ਮਹਿੰਗਾ ਪਿਆ ਪਟਿਆਲਾ ਦੇ ਮੇਅਰ ਨੂੰ ਸ਼ਕਤੀ ਪ੍ਰਦਰਸ਼ਨ; ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ ਇੰਪਰੂਵਮੈਂਟ ਟਰੱਸਟ ਦੇ ਹਵਾਲੇ
ਪਟਿਆਲਾ, 31 ਜਨਵਰੀ
ਲੰਘੀ 26 ਜਨਵਰੀ ਨੂੰ ਮੇਅਰ ਸੰਜੀਵ ਸ਼ਰਮਾ ਬਿੱਟੂ ਵਲੋਂ ਲੰਚ ਡਿਪੋਮੇਸੀ ਦੇ ਤਹਿਤ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਮਹਿੰਗਾ ਸਾਬਤ ਹੋਇਆ ਹੈ। ਪੰਜਾਬ ਸਰਕਾਰ ਨੇ ਮੇਅਰ ਬਿੱਟੂ ਦੇ ਪਰ ਕੁਤਰਦੇ ਹੋਏ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ ਇੰਪਰੂਵਮੈਂਟ ਟਰੱਸਟ ਦੇ ਹਵਾਲੇ ਕਰ ਦਿੱਤੀ ਹੈ। ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਵਲੋਂ ਜਾਰੀ ਕੀਤੇ ਗਏ ਪੱਤਰ ਨੰ. 6152 ਵਿਚ ਫੈਸਲਾ ਕੀਤਾ ਗਿਆ ਹੈ ਕਿ ਨਗਰ ਨਿਗਮ ਪਟਿਆਲਾ ਦੇ ਵਾਰਡ ਨੰ. 2 ਤੋਂ 16 ਅਤੇ ਵਾਰਡ ਨੰ. 18 ਤੋਂ 29 ਤੱਕ ਦੇ ਸਮੁੱਚੇ ਵਿਕਾਸ ਕਾਰਜ ਇੰਪਰੂਵਮੈਂਟ ਟਰੱਸਟ ਪਟਿਆਲਾ ਵਲੋਂ ਕੀਤੇ ਜਾਣਗੇ। ਇਸ ਸੰਬੰਧੀ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਸੰਤ ਬਾਂਗਾ ਅਤੇ ਨਗਰ ਨਿਗਮ ਦੀ ਕਮਿਸ਼ਨਰ ਪੂਨਮਦੀਪ ਕੌਰ ਵਿਕਾਸ ਕਾਰਜਾਂ ਦੀ ਯੋਜਨਾਵਾਂ ਬਣਾ ਕੇ ਸਰਕਾਰ ਨੂੰ ਭੇਜਣਗੇ ਅਤੇ ਸਰਕਾਰ ਉਨ੍ਹਾਂ ਯੋਜਨਾਵਾਂ ਨੂੰ ਮਨਜ਼ੂਰ ਕਰਕੇ ਇਸ ਸੰਬੰਧੀ ਫੰਡ ਇੰਪਰੂਵਮੈਂਟ ਟਰੱਸਟ ਨੂੰ ਭੇਜੇਗੀ।
ਸਰਕਾਰ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਨੂੰ ਤੇਜ਼ ਕਰਨ ਲਈ ਕੰਮਾਂ ਦੀ ਇਹ ਵੰਡ ਕੀਤੀ ਹੈ ਤਾਂ ਜੋ ਪਟਿਆਲਾ ਸ਼ਹਿਰ ਵਿਚ ਨਗਰ ਨਿਗਮ ਅਤੇ ਪਟਿਆਲਾ ਦਿਹਾਤੀ ਵਿਚ ਇੰਪਰੂਵਮੈਂਟ ਟਰੱਸਟ ਕੰਮ ਕਰ ਸਕੇ। ਪਟਿਆਲਾ ਦਿਹਾਤੀ ਹਲਕੇ ਦੇ ਕੌਂਸਲਰ ਲੰਬੇ ਸਮੇਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੇ ਵਾਰਡਾਂ ਨੂੰ ਵਿਕਾਸ ਪੱਖੋਂ ਅਣਦੇਖਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਰਕਾਰ ਨੇ ਪਟਿਆਲਾ ਦਿਹਾਤੀ ਦੇ ਵਿਕਾਸ ਕਾਰਜਾਂ ਲਈ ਇੰਪਰੂਵਮੈਂਟ ਟਰੱਸਟ ਨੂੰ ਸਪੈਸ਼ਲ ਨੋਡਲ ਏਜੰਸੀ ਦੇ ਤੌਰ ‘ਤੇ ਨਿਯੁਕਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਹੀ ਸਮੁੱਚੇ ਸ਼ਹਿਰ ਦਾ ਵਿਕਾਸ ਕਰਦਾ ਸੀ ਪਰ ਇਸ ਇਲਾਕੇ ਦੇ ਵਿਧਾਇਕ ਅਤੇ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਇੰਪਰੂਵਮੈਂਟ ਟਰੱਸਟ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਹੈ।
ਚੇਤੇ ਰਹੇ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਪਟਿਆਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਸੰਤ ਲਾਲ ਬਾਂਗਾ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਦੇ ਅਤਿ ਨਜ਼ਦੀਕੀ ਅਤੇ ਵਿਸ਼ਵਾਸ਼ਪਾਤਰ ਹਨ। ਉਹ ਪਿਛਲੇ 40 ਸਾਲਾਂ ਤੋਂ ਬ੍ਰਹਮ ਮਹਿੰਦਰਾ ਨਾਲ ਜੁੜੇ ਹੋਏ ਹਨ। ਇਸ ਲੰਬੇ ਅਰਸੇ ਦੌਰਾਨ ਰਾਜਨੀਤੀ ਦੇ ਕਈ ਉਤਰਾਅ ਚੜਾਅ ਆਏ ਪਰ ਸੰਤ ਬਾਂਗਾ ਬ੍ਰਹਮ ਮਹਿੰਦਰਾ ਨਾਲ ਖੜ੍ਹੇ ਰਹੇ। ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕਾਰਜ ਪਹਿਲਾਂ ਵੀ ਸੰਤ ਬਾਂਗਾ ਹੀ ਦੇਖਦੇ ਹਨ। ਹੁਣ ਸਰਕਾਰ ਵਲੋਂ ਸਮੁੱਚੇ ਪਟਿਆਲਾ ਦਿਹਾਤੀ ਹਲਕੇ ਦੇ ਵਾਰਡਾਂ ਦੀ ਜ਼ਿੰਮੇਵਾਰੀ ਇੰਪਰੂਵਮੈਂਟ ਟਰੱਸਟ ਦੇ ਹਵਾਲੇ ਕਰਨ ਨਾਲ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਆਵੇਗੀ।
ਇਹ ਵੀ ਪਤਾ ਲੱਗਾ ਹੈ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਸਪੁੱਤਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਖੁਦ ਕਰਨਗੇ। ਦਿਹਾਤੀ ਹਲਕੇ ਦੇ ਸਮੁੱਚੇ ਕੌਂਸਲਰ ਮੋਹਿਤ ਮਹਿੰਦਰਾ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ, ਜਿਸ ਕਰਕੇ ਮੋਹਿਤ ਮਹਿੰਦਰਾ ਕੌਂਸਲਰਾਂ ਦੀ ਮੰਗ ‘ਤੇ ਐਸਟੀਮੇਟ ਤਿਆਰ ਕਰਵਾ ਕੇ ਇਲਾਕੇ ਦੇ ਵਿਕਾਸ ਕਾਰਜ ਕਰਵਾਉਣਗੇ। ਇਸ ਤੋਂ ਪਹਿਲਾਂ ਵੀ ਜ਼ਿਆਦਾਤਰ ਵਿਕਾਸ ਕਾਰਜਾਂ ਦੇ ਉਦਘਾਟਨ ਜਾਂ ਨਿਰਮਾਣ ਕਾਰਜਾਂ ਦਾ ਸ੍ਰੀ ਗਣੇਸ਼ ਮੋਹਿਤ ਮਹਿੰਦਰਾ ਤੋਂ ਹੀ ਕਰਵਾਇਆ ਜਾਂਦਾ ਹੈ। ਪਟਿਆਲਾ ਦਿਹਾਤੀ ਹਲਕੇ ਦੇ ਜ਼ਿਆਦਾਤਰ ਕੌਂਸਲਰਾਂ ਦੀ ਇੱਛਾ ਹੁੰਦੀ ਹੈ ਕਿ ਮੋਹਿਤ ਮਹਿੰਦਰਾ ਹੀ ਉਨ੍ਹਾਂ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਅਤੇ ਮੁਕੰਮਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ।
ਇੰਪਰੁਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਲਾਲ ਬਾਂਗਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੰਪਰੂਵਮੈਂਟ ਟਰੱਸਟ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਟਰੱਸਟ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਏਗਾ। ਉਨ੍ਹਾਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਦੇ ਵਿਕਾਸ ਕਾਰਜਾਂ ਦੀ ਕੁਆਲਟੀ ਕਾਫੀ ਵਧੀਆ ਹੁੰਦੀ ਹੈ। ਇੰਪਰੂਵਮੈਂਟ ਟਰੱਸਟ ਦਾ ਸਮੁੱਚਾ ਸਟਾਫ ਸਰਕਾਰ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਤਤਪਰ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਅਤੇ ਐਮ. ਪੀ. ਮਹਾਰਾਣੀ ਪ੍ਰਨੀਤ ਕੌਰ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਜੋ ਪ੍ਰਪੋਜ਼ਲ ਬਣਾਈ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਵਿਚ ਇੰਜੀਨੀਅਰਿੰਗ ਅਤੇ ਟੈਕਨੀਕਲ ਸਟਾਫ ਹੈ ਜੋ ਕਿ ਪਟਿਆਲਾ ਦਿਹਾਤੀ ਹਲਕੇ ਦੇ ਵਾਰਡਾਂ ਨੂੰ ਵਧੀਆ ਕੁਆਲਟੀ ਦੇ ਵਿਕਾਸ ਕਾਰਜ ਦੇਣਗੇ ਤਾਂ ਜੋ ਪਟਿਆਲਾ ਦਿਹਾਤੀ ਦੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਦਾ ਪੂਰਾ ਲਾਭ ਮਿਲ ਸਕੇ।