ਬਠਿੰਡਾ ਜ਼ਿਲਾ ਮੈਜਿਸਟੇ੍ਰਟ ਵਲੋਂ ਅਨਲਾਕ 1.0 ਸਬੰਧੀ ਨਵੀਆਂ ਹਦਾਇਤਾਂ ਜਾਰੀ

275

ਬਠਿੰਡਾ ਜ਼ਿਲਾ ਮੈਜਿਸਟੇ੍ਰਟ ਵਲੋਂ ਅਨਲਾਕ 1.0 ਸਬੰਧੀ ਨਵੀਆਂ ਹਦਾਇਤਾਂ ਜਾਰੀ

ਬਠਿੰਡਾ, 1 ਜੂਨ :

ਜ਼ਿਲਾ ਮੈਜਿਸਟੇ੍ਰਟ  ਬੀ.ਸ੍ਰੀਨਿਵਾਸਨ ਨੇ ਜ਼ਾਬਤਾ ਫ਼ੌਜਦਾਰੀ ਦੀ ਧਾਰਾ 144 ਤਹਿਤ ਕੋਵਿਡ-19 ਦੇ ਮੱਦੇਨਜ਼ਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਨਵੇਂ ਹੁਕਮ ਜਾਰੀ ਕੀਤੇ ਹਨ। ਇਨਾਂ ਹੁਕਮਾਂ ਅਨੁਸਾਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਪਹਿਲਾਂ ਵਾਂਗ ਕਰਫ਼ਿਊ ਲਾਗੂ ਰਹੇਗਾ। ਇਹ ਹੁਕਮ 30 ਜੂਨ 2020 ਤੱਕ ਲਾਗੂ ਰਹਿਣਗੇ।

ਇਸ ਤੋਂ ਬਿਨਾਂ ਜ਼ਿਲਾ ਮੈਜਿਸਟੇ੍ਰਟ ਦੇ ਹੁਕਮਾਂ ਅਨੁਸਾਰ ਸ਼ਾਪਿੰਗ ਮਾਲ ਤੇ ਸ਼ਾਪਿੰਗ ਕੰਪਲੈਕਸ ਪਹਿਲਾਂ ਦੀ ਤਰਾਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਜਦਕਿ ਬਾਕੀ ਦੁਕਾਨਾਂ ਸ਼ਹਿਰੀ ਅਤੇ ਦਿਹਾਤੀ ਦੋਨਾਂ ਖੇਤਰਾਂ ਵਿਚ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲਣਗੀਆਂ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲਣਗੇ।

ਇਸ ਤੋਂ ਬਿਨਾਂ ਸਪੋਟਰਸ ਕੰਪਲੈਕਸ ਬਿਨਾਂ ਦਰਸ਼ਕਾਂ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਖੁੱਲ ਸਕਣਗੇ। ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਹਰ ਪ੍ਰਕਾਰ ਦੀ ਇੰਡਸਟਰੀ ਅਤੇ ਨਿਰਮਾਣ ਕਾਰਜ ਚੱਲ ਸਕਣਗੇ। ਖੇਤੀ, ਬਾਗਬਾਨੀ, ਪਸ਼ੂ ਪਾਲਣ ਸਬੰਧੀ ਕੰਮਕਾਜ ਬਿਨਾਂ ਰੋਕ ਟੋਕ ਹੋ ਸਕਣਗੇ ਅਤੇ ਈ ਕਮਰਸ ਸੇਵਾਵਾਂ ਨੂੰ ਵੀ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ।

ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਾਰੇ ਦਫ਼ਤਰ ਖੁੱਲਣ ਦੀ ਆਗਿਆ ਦਿੱਤੀ ਗਈ ਹੈ ਬਸ਼ਰਤੇ ਉੱਥੇ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਵੇ ਅਤੇ ਮਾਸਕ ਪਹਿਨਿਆ ਜਾਵੇ।

ਬਠਿੰਡਾ ਜ਼ਿਲਾ ਮੈਜਿਸਟੇ੍ਰਟ ਵਲੋਂ ਅਨਲਾਕ 1.0 ਸਬੰਧੀ ਨਵੀਆਂ ਹਦਾਇਤਾਂ ਜਾਰੀ
DC Bathinda

ਇਨਾਂ ਗਤੀਵਿਧੀਆਂ ’ਤੇ ਰਹੇਗੀ ਪੂਰਨ ਰੋਕ।

ਜ਼ਿਲਾ ਮੈਜਿਸਟੇ੍ਰਟ  ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਸਿਨੇਮਾ ਹਾਲ, ਜਿਮਨੇਜ਼ੀਅਮ ਹਾਲ, ਸਵੀਮਿੰਗਪੂਲ, ਮੰਨੋਰੰਜ਼ਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਐਸਮਬਲੀ ਹਾਲ ਅਤੇ ਇਸ ਤਰਾਂ ਦੀਆਂ ਹੋਰ ਥਾਵਾਂ ਨੂੰ ਖੋਲਣ ਤੋਂ ਰੋਕ ਰਹੇਗੀ। ਇਸੇ ਤਰਾਂ ਸਮਾਜਿਕ, ਸਿਆਸੀ, ਖੇਡ, ਮੰਨੋਰਜ਼ਕ, ਵਿਦਿਅਕ, ਸੱਭਿਆਚਾਰ, ਧਾਰਮਿਕ ਸਮਾਗਮਾਂ ਅਤੇ ਵੱਡੇ ਇੱਕਠ ਕਰਨ ’ਤੇ ਰੋਕ ਰਹੇਗੀ। ਇਸੇ ਤਰਾਂ ਜਨਤਕ ਥਾਵਾਂ ’ਤੇ ਥੁੱਕਣ, ਸ਼ਰਾਬਨੋਸ਼ੀ ਕਰਨ, ਤੰਬਾਕੂ, ਪਾਨ, ਗੁੱਟਖ਼ਾ ਦੀ ਵਰਤੋਂ ’ਤੇ ਪਾਬੰਦੀ ਹੈ। ਇਸੇ ਤਰਾਂ ਧਾਰਮਿਕ ਸਥਾਨ, ਹੋਟਲ ਅਤੇ ਹੋਰ ਪ੍ਰਹੁਣਚਾਰੀ ਸੇਵਾਵਾਂ, ਸ਼ਾਪਿੰਗ ਮਾਲ ਵੀ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਰੈਸਟੋਰੈਂਟ ਤੋਂ ਹੋਮ ਡਿਲਵਰੀ ਦੀ ਆਗਿਆ ਹੋਵੇਗੀ ਪਰ ਉੱਥੇ ਬੈਠ ਕੇ ਖਾਣਾ ਖਾਣ ’ਤੇ ਰੋਕ ਰਹੇਗੀ।

ਜ਼ਿਲਾ ਮੈਜਿਸਟੇ੍ਰਟ ਦੇ ਹੁਕਮਾਂ ਅਨੁਸਾਰ ਵਿਆਹ ਸਮਾਗਮ ਵਿਚ 50 ਤੋਂ ਵੱਧ ਅਤੇ ਅੰਤਿਮ ਸਸਕਾਰ, ਅੰਤਿਮ ਰਸਮਾਂ ਮੌਕੇ 20 ਤੋਂ ਵੱਧ ਲੋਕਾਂ ਦੇ ਇੱਕਠੇ ਹੋਣ ’ਤੇ ਵੀ ਰੋਕ ਰਹੇਗੀ।

ਇਨਾਂ ਸਲਾਹਾਂ ਦੀ ਕਰੋ ਪਾਲਣ

ਇਸ ਤੋਂ ਇਲਾਵਾ ਜ਼ਿਲਾ ਮੈਜਿਸਟੇ੍ਰਟ ਨੇ ਸਲਾਹ ਦਿੱਤੀ ਹੈ ਕਿ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ 10 ਸਾਲ ਤੋਂ ਛੋਟੇ ਬੱਚਿਆਂ ਤੋਂ ਇਲਾਵਾ ਗਰਭਵਤੀ ਔਰਤਾਂ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕ ਘਰਾਂ ਵਿਚ ਰਹਿਣ।

ਇਸੇ ਤਰਾਂ ਉਨਾਂ ਨੇ ਲੋਕਾਂ ਨੂੰ 6 ਫੁੱਟ ਦੀ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਜਨਤਕ ਥਾਵਾਂ, ਕੰਮ ਦੇ ਸਥਾਨ, ਵਾਹਨਾਂ ਦੇ ਅੰਦਰ ਮਾਸਕ ਲਾਜ਼ਮੀ ਤੌਰ ’ਤੇ ਪਾਉਣ ਦੇ ਹੁਕਮ ਦਿੱਤੇ ਹਨ। ਹੁਕਮਾਂ ਅਨੁਸਾਰ ਇਨਡਸਟਰੀ ਨੂੰ ਚਲਾਉਣ ਨੂੰ ਕਿਸੇ ਪਰਮਿਟ ਦੀ ਲੋੜ ਨਹੀਂ ਇਸੇ ਤਰਾਂ ਕਰਮਚਾਰੀਆਂ ਨੂੰ ਸਰਕਾਰੀ ਜਾਂ ਨਿੱਜੀ ਦਫ਼ਤਰਾਂ ਜਾਂ ਕੰਮ ਦੇ ਸਥਾਨ ਜਾਣ ਲਈ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਕਿਸੇ ਪਾਸ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਬਿਨਾ ਇੰਟਰਸਟੇਟ ਯਾਤਰਾ ਲਈ ਕੋਵਾ ਐਪ ਤੋਂ ਈ-ਪਾਸ ਜਨਰੇਟ ਕਰਨਾ ਲਾਜ਼ਮੀ ਹੋਵੇਗਾ। ਇਸੇ ਤਰਾਂ ਇੰਟਰਸਟੇਟ ਵਾਹਨਾਂ ਦੀ ਆਵਾਜਾਈ ਵੀ ਆਪਣੇ ਆਪ ਈ-ਪਾਸ ਜਨਰੇਟ ਕਰਕੇ ਕੀਤੀ ਜਾ ਸਕਦੀ ਹੈ। ਰਾਜ ਦੇ ਅੰਦਰ ਟੈਕਸੀ, ਕੈਬ, ਟੈਂਪੂ ਟਰੈਵਲਰ ਅਤੇ ਕਾਰ ਆਦਿ ਦੀ ਆਵਾਜਾਈ ’ਤੇ ਕੋਈ ਵੀ ਰੋਕ ਨਹੀਂ ਹੈ। ਸਾਈਕਲ ਰਿਕਸ਼ਾ ਅਤੇ ਆਟੋ ਰਿਕਸ਼ਾ ਟਰਾਂਸਪੋਰਟ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਚੱਲ ਸਕਣਗੇ। ਦੋ ਪਹੀਆ ਵਾਹਨ ਤੇ ਦੋ ਲੋਕ ਸਫ਼ਰ ਕਰ ਸਕਣਗੇ ਜਦਕਿ ਚਾਰ ਪਹੀਆ ਵਾਹਨ ਵਿਚ ਡਰਾਈਵਰ ਸਮੇਤ ਤਿੰਨ ਲੋਕ ਸਫ਼ਰ ਕਰ ਸਕਣਗੇ। ਸਮਾਨ ਦੀ ਅੰਤਰਰਾਜ਼ੀ ਢੋਆ-ਢੁਆਈ ਤੇ ਕੋਈ ਵੀ ਰੋਕ ਨਹੀਂ ਹੈ। ਦੂਜੇ ਸੂਬਿਆਂ ਤੋਂ ਬੱਸ, ਟੇ੍ਰਨ, ਹਵਾਈ ਜਹਾਜ਼ ਜਾਂ ਕਾਰ ਰਾਹੀਂ ਆਉਣ ਵਾਲੇ ਵਿਅਕਤੀ ਨੂੰ ਕੋਵਾ ਐਪ ਰਾਹੀਂ ਈ-ਪਾਸ ਜਨਰੇਟ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਬਿਨਾਂ ਕਨਟੇਨਮੈਂਟ ਜੋਨ ਵਿਚ ਸਿਰਫ਼ ਅਤਿ ਜ਼ਰੂਰੀ ਗਤੀਵਿਧੀਆਂ ਦੀ ਆਗਿਆ ਹੋਵੇਗੀ। ਹੁਕਮਾਂ ਦੀ ਉਲੰਘਣਾ ਕਰਨ ’ਤੇ ਸਖ਼ਤ ਕਰਵਾਈ ਕੀਤੀ ਜਾਵੇਗੀ।