ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਨਵੇਂ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ਼ ਮੁਲਾਕਾਤ
ਪਟਿਆਲਾ / 12 ਜਨਵਰੀ, 2023
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਸੂਬੇ ਦੇ ਨਵੇਂ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ਼ ਇੱਕ ਮੁਲਾਕਾਤ ਕੀਤੀ। ਚੰਡੀਗੜ੍ਹ ਵਿਖੇ ਹੋਈ ਇਸ ਗ਼ੈਰ ਰਸਮੀ ਮੀਟਿੰਗ ਦੌਰਾਨ ਉਨ੍ਹਾਂ ਪੰਜਾਬ ਦੀ ਉਚੇਰੀ ਸਿੱਖਿਆ ਅਤੇ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੇ ਵੱਖ-ਵੱਖ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਜਿੱਥੇ ਉਨ੍ਹਾਂ ਨੂੰ ਨਵੇਂ ਮਹਿਕਮੇ ਦੀ ਜ਼ਿੰਮੇਵਾਰੀ ਸੰਭਾਲਣ ਸੰਬੰਧੀ ਵਧਾਈ ਦਿੱਤੀ ਓਥੇ ਨਾਲ਼ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ। ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਨਿਵੇਕਲੀ ਭਾਂਤ ਦੇ ਪੰਜ ਸਾਲਾ ਇੰਟੈਗ੍ਰੇਟਿਡ ਕੋਰਸਾਂ ਬਾਰੇ ਵਿਸ਼ੇਸ਼ ਤੌਰ ਉੱਤੇ ਗੱਲ ਕਰਦਿਆਂ ਵਾਈਸ-ਚਾਂਸਲਰ ਨੇ ਦੱਸਿਆ ਕਿ ਅਜਿਹੀ ਪਹਿਲਕਦਮੀ ਕਰਨ ਦੇ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੇਸ਼ ਭਰ ਵਿੱਚ ਇਕਲੌਤੀ ਯੂਨੀਵਰਸਿਟੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕੋਰਸਾਂ ਵਿਚ ਵਿਦਿਆਰਥੀ ਆਪਣੇ ਮੁੱਖ ਵਿਸ਼ੇ ਦੇ ਨਾਲ-ਨਾਲ ਆਪਣੀ ਰੁਚੀ ਅਨੁਸਾਰ ਬਿਲਕੁਲ ਵੱਖਰੀ ਵੰਨਗੀ ਦਾ ਵਿਸ਼ਾ ਵੀ ਪੜ੍ਹ ਸਕਦੇ ਹਨ। ਉਦਾਹਰਨ ਵਜੋਂ ਵਿਗਿਆਨ ਜਾਂ ਗਣਿਤ ਖੇਤਰ ਦਾ ਵਿਦਿਆਰਥੀ ਆਪਣੇ ਇਸ ਮੁੱਖ ਵਿਸ਼ੇ ਦੇ ਨਾਲ਼-ਨਾਲ਼ ਸੰਗੀਤ, ਥੀਏਟਰ, ਸਾਹਿਤ ਆਦਿ ਵੀ ਪੜ੍ਹ ਸਕਦਾ ਹੈ। ਵਾਈਸ ਚਾਂਸਲਰ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਹਿਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਦਿਲਚਸਪੀ ਲਈ ਹੈ ਜਿਸ ਜਿਸ ਦੇ ਸਿੱਟੇ ਵਜੋਂ ਨਵੇਂ ਕੋਰਸ ਹੋਣ ਦੇ ਬਾਵਜੂਦ ਇਨ੍ਹਾਂ ਕੋਰਸਾਂ ਦੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ।
ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਮੁੱਚੀਆਂ ਪਹਿਲਕਦਮੀਆਂ ਬਾਰੇ ਸੰਤੁਸ਼ਟੀ ਪ੍ਰਗਟਾਉਂਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਸਾਰੂ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੀਆਂ ਸਭ ਸਰਗਰਮੀਆਂ ਵਿੱਚ ਵਿਸ਼ੇਸ਼ ਦਿਲਚਸਪੀ ਜ਼ਾਹਰ ਕਰਦਿਆਂ ਇੱਛਾ ਪ੍ਰਗਟਾਈ ਕਿ ਉਹ ਜਲਦ ਹੀ ਪੰਜਾਬੀ ਯੂਨੀਵਰਸਿਟੀ ਦਾ ਦੌਰਾ ਕਰ ਕੇ ਸਭ ਪਹਿਲਕਦਮੀਆਂ ਬਾਰੇ ਵਿਸਥਾਰ ਵਿੱਚ ਜਾਣਨਗੇ।
ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਸੂਬਾ ਸਰਕਾਰ ਦੇ ਤਰਜੀਹੀ ਮਸਲਿਆਂ ਵਿੱਚ ਸ਼ਾਮਿਲ ਹਨ। ਯੂਨੀਵਰਸਿਟੀ ਦੇ ਵੱਖ-ਵੱਖ ਮੁੱਦਿਆਂ ਬਾਰੇ ਗੱਲ ਆਪਣੇ ਵਿਚਾਰ ਪ੍ਰਗਟਾਉਂਦਿਆਂ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਮੁਹਈਆ ਕਰਵਾਈ ਜਾਵੇਗੀ।
ਇਸ ਮੁਲਾਕਾਤ ਦੇ ਅੰਤ ਉੱਤੇ ਵਾਈਸ-ਚਾਂਸਲਰ ਪ੍ਰੋ ਅਰਵਿੰਦ ਵੱਲੋਂ ਉਚੇਰੀ ਸਿੱਖਿਆ ਮੰਤਰੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪ੍ਰਕਾਸ਼ਨਾਵਾਂ ਦਾ ਇੱਕ ਸੈੱਟ ਭੇਂਟ ਕੀਤਾ ਗਿਆ।