ਪੰਜਾਬੀ ਵਿੱਚ ਕੰਮ ਕਰਨ ਲਈ ਪੰਜਾਬੀ ਯੂਨੀਵਰਸਿਟੀ ਬਣਾਏਗੀ ਪੰਜਾਬੀ ਲੀਨੇਕਸ ਆਪਰੇਟਿੰਗ ਸਿਸਟਮ

166

ਪੰਜਾਬੀ ਵਿੱਚ ਕੰਮ ਕਰਨ ਲਈ ਪੰਜਾਬੀ ਯੂਨੀਵਰਸਿਟੀ ਬਣਾਏਗੀ ਪੰਜਾਬੀ ਲੀਨੇਕਸ ਆਪਰੇਟਿੰਗ ਸਿਸਟਮ

ਪਟਿਆਲਾ, 27 ਮਈ ():-

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਗਾਮੀ ਕੁਝ ਸਮੇਂ ਵਿੱਚ ਪੰਜਾਬੀ ਵਿੱਚ ਕੰਮ ਕਰਨ ਲਈ ਲੀਨੇਕਸ ਆਧਾਰਿਤ ਆਪਰੇਟਿੰਗ ਸਿਸਟਮ ਦਾ ਵਿਕਾਸ ਕਰੇਗੀ।  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਆਯੋਜਿਤ 50ਵੀਂ ਸੱਤ ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਕੰਪਿਊਟਰ ਸਾਡੇ ਨਾਲ ਪੰਜਾਬੀ ਜ਼ੁਬਾਨ ਵਿੱਚ ਸੰਵਾਦ ਕਰੇ  ਜਿਸ ਲਈ ਪੰਜਾਬੀ ਪਿਆਰਿਆਂ ਲਈ ਆਪਣੀ ਹੀ ਜ਼ੁਬਾਨ ਵਿੱਚ ਕੰਮ ਕਰਨ ਵਾਲੇ ਓਪਰੇਟਿੰਗ ਸਿਸਟਮ ਦੀ ਵੱਡੀ ਲੋੜ ਹੈ। ਉਨ੍ਹਾਂ ਇਸ ਸਿਖਲਾਈ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਅਜਿਹੇ ਪ੍ਰੋਗਰਾਮ ਵਿਦੇਸ਼ੀ ਸਿਖਾਂਦਰੂਆਂ ਲਈ ਵੀ ਸ਼ੁਰੂ ਕਰੇਗੀ।

ਪੰਜਾਬੀ ਵਿੱਚ ਕੰਮ ਕਰਨ ਲਈ ਪੰਜਾਬੀ ਯੂਨੀਵਰਸਿਟੀ ਬਣਾਏਗੀ ਪੰਜਾਬੀ ਲੀਨੇਕਸ ਆਪਰੇਟਿੰਗ ਸਿਸਟਮ

ਆਨ-ਲਾਈਨ ਮਿਲਣੀ ਮੰਚ ਰਾਹੀਂ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਅਜੋਕੇ ਸਮੇਂ ਦੇ ਹਾਣ ਦਾ ਬਣਾਉਣ ਲਈ ਇਸ ਦੇ ਕੰਪਿਊਟਰੀਕਰਨ ਪੱਖ ਵੱਲ ਤਵੱਜੋ ਦੇਣੀ ਬਹੁਤ ਲਾਜ਼ਮੀ ਹੈ। ਇਸ ਮੌਕੇ ਕੇਂਦਰ ਦੇ ਕੋਆਰਡੀਨੇਟਰ ਡਾ. ਦੇਵਿੰਦਰ ਸਿੰਘ ਨੇ ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ 30 ਖੋਜਾਰਥੀਆਂ, ਵਿਦਿਆਰਥੀਆਂ,  ਅਧਿਆਪਕਾਂ ਤੇ ਲੇਖਕਾਂ ਨੇ ਹਿੱਸਾ ਲਿਆ ਜਿਸ ਰਾਹੀਂ ਡਾ. ਸੀ ਪੀ ਕੰਬੋਜ ਦੀ ਅਗਵਾਈ ਹੇਠ ਪੰਜਾਬੀ ਸਾਫ਼ਟਵੇਅਰਾਂ ਨੂੰ ਵਰਤਣ ਦੀ ਸਿਖਲਾਈ ਦਿੱਤੀ ਗਈ। ਇਸ ਸਮੇਂ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਵੀ ਸੰਬੋਧਨ ਕੀਤਾ। ਡਾ. ਲਹਿਲ ਨੇ ਕਿਹਾ ਕਿ  ਪੰਜਾਬੀ ਕੰਪਿਊਟਿੰਗ ਦੇ ਪ੍ਰਚਾਰ-ਪ੍ਰਸਾਰ ਲਈ ਅਜਿਹੇ ਸਿਖਲਾਈ ਪ੍ਰੋਗਰਾਮ ਖ਼ਾਸ ਯੋਗਦਾਨ ਪਾ ਰਹੇ ਹਨ।  ਵਰਕਸ਼ਾਪ ਸੰਚਾਲਕ ਤੇ ਕੋਰਸ ਕੋਆਰਡੀਨੇਟਰ ਡਾ. ਸੀ ਪੀ ਕੰਬੋਜ ਨੇ ਕਿਹਾ ਕਿ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਪਿਛਲੇ 10 ਸਾਲਾਂ ਤੋਂ ਅਜਿਹੀਆਂ ਵਰਕਸ਼ਾਪਾਂ, ਥੋੜ੍ਹੇ ਸਮੇਂ ਦੇ ਕੋਰਸਾਂ ਅਤੇ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੀ ਸ਼ਰਤ ਪੂਰੀ ਕਰਨ ਵਾਲੇ ਇੱਕ 120 ਘੰਟਿਆਂ ਦੇ ਸਰਟੀਫਿਕੇਟ ਕੋਰਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।