ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਦਾ ਨੁਕਸਾਨ ; ਵਿੱਤੀ ਸਾਲ 2022-23 ਦੇ ਅੰਤਿਮ ਦਿਨਾਂ ਵਿੱਚ ਧਰਨਕਾਰੀ ਮੁਲਾਜ਼ਮਾਂ ਨੇ ਪ੍ਰਬੰਧਕੀ ਬਲਾਕ-2 ਨੂੰ ਲਾਇਆ ਤਾਲਾ

1043

ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਦਾ ਨੁਕਸਾਨ ; ਵਿੱਤੀ ਸਾਲ 2022-23 ਦੇ ਅੰਤਿਮ ਦਿਨਾਂ ਵਿੱਚ ਧਰਨਕਾਰੀ ਮੁਲਾਜ਼ਮਾਂ ਨੇ ਪ੍ਰਬੰਧਕੀ ਬਲਾਕ-2 ਨੂੰ ਲਾਇਆ ਤਾਲਾ

ਪਟਿਆਲਾ / ਮਾਰਚ 28, 2023

ਮੁਲਾਜ਼ਮਾਂ ਦੀ ਗ਼ੈਰ-ਜ਼ਿੰਮੇਵਾਰੀ, ਵਿੱਤੀ ਵਰ੍ਹੇ ਦੇ ਆਖਰੀ ਦਿਨਾਂ ਵਿੱਚ ਕਮਜ਼ੋਰ ਅਦਾਰੇ ਦਾ ਨੁਕਸਾਨ ਹੋਣਾ ਤੈਅ ਹੈ I ਵਿੱਤੀ ਵਰ੍ਹੇ ਦੇ ਸਭ ਤੋਂ ਅਹਿਮ ਦਿਨ ਜੇ ਵਿੱਤ ਵਿਭਾਗ ਦਾ ਕੰਮ ਰੁਕਦਾ ਹੈ ਤਾਂ ਵੱਡਾ ਵਿੱਤੀ ਨੁਕਸਾਨ ਹੋਣਾ ਤੈਅ ਹੈ। ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਬੰਧਕੀ ਬਲਾਕ-2 ਇਮਾਰਤ ਅੱਗੇ ਬੈਠੇ ਬੀ. ਅਤੇ.ਸੀ. ਸ਼ਰੇਣੀ ਦੇ ਧਰਨਕਾਰੀ ਮੁਲਾਜ਼ਮਾਂ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਤਨਖਾਹ ਨਾ ਮਿਲਣ ਦਾ ਬਹਾਨਾ ਬਣਾ ਕੇ ਕੰਮ ਛੱਡੀਂ ਬੈਠੇ ਇਹ ਕਰਮਚਾਰੀ ਇਸ ਤੱਥ ਤੋਂ ਬਾਖ਼ੂਬੀ ਵਾਕਫ਼ ਹਨ ਕਿ ਉਨ੍ਹਾਂ ਵੱਲੋਂ ਆਪਣਾ ਇਹ ਕੰਮ ਉਸ ਸਮੇਂ ਛੱਡਿਆ ਹੋਇਆ ਹੈ ਜਦੋਂ ਵਿੱਤੀ ਸਾਲ 2022-23 ਦੇ ਇਸ ਅੰਤਿਮ ਦਿਨਾਂ ਵਿੱਚ ਸਾਰਾ ਵਿੱਤੀ ਲੈਣ-ਦੇਣ 31 ਮਾਰਚ ਤੱਕ ਬੇਹੱਦ ਮਹੱਤਵਪੂਰਨ ਹੁੰਦੇ ਹਨ। ਆੳਣ ਵਾਲੇ ਦਿਨਾਂ ਵਿੱਚ ਛੁੱਟੀਆਂ ਆ ਰਹੀਆਂ ਹਨ ਜਿਸ ਕਾਰਨ ਇਹ ਦੋ ਦਿਨ ਸਭ ਤੋਂ ਮਹੱਤਵਪੂਰਨ ਹਨ। ਇਨ੍ਹਾਂ ਦਿਨਾਂ ਵਿੱਚ ਇਸ ਤਰ੍ਹਾਂ ਕੰਮ ਛੱਡਣ ਦਾ ਸਪਸ਼ਟ ਭਾਵ ਇਹ ਹੈ ਕਿ ਇਸ ਨਾਲ਼ ਵਿੱਤੀ ਪੱਖੋਂ ਕਮਜ਼ੋਰ ਹਾਲਤ ਵਿੱਚ ਚੱਲ ਰਹੇ ਅਦਾਰੇ ਨੂੰ ਹੋਰ ਢਾਅ ਲੱਗਣੀ ਤੈਅ ਹੈ। ਇਸ ਸਭ ਦੇ ਨਤੀਜੇ ਵਜੋਂ ਪੈਣ ਵਾਲੇ ਹੋਰ ਵਧੇਰੇ ਵਿੱਤੀ ਘਾਟੇ ਲਈ ਇਹ ਮੁਲਾਜ਼ਮ ਆਪਣੇ ਉੱਤੇ ਕਿਸੇ ਵੀ ਪੱਖੋਂ ਨੈਤਿਕ ਜਿ਼ੰਮੇਵਾਰੀ ਨਾ ਲੈਂਦੇ ਹੋਏ ਬਾਅਦ ਵਿੱਚ ਸਾਰਾ ਭਾਂਡਾ ਮੁੜ ਅਥਾਰਿਟੀ ਦੇ ਸਿਰ ਹੀ ਭੰਨਣਗੇ।

ਇਸ ਸਬੰਧੀ ਜਦੋਂ ਯੂਨੀਵਰਸਿਟੀ ਦੇ ਰਜਿਸਟਰਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਯੂਨੀਅਨ ਦੇ ਮੈਂਬਰਾਂ ਨੇ ਰਜਿਸਟਰਾਰ, ਡੀਨ ਅਕਾਦਮਿਕ ਮਾਮਲੇ, ਵਿੱਤ ਆਦਿ ਦੇ ਦਫ਼ਤਰ ਵਾਲੀ ਪ੍ਰਬੰਧਕੀ ਇਮਾਰਤ ਨੂੰ ਬੰਦ ਕਰ ਦਿੱਤਾ ਹੈ।

ਆਪਣਾ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ ਉੱਤੇ ਇੱਕ ਮੁਲਾਜ਼ਮ ਨੇ ਇਸ ਸਥਿਤੀ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਾਰਾ ਕੁੱਝ ਜਾਣ ਬੁੱਝ ਕੇ ਹੋ ਰਿਹਾ ਹੈ। ਇਹ ਮੁਲਾਜ਼ਮ ਹੋਣ ਵਾਲੇ ਨੁਕਸਾਨ ਤੋਂ ਬਾਖੂਬੀ ਵਾਕਿਫ ਹਨ। ਇਨ੍ਹਾਂ ਨੂੰ ਪਤਾ ਹੈ ਕਿ ਇਸ ਵੇਲੇ ਯੂਨੀਵਰਸਿਟੀ ਕੋਲ ਤਨਖਾਹ ਲਈ ਲੋੜੀਂਦੀ ਰਕਮ ਨਹੀਂ ਹੈ ਅਤੇ ਬਾਕੀ ਕੰਮ ਰੁਕਣ ਨਾਲ ਹੋਰ ਕਿੰਨਾ ਨੁਕਸਾਨ ਹੋਣਾ ਹੈ।

ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਦਾ ਨੁਕਸਾਨ ; ਵਿੱਤੀ ਸਾਲ 2022-23 ਦੇ ਅੰਤਿਮ ਦਿਨਾਂ ਵਿੱਚ ਧਰਨਕਾਰੀ ਮੁਲਾਜ਼ਮਾਂ ਨੇ ਪ੍ਰਬੰਧਕੀ ਬਲਾਕ-2 ਨੂੰ ਲਾਇਆ ਤਾਲਾ

ਜਿ਼ਕਰਯੋਗ ਹੈ ਕਿ ਇਹ ਮੁਲਾਜ਼ਮ ਪਿਛਲੇ ਹਫ਼ਤੇ ਲੰਘੀਆਂ ਚਾਰ ਛੁੱਟੀਆਂ ਤੋਂ ਪਹਿਲਾਂ ਤਨਖਾਹ ਨਾ ਜਾਰੀ ਕੀਤੇ ਜਾਣ ਦਾ ਤਰਕ ਦਿੰਦੇ ਹਨ। ਦੂਜੇ ਪਾਸੇ ਇਹ ਤੱਥ ਵੀ ਅਹਿਮ ਹੈ ਕਿ ਧਰਨਾਕਾਰੀ ਯੂਨੀਅਨ ਦੇ ਸੈਲਰੀ ਬਰਾਂਚ ਵਿੱਚ ਕੰਮ ਕਰਦੇ ਮੁਲਾਜ਼ਮ ਜਾਣਬੁੱਝ ਕੇ ਬੁੱਧਵਾਰ (22 ਮਾਰਚ) ਨੂੰ ਛੁੱਟੀ ਲੈ ਕੇ ਗਏ ਸਨ। ਉਸ ਬਾਰੇ ਸਪਸ਼ਟ ਹੈ ਕਿ ਹਾਲ ਹੀ ਵਿੱਚ ਜਿੱਤੀ ‘ਬੀ’ ਅਤੇ ‘ਸੀ’ ਕਲਾਸ ਦੀ ਨਵੀਂ ਯੂਨੀਅਨ ਦੇ ਅਹੁਦੇਦਾਰਾਂ ਨੇ ਛੁੱਟੀ ਲਈ ਸੀ ਜਿਸ ਕਾਰਨ ਇਸ ਤਨਖਾਹ ਵਿੱਚ ਦੇਰੀ ਹੋਈ ਹੈ।

ਦਰਜਾ ‘ਸੀ’ ਦੇ ਮੁਲਾਜ਼ਮਾਂ ਨੂੰ ਤਨਖਾਹ ਜਾਰੀ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਨੇ ਪਿਛਲੇ ਸਮੇਂ ਦੌਰਾਨ ਇਹ ਨੀਤੀ ਅਪਣਾਈ ਹੈ ਕਿ ਸਭ ਤੋਂ ਪਹਿਲਾਂ ਸਭ ਤੋਂ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਜਾਵੇਗੀ। ਇਸੇ ਕਾਰਨ ਦਰਜਾ ‘ਬੀ’ ਦੇ ਮੁਲਾਜ਼ਮਾਂ ਨੇ ਧਰਨਾ ਲਗਾਇਆ ਹੈ ਅਤੇ ਦਰਜਾ ‘ਸੀ’ ਦੇ ਮੁਲਾਜ਼ਮਾਂ ਨੂੰ ਸ਼ਾਮਿਲ ਹੋਣ ਲਈ ਮਜਬੂਰ ਕੀਤਾ ਹੈ। ਇਹ ਜ਼ਿਕਰਯੋਗ ਹੈ ਕਿ ਦਰਜਾ ‘ਸੀ’ ਅਤੇ ਦਰਜਾ ‘ਬੀ’ ਦੇ ਮੁਲਾਜ਼ਮਾਂ ਦੀ ਯੂਨੀਅਨ ਇੱਕ ਹੈ।

ਇਸ ਦੌਰਾਨ ਯੂਨੀਅਨ ਦੇ  ਗੁਰਿੰਦਰਪਾਲ ਸਿੰਘ ਬੱਬੀ ਨਾਲ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ।

ਇਸ ਸਬੰਧੀ ਜਦੋਂ ਬੀ ਸ਼ਰੇਣੀ ਐਸੋਸੀਏਸ਼ਨ ਦੇ ਰਜਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ “ਅਸੀਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਕਿਹਾ ਸੀ ਕਿ ਬੀ ਅਤੇ ਸੀ ਕੈਟਾਗਰੀ ਦੇ ਮੁਲਾਜ਼ਮਾਂ ਨੂੰ ਇੱਕੋ ਵਾਰ ਤਨਖਾਹ ਦਿੱਤੀ ਜਾਵੇ। ਪਰ ਉਨ੍ਹਾਂ ਨੇ ਸੀ ਸ਼ਰੇਣੀ ਦੀ ਤਨਖਾਹ ਜਾਰੀ ਕਰ ਦਿੱਤੀ । ਯੂਨੀਵਰਸਿਟੀ ਸਾਡੇ ਨਾਲ ਗੰਦੀ ਰਾਜਨੀਤੀ ਕਰ ਰਹੀ ਹੈ, ਯੂਨੀਵਰਸਿਟੀ ਅਧਿਕਾਰੀ ਸਾਡੀਆਂ ਤਨਖਾਹਾਂ ਸਮੇਂ ਸਿਰ ਜਾਰੀ ਨਹੀਂ ਕਰ ਰਹੇ, ਤਰਸਯੋਗ ਦੇ ਰੁਜ਼ਗਾਰ ਦੇ ਕੇਸਾਂ ਨੂੰ ਨਹੀਂ ਨਿਪਟ ਰਹੇ ਹਨ । ਸਾਡੀ ਐਸੋਸੀਏਸ਼ਨ ਦੇ ਮੈਂਬਰ ਕੰਮ ਕਰ ਰਹੇ ਹਨ,  ਅਸੀਂ ਯੂਨੀਵਰਸਿਟੀ ਦੇ ਵਿੱਤੀ ਸਾਲ 2022-23 ਦੇ ਕੰਮ ਵਿੱਚ ਰੁਕਾਵਟ ਨਹੀਂ ਪਾਵਾਂਗੇ ।”