ਪੰਜਾਬੀ ਯੂਨੀਵਰਸਿਟੀ ਲਈ ਪਹੁੰਚੀ ਖ਼ੁਸ਼ੀ ਦੀ ਖ਼ਬਰ; ਨੈਕ ਗਰੇਡ ਵਿੱਚ ਹੋਇਆ ਵਾਧਾ; 3.37 ਅੰਕਾਂ ਨਾਲ਼ ਏ+ ਗਰੇਡ ਹਾਸਿਲ

659

ਪੰਜਾਬੀ ਯੂਨੀਵਰਸਿਟੀ ਲਈ ਪਹੁੰਚੀ ਖ਼ੁਸ਼ੀ ਦੀ ਖ਼ਬਰ; ਨੈਕ ਗਰੇਡ ਵਿੱਚ ਹੋਇਆ ਵਾਧਾ; 3.37 ਅੰਕਾਂ ਨਾਲ਼ ਏ+ ਗਰੇਡ ਹਾਸਿਲ

ਪਟਿਆਲਾ/ ਅਕਤੂਬਰ 13, 2023
ਪੰਜਾਬੀ ਯੂਨੀਵਰਸਿਟੀ ਲਈ ਖੁਸ਼ੀ ਭਰੀ ਖ਼ਬਰ ਆਈ ਹੈ ਕਿ ‘ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡਿਏਸ਼ਨ ਕੌਂਸਲ’ (ਨੈਕ) ਨੇ ਇਸ ਦੇ ਅਕਾਦਮਿਕ ਮਿਆਰ ਸੰਬੰਧੀ ਗਰੇਡ ਵਿੱਚ ਵਾਧਾ ਕਰ ਦਿੱਤਾ ਹੈ। ਤਾਜ਼ਾ ਨਿਰੀਖਣ ਉਪਰੰਤ ਪੰਜਾਬੀ ਯੂਨੀਵਰਸਿਟੀ ਨੂੰ ਏ-ਪਲੱਸ (ਏ+) ਦਾ ਗਰੇਡ ਹਾਸਿਲ ਹੋਇਆ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਖੁਸ਼ੀ ਸਹਿਤ ਇਹ ਖ਼ਬਰ ਸਾਂਝੀ ਕਰਦਿਆਂ ਦੱਸਿਆ ਕਿ ਯੂਨਵਿਰਸਿਟੀ ਨੇ 3.37 ਅੰਕ ਹਾਸਿਲ ਕਰ ਕੇ ਇਹ ਏ+ ਗਰੇਡ ਪ੍ਰਾਪਤ ਕੀਤਾ ਹੈ। ਜਿ਼ਕਰਯੋਗ ਹੈ ਕਿ ਪਹਿਲਾਂ ਯੂਨੀਵਰਸਿਟੀ ਕੋਲ਼ 3.35 ਅੰਕਾਂ ਨਾਲ਼ ਏ-ਗਰੇਡ ਹਾਸਿਲ ਸੀ।

ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਖੁਸ਼ੀ ਅਤੇ ਮਾਣ ਵਾਲ਼ੀ ਗੱਲ ਹੈ ਕਿ ‘ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡਿਏਸ਼ਨ ਕੌਂਸਲ’ (ਨੈਕ) ਨੇ ਯੂਨੀਵਰਸਿਟੀ ਦੇ ਅਕਾਦਮਿਕ ਮਿਆਰ ਵਿੱਚ ਹੋਏ ਗੁਣਾਤਮਕ ਵਾਧਿਆਂ ਉੱਤੇ ਮੋਹਰ ਲਾਉਂਦਿਆਂ ਬਿਹਤਰ ਗਰੇਡ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਦਾ ਸਿਹਰਾ ਯੂਨੀਵਰਸਿਟੀ ਦੇ ਉਸ ਸਾਰੇ ਅਧਿਆਪਨ ਅਤੇ ਗ਼ੈਰ ਅਧਿਆਪਨ ਅਮਲੇ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਮਿਆਰੀ ਕਾਰਜਾਂ ਨਾਲ਼ ਚੰਗਾ ਗਰੇਡ ਪ੍ਰਾਪਤ ਕਰਨਾ ਯਕੀਨੀ ਬਣਾਇਆ ਹੈ। ਉਨ੍ਹਾਂ ਇਸ ਮੌਕੇ ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਵਧਾਈ ਗਈ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਸਮੇਂ ਕੀਤਾ ਆਪਣਾ ਵਾਅਦਾ ਵਿਸ਼ੇਸ਼ ਤੌਰ ਉੱਤੇ ਯਾਦ ਕੀਤਾ ਜਦੋਂ ਉਨ੍ਹਾਂ ਕਿਹਾ ਸੀ ਕਿ ਜੇਕਰ ਸਰਕਾਰ ਨੇ ਯੂਨੀਵਰਸਿਟੀ ਪ੍ਰਤੀ ਆਪਣਾ ਫ਼ਰਜ਼ ਨਿਭਾਇਆ ਹੈ ਤਾਂ ਹੁਣ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਨੂੰ ਬਿਹਤਰ ਬਣਾਉਣ ਦੀ ਜਿ਼ੰਮੇਵਾਰੀ ਹੁਣ ਸਾਡੀ ਸਭ ਦੀ ਹੈ। ਇਸ ਲਈ ਯੂਨੀਵਰਸਿਟੀ ਨਾਲ਼ ਜੁੜੇ ਹਰੇਕ ਵਿਅਕਤੀ ਨੂੰ ਇਸ ਦੇ ਅਕਾਦਮਿਕ ਮਾਹੌਲ ਨੂੰ ਹੋਰ ਬਿਹਤਰ ਬਣਾਉਣ ਵਿੱਚ ਆਪੋ ਆਪਣੀ ਕਿਸਮ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਪਿਛਲੇ ਸਮੇਂ ਵਿੱਚ ਕੀਤੇ ਗਏ ਅਕਾਦਮਿਕ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ਼ ਸੂਚੀਬੱਧ ਅਤੇ ਦਸਤਾਵੇਜ਼ੀਕਰਣ ਕਰ ਕੇ ਨੈਕ ਨੂੰ ਚੰਗੀ ਪੇਸ਼ਕਾਰੀ ਦੇ ਸਕੇ ਹਾਂ ਜਿਸ ਦੇ ਅਧਾਰ ਉੱਤੇ ਇਹ ਗਰੇਡ ਪ੍ਰਾਪਤ ਹੋਇਆ ਹੈ।

ਇਸ ਮੌਕੇ ਉਨ੍ਹਾਂ ਵੱਲੋਂ ਨੈਕ ਲਈ ਲੋੜੀਂਦੇ ਅੰਕੜਿਆਂ ਅਤੇ ਹੋਰ ਤਿਆਰੀਆਂ ਵਿੱਚ ਸ਼ਾਮਿਲ ਸਮੁੱਚੇ ਅਮਲੇ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਦਿਨ ਰਾਤ ਇੱਕ ਕਰ ਕੇ ਇਹ ਕਾਰਜ ਨੇਪਰੇ ਚਾੜ੍ਹਿਆ।

ਪੰਜਾਬੀ ਯੂਨੀਵਰਸਿਟੀ ਲਈ ਪਹੁੰਚੀ ਖ਼ੁਸ਼ੀ ਦੀ ਖ਼ਬਰ; ਨੈਕ ਗਰੇਡ ਵਿੱਚ ਹੋਇਆ ਵਾਧਾ; 3.37 ਅੰਕਾਂ ਨਾਲ਼ ਏ+ ਗਰੇਡ ਹਾਸਿਲ

ਜਿ਼ਕਰਯੋਗ ਹੈ ਕਿ ਚਾਰ ਅਤੇ ਪੰਜ ਅਕਤੂਬਰ 2023 ਨੂੰ ਦੋ ਦਿਨਾ ਦੌਰੇ ਉੱਤੇ ਪਹੁੰਚੇ ‘ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡਿਏਸ਼ਨ ਕੌਂਸਲ’ (ਨੈਕ) ਦੇ ਪ੍ਰਤੀਨਿਧੀਆਂ ਨੇ ਕੈਂਪਸ ਵਿੱਚ ਆਪਣਾ ਨਿਰੀਖਣ ਦਾ ਕਾਰਜ ਕੀਤਾ ਸੀ। ਇਸ ਸੱਤ ਮੈਂਬਰੀ ਟੀਮ, ਜਿਸ ਵਿੱਚ ਕਿ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਸਿੱਖਿਆ ਮਾਹਿਰ ਸ਼ਾਮਿਲ ਸਨ, ਨੇ ਇਸ ਨਿਰੀਖਣ ਸੰਬੰਧੀ ਸੀਲਬੰਦ ਰਿਪੋਰਟ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡਿਏਸ਼ਨ ਕੌਂਸਲ ਨੂੰ ਭੇਜ ਦਿੱਤੀ ਸੀ। ਵਰਨਣਯੋਗ ਹੈ ਕਿ ਇਸ ਓਵਰਆਲ ਨਤੀਜੇ ਲਈ ਲੋੜੀਂਦੇ ਮੁਲਾਂਕਣ ਦਾ 70 ਫ਼ੀਸਦੀ ਹਿੱਸਾ ਯੂਨੀਵਰਸਿਟੀ ਵੱਲੋਂ ਪਹਿਲਾਂ ਜਮ੍ਹਾਂ ਕਰਵਾਏ ਗਏ ਵੱਖ-ਵੱਖ ਦਸਤਾਵੇਜ਼ਾਂ ਦੇ ਅਧਾਰ ਉੱਤੇ ਹੁੰਦਾ ਹੈ ਅਤੇ ਬਾਕੀ ਬਚਦਾ 30 ਫ਼ੀਸਦੀ ਹਿੱਸਾ ਨੈਕ ਪ੍ਰਤੀਨਿਧੀਆਂ ਦੀ ਟੀਮ ਵੱਲੋਂ ਦੌਰੇ ਦੌਰਾਨ ਨਿਰੀਖਣ ਉਪਰੰਤ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਉੱਤੇ ਨਿਰਭਰ ਕਰਦਾ ਹੈ।
ਪੰਜਾਬੀ ਯੂਨੀਵਰਸਿਟੀ ਵਿਖੇ ਨੈਕ ਦਾ ਇਹ ਚੌਥੇ ਗੇੜ ਦਾ ਨਿਰੀਖਣ ਸੀ ਜਿਸ ਵਿੱਚ 2017 ਤੋਂ 2022 ਦੇ ਦਰਮਿਆਨ ਦੀਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਵੇਖਿਆ ਪਰਖਿਆ ਗਿਆ। ਇਸ ਤੋਂ ਪਹਿਲਾਂ ਪਿਛਲੇ ਸਾਲਾਂ ਦੌਰਾਨ ਤਿੰਨ ਵਾਰ ਨੈਕ ਵੱਲੋਂ ਯੂਨੀਵਰਸਿਟੀ ਦਾ ਨਿਰੀਖਣ ਕੀਤਾ ਜਾ ਚੁੱਕਾ ਹੈ।

ਇਸ ਟੀਮ ਵੱਲੋਂ ਦੋ ਦਿਨਾਂ ਵਿੱਚ ਯੂਨੀਵਰਸਿਟੀ ਦੇ ਤਕਰੀਬਨ ਅੱਧੇ ਵਿਭਾਗਾਂ ਦਾ ਦੌਰਾ ਕਰਦਿਆਂ ਉੱਥੇ ਹਾਜ਼ਰ ਵਿਭਾਗੀ ਪ੍ਰਤੀਨਿਧੀਆਂ ਨਾਲ਼ ਸੰਵਾਦ ਰਚਾਇਆ ਗਿਆ ਸੀ। ਹਰੇਕ ਵਿਭਾਗ ਵੱਲੋਂ ਆਪਣੀਆਂ ਵਿਸ਼ੇਸ਼ਤਾਵਾਂ, ਵਿਲੱਖਣਤਾਵਾਂ, ਪ੍ਰਾਪਤੀਆਂ ਆਦਿ ਨਾਲ਼ ਸੰਬੰਧਤ ਅੰਕੜਿਆਂ ਨੂੰ ਸੂਚੀਬੱਧ ਕਰ ਕੇ ਅਗਾਊਂ ਤਿਆਰੀ ਕੀਤੀ ਹੋਈ ਸੀ ਤਾਂ ਕਿ ਘੱਟ ਸਮੇਂ ਵਿੱਚ ਵਧੇਰੇ ਦੱਸਿਆ ਜਾ ਸਕੇ। ਜਿੱਥੇ ਸੰਬੰਧਤ ਵਿਭਾਗ ਵੱਲੋਂ ਆਪਣੇ ਪੱਧਰ ਉੱਤੇ ਟੀਮ ਨੂੰ ਜਾਣਕਾਰੀ/ਪੇਸ਼ਕਾਰੀ ਦਿੱਤੀ ਜਾਂਦੀ ਸੀ ਉੱਥੇ ਹੀ ਟੀਮ ਵੱਲੋਂ ਵੀ ਆਪਣੀ ਦਿਲਚਸਪੀ ਅਨੁਸਾਰ ਵੱਖ-ਵੱਖ ਸਵਾਲਾਂ ਜ਼ਰੀਏ ਪੁੱਛਗਿੱਛ ਕੀਤੀ ਜਾਂਦੀ ਸੀ।

“Exciting news!  News Portal royalpatiala.in is now on WhatsApp ChannelSubscribe today by clicking the link and stay updated with the latest updates! “ Click here !