ਪੰਜ ਤਖਤਾਂ ਦੀ ਸਾਈਕਲ ਯਾਤਰਾ ਦਾ ਰੂਪਨਗਰ ਪਹੁੰਚਣ ’ਤੇ ਸਵਾਗਤ
ਬਹਾਦਰਜੀਤ ਸਿੰਘ /ਰੂਪਨਗਰ, 6 ਜੂਨ, 2022
ਕੋਟਕਪੂਰਾ (ਜ਼ਿਲ੍ਹਾ ਫਰੀਦਕੋਟ) ਤੋਂ ਪੰਜ ਤਖਤਾਂ ਦੀ ਸਾਈਕਲ ’ਤੇ ਨਿਕਲੇ ਪਰਮਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਦਾ ਰੂਪਨਗਰ ਪਹੁੰਚਣ ’ਤੇ ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੂ ਸਤਿਆਲ ਨੇ ਦੱਸਿਆ ਕਿ ਅਧਿਆਪਕ ਪਰਮਿੰਦਰ ਸਿੰਘ ਸਿੱਧੂ ਤੇ ਸਾਬਕਾ ਜੇਲ੍ਹ ਸੁਪਰਡੈਂਟ ਕੁਲਦੀਪ ਸਿੰਘ 2 ਜੂਨ ਤੋਂ ਆਪਣੇ ਸ਼ਹਿਰ ਤੋਂ ਅਮਨ, ਸ਼ਾਤੀ ਤੇ ਸਰਬੱਤ ਦੇ ਭਲੇ ਲਈ ਸ਼ੁਰੂ ਕੀਤੀ ਸਾਈਕਲ ਯਾਤਰਾ ਉੱਤੇ ਦੋ ਤਖਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਤੀਸਰੇ ਤਖਤ ਪਟਨਾ ਸਾਹਿਬ ਨੂੰ ਜਾਣ ਮੌਕੇ ਇੱਥੇ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਰਮਿੰਦਰ ਸਿੰਘ ਸਿੱਧੂ ਲਗਾਤਾਰ 607 ਦਿਨ ਰੋਜ਼ਾਨਾ 100 ਕਿਲੋਮੀਟਰ ਤੋਂ ਵੱਧ ਸਾਈਕਲ ਚਲਾ ਕੇ ਇੰਡੀਆ, ਏਸ਼ੀਆ ਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ।
ਦੋਵੇਂ ਸਾਈਕਲਿਸਟ ਗਰਮੀ ਦੇ ਮੌਸਮ ਕਾਰਨ ਦੇਰ ਸ਼ਾਮੀ ਸ਼ੁਰੂ ਕਰਕੇ ਰਾਤ ਭਰ ਦੋ 100 ਕਿਲੋਮੀਟਰ ਦਾ ਟੀਚਾ ਤੈਅ ਕਰਕੇ ਯਾਤਰਾ ਕਰ ਰਹੇ ਹਨ। ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਹੁੰਦੇ ਹੋਏ ਇਹ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅੱਪੜਕੇ ਆਪਣੀ ਇਹ ਲਗਭੱਗ 5000 ਕਿਲੋਮੀਟਰ ਲੰਮੀ ਸਾਈਕਲ ਯਾਤਰਾ ਸਮਾਤਪ ਕਰਨਗੇ।