ਪੰਜਾਬ ਅੰਦਰ “ਆਪ” ਸਰਕਾਰ ਦੀ ਢਿੱਲ ਕਾਰਨ ਕਾਨੂੰਨ ਵਿਵਸਥਾ ਨਾਕਾਮ- ਅਜੇ ਮੰਗੂਪੁਰ
ਬਹਾਦਰਜੀਤ ਸਿੰਘ /royalpatiala.in News/ ਬਲਾਚੌਰ,18 ਨਵੰਬਰ ,2025
ਪੰਜਾਬ ‘ਚ ਲਗਾਤਾਰ ਹੋ ਰਹੀਆਂ ਅਪਰਾਧਿਕ ਘਟਨਾਵਾਂ ਦੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ-ਵਿਵਸਥਾ ਬਹੁਤ ਹੀ ਖ਼ਤਰਨਾਕ ਮੋੜ ‘ਤੇ ਪਹੁੰਚ ਗਈ ਹੈ ਅਤੇ ਮੌਜੂਦਾ ਸਰਕਾਰ ਅਪਰਾਧ ਨੂੰ ਕਾਬੂ ਕਰਨ ‘ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ।
ਲਗਾਤਾਰ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਲੋਕਾਂ ‘ਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਤਿਆਰ ਕਰ ਦਿੱਤਾ ਹੈ। ਬੰਗਾ ‘ਚ ਥਾਣੇ ਤੋਂ ਸਿਰਫ਼ 200 ਮੀਟਰ ਦੂਰੀ ‘ਤੇ 3 ਦਰਜਨ ਤੋਂ ਵੱਧ ਰਾਊਂਡ ਫਾਇਰ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਅਪਰਾਧੀਆਂ ‘ਚ ਨਾ ਪੁਲਸ ਦਾ ਕੋਈ ਖ਼ੌਫ਼ ਬਚਿਆ ਹੈ ਤੇ ਨਾ ਹੀ ਸਰਕਾਰ ਦਾ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ‘ਚ ਆਰ.ਐੱਸ.ਐੱਸ.ਨੇਤਾ ਦੇ ਪੋਤੇ ਨਵੀਨ ਅਰੋੜਾ ਦੀ ਸ਼ਰੇਆਮ ਹੱਤਿਆ, ਗੁਰਦਾਸਪੁਰ ਦੇ ਵਪਾਰੀ ਰਵੀ ਢਿੱਲੋਂ ਦੀ ਗੋਲੀ ਮਾਰ ਕੇ ਹੱਤਿਆ, ਜਲੰਧਰ ‘ਚ ਗੁਰਦੇ ਦੇ ਰੋਗਾਂ ਦੇ ਮਾਹਰ ਡਾ. ਰਾਹੁਲ ਸੂਦ ‘ਤੇ ਗੋਲੀਬਾਰੀ ਅਤੇ ਅਗਵਾ ਕਰਨ ਦੀ ਕੋਸ਼ਿਸ਼, ਇਹ ਸਭ ਘਟਨਾਵਾਂ ਸੁਰੱਖਿਆ ਤੰਤਰ ਦੀ ਪੂਰੀ ਨਾਕਾਮੀ ਨੂੰ ਬੇਨਕਾਬ ਕਰਦੀਆਂ ਹਨ।
ਸੂਬੇ ਭਰ ਦੇ ਵਪਾਰੀਆਂ ਤੇ ਕਾਰੋ ਬਾਰੀਆਂ ਕੋਲੋਂ ਜ਼ਬਰਦਸਤੀ ਵਸੂਲੀ ਦੀਆਂ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ ਪਰ ਪੁਲਸ ਦੀ ਕਾਰਵਾਈ ਬਹੁਤ ਹੀ ਮੱਠੀ ਅਤੇ ਅਧੂਰੀ ਹੈ। ਇਸ ਨਾਲ ਵਪਾਰੀ ਭਾਈਚਾਰੇ ‘ਚ ਖ਼ੌਫ਼ ਦਾ ਮਾਹੌਲ ਬਣ ਰਿਹਾ ਹੈ। ਪੰਜਾਬ ‘ਚ ਗਿਰੋਹੀ ਟਕਰਾਅ ਤੇ ਗੈਂਗਵਾਰ ਲਗਾਤਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਾ ਨੂੰ ਸੁਰੱਖਿਆ ਚਾਹੀਦੀ ਹੈ, ਜੁਮਲੇ ਨਹੀਂ।












