵੀ ਫ਼ੈਸਲਾ ਲੈਣ ਸਮੇਂ ਪੰਜਾਬੀ ਯੂਨੀਵਰਸਿਟੀ ਵੱਲ ਵੇਖਦੀਆਂ ਹਨ।

ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ ; ਲਏ ਅਹਿਮ ਫ਼ੈਸਲੇ

ਪ੍ਰਗਤੀਸ਼ੀਲ ਲੇਖਕ ਸੰਘ ਤੋਂ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਬਹੁ-ਭਾਸ਼ਾਈ ਮਾਧਿਅਮ ਹੋਣਾ ਇੱਕ ਚੰਗੀ ਗੱਲ ਹੈ ਪਰ ਇਸ ਸੰਬੰਧੀ ਪੰਜਾਬੀ ਨੂੰ ਮਾਤ-ਭਾਸ਼ਾ ਵਜੋਂ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਹੁ-ਭਾਸ਼ਾਈ ਪਹੁੰਚ ਨਾਲ਼ ਗਿਆਨ ਦਾ ਪਾਸਾਰ ਵਧੇਰੇ ਹੁੰਦਾ ਹੈ ਪਰ ਇਸ ਲਈ ਮਾਂ ਬੋਲੀ ਨੂੰ ਬੁਨਿਆਦ ਸਮਝਣਾ ਚਾਹੀਦਾ ਹੈ।

ਪੰਜਾਬੀ ਵਿਭਾਗ ਤੋਂ ਮੁਖੀ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਪ੍ਰੋਫੈਸ਼ਨਲ ਕੋਰਸਾਂ ਵਿੱਚ ਸੰਬੰਧਤ ਵਿਸ਼ਾ ਪੰਜਾਬੀ ਮਾਧਿਅਮ ਰਾਹੀਂ ਪੜ੍ਹਾਏ ਜਾਣਾ ਹੋਰ ਗੱਲ ਹੈ ਪਰ ਇਸ ਲਈ ਪੰਜਾਬੀ ਵਿਸ਼ੇ ਨੂੰ ਦਾਅ ਉੱਤੇ ਨਹੀਂ ਲਗਾਇਆ ਜਾ ਸਕਦਾ।

ਮੈਨੇਜਮੈਂਟ ਵਿਭਾਗ ਤੋਂ ਪ੍ਰੋ. ਗੁਰਚਰਰਨ ਸਿੰਘ ਨੇ ਇਸ ਮੌਕੇ ਵੱਖ-ਵੱਖ ਯੂਨੀਵਰਸਿਟੀਆਂ, ਜਿਵੇਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਆਦਿ ਦੇ ਸਥਾਪਨਾ ਮੰਤਵਾਂ ਦੇ ਹਵਾਲੇ ਨਾਲ਼ ਵਿਚਾਰ ਰੱਖਦਿਆਂ ਕਿਹਾ ਕਿ ਕਿਸ ਤਰ੍ਹਾਂ ਸੰਬੰਧਤ ਵਿਸ਼ੇ ਨੂੰ ਪੰਜਾਬੀ ਰਾਹੀਂ ਪੜ੍ਹਾਏ ਜਾਣਾ ਅਸਲ ਵਿੱਚ ਪੰਜਾਬੀ ਦੀ ਸੇਵਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਸੇਵਾ ਨੂੰ ਸਾਹਿਤ, ਸੱਭਿਆਚਾਰ ਅਤੇ ਕਲਾ ਪੜ੍ਹਾਏ ਜਾਣ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ।

ਪ੍ਰੋ. ਸੰਜੀਵ ਪੁਰੀ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਕੰਪਿਊਟਿੰਗ ਦਾ ਇੱਕ ਪੇਪਰ ਸ਼ੁਰੂ ਕੀਤਾ ਗਿਆ ਹੈ ਜੋ ਕਿ ਆਪਣੇ ਆਪ ਵਿੱਚ ਵੱਖਰੀ ਗੱਲ ਹੈ ਅਤੇ ਪੰਜਾਬੀ ਦੀ ਸੇਵਾ।

ਭਾਸ਼ਾਵਾਂ ਦੇ ਡੀਨ ਪ੍ਰੋ. ਰਾਜਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਛੇ ਸਮੈਸਟਰਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਭਾਵੁਕ ਸਿਆਸੀ ਮਸਲਾ ਹੈ ਕਿਉਂਕਿ ਪੰਜਾਬੀ ਸੂਬਾ ਪੰਜਾਬੀ ਬੋਲੀ ਦੇ ਅਧਾਰ ਉੱਤੇ ਬਣਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਮਾਹਿਰ ਹੋਰ ਵਿਸਿ਼ਆਂ ਨੂੰ ਵੀ ਮੁਹਾਰਤ ਨਾਲ਼ ਪੜ੍ਹਾ ਸਕਦਾ ਹੈ ਕਿਉਂਕਿ ਇਸ ਲਈ ਪੰਜਾਬੀ ਦਾ ਮੁਹਾਵਰਾ ਸਮਝਣਾ ਜ਼ਰੂਰੀ ਹੈ।

ਵੱਖ-ਵੱਖ ਬੁਲਾਰਿਆਂ ਵੱਲੋਂ ਰੱਖੇ ਗਏ ਵਿਚਾਰਾਂ ਉਪਰੰਤ ਅਕਾਦਮਿਕ ਕੌਂਸਲ ਦੇ ਮੈਂਬਰਾਂ ਨੇ ਆਪਣੇ ਵਿਚਾਰ ਪ੍ਰਗਟਾਏ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਆਪਣੀ ਸਮੇਟਵੀਂ ਟਿੱਪਣੀ ਦੌਰਾਨ ਕਿਹਾ ਕਿ ਪੰਜਾਬੀ ਦਾ ਵਿਕਾਸ ਹੋਰਨਾਂ ਵਿਸਿ਼ਆਂ ਨਾਲ਼ ਜੋੜ ਕੇ ਹੀ ਬਿਹਤਰ ਤਰੀਕੇ ਨਾਲ਼ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਪੱਖੋਂ ਵੀ ਵਿਚਾਰ ਕੀਤੇ ਜਾਣ ਦੀ ਲੋੜ ਹੈ।

ਇਹ ਵੀ ਪੜ੍ਹੋ

Punjabi University to conduct entrance test for LLM program; releases admissions schedule

‘ਆਉਟਸਟੈਂਡਿੰਗ ਸਪੋਰਟਸ ਕੈਟਾਗਰੀ’ ਅਧੀਨ ਦਾਖਲਿਆਂ ਸਬੰਧੀ ਟਰਾਇਲ/ਕਾਊਂਸਲਿੰਗ