ਪੰਜਾਬੀ ਯੂਨੀਵਰਸਿਟੀ ਵਿਖੇ ਡਿਜੀਟਲ ਮਾਰਕੀਟਿੰਗ ਐਂਡ ਪਰਸਨਲ ਬਰੈਂਡਿੰਗ ਵਿਸ਼ੇ ਤੇ ਪੰਜ ਦਿਨਾ ਪ੍ਰੋਗਰਾਮ
ਪਟਿਆਲਾ, 7 ਜਨਵਰੀ :
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿਭਾਗ ਵੱਲੋਂ ਆਪਣੀ 50ਵੀਂ ਵਰ੍ਹੇ ਗੰਢ ਨੂੰ ਸਮਰਪਿਤ ਅਧਿਆਪਕਾਂ ਅਤੇ ਖੋਜਾਰਥੀਆਂ ਲਈ ਪੰਜ ਰੋਜ਼ਾ ਪ੍ਰਬੰਧਨ ਵਿਕਾਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਵਿਖੇ ਡਿਜੀਟਲ ਮਾਰਕੀਟਿੰਗ ਐਂਡ ਪਰਸਨਲ ਬਰੈਂਡਿੰਗ ਵਿਸ਼ੇ ਤੇ ਪੰਜ ਦਿਨਾ ਪ੍ਰੋਗਰਾਮ ਦਾ ਉਦਘਾਟਨ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਡਿਜੀਟਲ ਮਾਰਕੀਟਿੰਗ ਦੇ ਖੇਤਰ ਵਿਚ ਨੈਤਿਕ ਕਦਰਾਂ ਕੀਮਤਾਂ ਦੀ ਅਹਿਮੀਅਤ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਅੱਜ ਦੇ ਸਮੇਂ ਵਿਚ ਲੋਕ ਜਦੋਂ ਰਵਾਇਤੀ ਕਿਸਮ ਦੀ ਮੰਡੀ ਤੋਂ ਆਧੁਨਿਕ ਮਾਰਕੀਟ ਰੁਝਾਨਾਂ ਵੱਲ ਵਧੇਰੇ ਰੁਚਿਤ ਹੋ ਰਹੇ ਹਨ ਤਾਂ ਇਸ ਮਾਰਕੀਟ ਵਿਚ ਨੈਤਿਕਤਾ ਨੂੰ ਬਣਾਈ ਰੱਖਣ ਲਈ ਵੀ ਕੰਮ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਸ ਪੰਜ ਦਿਨਾ ਪ੍ਰੋਗਰਾਮ ਰਾਹੀਂ ਜੇਕਰ ਡਿਜੀਟਲ ਮਾਰਕੀਟ ਬਾਰੇ ਠੋਸ ਕਿਸਮ ਦੀ ਕੋਈ ਰਣਨੀਤੀ ਤੈਅ ਹੁੰਦੀ ਹੈ ਤਾਂ ਉਹ ਹੋਰ ਵੀ ਬਿਹਤਰ ਹੋਵੇਗਾ। ਪ੍ਰੋਗਰਾਮ ਵਿਚ ਵਿਸ਼ਾ ਮਾਹਿਰ ਵਜੋਂ ਥਾਪਰ ਯੂਨੀਵਰਸਿਟੀ ਤੋਂ ਡਾ. ਅਮਿਤ ਭਾਰਦਵਾਜ ਅਤੇ ਡਿਜੀਟਲ ਬਾਊਂਸ ਕੰਪਨੀ, ਚੰਡੀਗੜ੍ਹ ਦੇ ਮਾਹਿਰ ਪੁੱਜੇ ਸਨ। ਇਨ੍ਹਾਂ ਸਭ ਮਾਹਿਰਾਂ ਨੂੰ ਪੌਦਿਆਂ ਦੇ ਗਮਲੇ ਦੇ ਕੇ ਸਨਮਾਨਿਤ ਕੀਤਾ ਗਿਆ।
ਸਵਾਗਤੀ ਸ਼ਬਦਾਂ ਦੌਰਾਨ ਵਿਭਾਗ ਮੁਖੀ ਡਾ. ਗੁਰਚਰਨ ਸਿੰਘ ਨੇ ਕਿਹਾ ਇਹ ਪ੍ਰੋਗਰਾਮ ਨਿਸ਼ਚੇ ਹੀ ਸਭ ਪ੍ਰਤੀਭਾਗੀਆਂ ਲਈ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਹੁਣ ਜਦੋਂ ਹਰੇਕ ਗ੍ਰਾਹਕ ਕੋਈ ਵੀ ਵਸਤ ਖਰੀਦਣ ਤੋਂ ਪਹਿਲਾਂ ਆਨਲਾਈਨ ਪਰਖ ਕਰਦਾ ਹੈ ਤਾਂ ਅਜਿਹੇ ਵਿਸਿ਼ਆਂ ਸੰਬੰਧੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਵਿਭਾਗ ਦੇ ਪ੍ਰੋਫੈਸਰ ਡਾ. ਅਮਰਇੰਦਰ ਸਿੰਘ ਨੇ ਪ੍ਰੋਗਰਾਮ ਦੇ ਵਿਸ਼ੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਡਿਜੀਟਲ ਮਾਰਕੀਟ ਨੇ ਸਮੁੱਚੇ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਹੈ। ਅੱਜ ਕੱਲ੍ਹ ਹਰ ਕੋਈ ਘਰ ਬੈਠਾ ਹੀ ਸਮਾਨ ਖਰੀਦਣਾ ਚਾਹੁੰਦਾ ਹੈ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸਤਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਵੀ 50 ਦੇ ਕਰੀਬ ਡੈਲੀਗੇਟਸ ਭਾਗ ਲੈਣ ਲਈ ਪਹੁੰਚੇ ਹੋਏ ਹਨ।