ਮਿਸ਼ਨ ਫ਼ਤਿਹ‘ ਯੋਧਿਆਂ –ਪਟਿਆਲਾ ਜ਼ਿਲ੍ਹੇ ਦੇ 9 ਵਿਅਕਤੀਆਂ ਨੂੰ ਸਿਲਵਰ ਅਤੇ ਬਰਾਂਊਂਜ ਅਤੇ 16 ਜਣਿਆਂ ਨੂੰ ਬਰਾਂੳਂੂਜ ਸਰਟੀਫਿਕੇਟਸ ਨਾਲ ਸਨਮਾਨ
ਪਟਿਆਲਾ, 3 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਮਹਾਂਮਾਰੀ ਖ਼ਿਲਾਫ਼ ਜੰਗ ਨੂੰ ਜਿੱਤਣ ਲਈ ਅਰੰਭ ਕੀਤੇ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਕਰਨ ਲਈ ਆਪਣਾ ਯੋਗਦਾਨ ਪਾਉਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਮਿਸ਼ਨ ਫ਼ਤਿਹ ਯੋਧਿਆਂ ਨੂੰ ਅੱਜ ਮੁੱਖ ਮੰਤਰੀ ਦੇ ਦਸਤਖ਼ਤਾਂ ਵਾਲੇ ਸਰਟੀਫਿਕੇਟਸ ਅਤੇ ਟੀ ਸ਼ਰਟਸ ਦੇ ਕੇ ਸਨਮਾਨਿਤ ਕੀਤਾ ਗਿਆ।
ਪੰਜਾਬ ਸਰਕਾਰ ਵੱਲੋਂ ਕੋਵਾ ਐਪ ਸਬੰਧੀਂ ਸ਼ੁਰੂ ਕੀਤੀ ਰਾਜ ਪੱਧਰੀ ਪ੍ਰਤੀਯੋਗਤਾ ‘ਚ ਜੇਤੂ ਰਹਿਣ ਵਾਲਿਆਂ ਦੀ ਜਾਰੀ ਕੀਤੀ ਸੂਬਾ ਪੱਧਰੀ ਸੂਚ ‘ਚ ਪਟਿਆਲਾ ਜ਼ਿਲ੍ਹੇ ਦੇ 9 ਵਿਅਕਤੀਆਂ ਨੂੰ ਸਿਲਵਰ ਅਤੇ ਬਰਾਂਊਂਜ ਅਤੇ 16 ਜਣਿਆਂ ਨੂੰ ਬਰਾਂੳਂੂਜ ਸਰਟੀਫਿਕੇਟਸ ਲਈ ਯੋਗ ਪਾਇਆ ਗਿਆ ਹੈ। ਇਨ੍ਹਾਂ ‘ਚੋਂ ਅੱਜ 14 ਵਿਅਕਤੀਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪੈਲਕਸ ਵਿਖੇ ਹੋਏ ਸਾਦੇ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਸਿਲਵਰ ਤੇ ਬਰਾਊਂਜ ਸਰਟੀਫਿਕੇਟਾਂ ਸਮੇਤ ਮਿਸ਼ਨ ਫ਼ਤਿਹ ਦੀਆਂ ਟੀ ਸ਼ਰਟਾਂ ਮਿਸ਼ਨ ਫ਼ਤਿਹ ਯੋਧਿਆਂ ਨੂੰ ਪ੍ਰਦਾਨ ਕੀਤੀਆਂ। ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ.) ਜਗਨੂਰ ਸਿੰਘ ਗਰੇਵਾਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਜੇਤੂ ਰਹੇ ਜਿਹੜੇ ਵਿਅਕਤੀਆਂ ਨੂੰ ਮੁੱਖ ਮੰਤਰੀ ਦੇ ਦਸਤਖ਼ਤਾਂ ਵਾਲੇ ਸਰਟੀਫਿਕੇਟ ਤੇ ਟੀ ਸ਼ਰਟਾਂ ਪ੍ਰਦਾਨ ਕੀਤੀਆਂ ਹਨ, ਉਨ੍ਹਾਂ ‘ਚ ਪੰਜਾਬ ਭਰ ‘ਚ ਪਹਿਲੇ ਸਥਾਨ ‘ਤੇ ਰਹੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਅਤ ਸਿੰਘ ਮਾਨ ਅਤੇ ਪੰਜਵੇਂ ਸਥਾਨ ‘ਤੇ ਰਹੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ ਸਮੇਤ ਨੰਬਰ 2 ਰੈਂਕਿੰਗ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ ਪਾਸੀ ਰੋਡ ਦੇ ਅਧਿਆਪਕ ਰਵਿੰਦਰ ਸਿੰਘ, 13 ਨੰਬਰ ਰੈਂਕਿੰਗ ਵਾਲੇ ਐਸ.ਐਚ.ਓ. ਬਨੂੜ ਇੰਸਪੈਕਟਰ ਸੁਭਾਸ਼ ਕੁਮਾਰ ਅਤੇ 116 ਰੈਂਕਿੰਗ ਵਾਲੇ ਮਨੋਜ ਕੁਮਾਰ ਸ਼ਾਮਲ ਸਨ।
ਕੁਮਾਰ ਅਮਿਤ ਨੇ ਇਨ੍ਹਾਂ ਫ਼ਤਿਹ ਯੋਧਿਆਂ ਦਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫ਼ੋਂ ਧੰਨਵਾਦ ਕਰਦਿਆਂ ਕਿਹਾ ਕਿ ਅਜੇ ਜੰਗ ਖ਼ਤਮ ਨਹੀਂ ਹੋਈ, ਇਸ ਲਈ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੁੱਖ ਮੰਤਰੀ ਵੱਲੋਂ ਅਰੰਭ ਕੀਤੇ ਮਿਸ਼ਨ ਫ਼ਤਿਹ ਨੂੰ ਆਮ ਲੋਕਾਂ ਤੱਕ ਪੁੱਜਦਾ ਕਰਨ ਲਈ ਸਾਨੂੰ ਹੋਰ ਹੰਭਲਾ ਮਾਰਨਾ ਪੈਣਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਵਿਰੁੱਧ ਜੰਗ ਲੜਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਜਿਹੀ ਰਣਨੀਤੀ ਘੜਨ ਵਾਲਾ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਹੈ, ਇਸ ਲਈ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਮਿਸ਼ਨ ਫ਼ਤਿਹ ਨੂੰ ਸਫ਼ਲ ਬਣਾਇਆ ਜਾ ਸਕੇਗਾ।
ਕੁਮਾਰ ਅਮਿਤ ਨੇ ਕਿਹਾ ਕਿ ਅਜਿਹੀ ਮੈਡੀਕਲ ਐਮਰਜੈਂਸੀ ਸਮੇਂ ਡਾਕਟਰਾਂ ਤੇ ਪੁਲਿਸ ਸਮੇਤ ਸਰਕਾਰ ਦੇ ਹਰ ਵਿਭਾਗ ਨੇ ਆਪਸੀ ਤਾਲਮੇਲ ਨਾਲ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਪਰੰਤੂ ਹੁਣ ਕੋਰੋਨਾ ਵਾਇਰਸ ਵਿਰੁੱਧ ਜਾਗਰੂਕਤਾ ਨੂੰ ਹੇਠਲੇ ਪੱਧਰ ‘ਤੇ ਪਹੁੰਚਾਉਣਾ ਹੀ ਸਾਡਾ ਮੁੱਖ ਟੀਚਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਦਾ ਮੁੱਖ ਮਕਸਦ ਆਮ ਲੋਕਾਂ ਦੇ ਵਿਵਹਾਰ ਵਿੱਚ ਤਬਦੀਲੀ ਲਿਆਉਣਾਂ ਹੈ ਤਾਂ ਕਿ ਉਹ ਕੋਵਿਡ-19 ਮਹਾਂਮਾਰੀ ਤੋਂ ਜਿੱਥੇ ਖ਼ੁਦ ਬਚਣ ਉਥੇ ਹੀ ਦੂਜਿਆਂ ਨੂੰ ਇਸ ਲਾਇਲਾਜ ਲਾਗ ਤੋਂ ਬਚਾਈ ਰੱਖਣ ਲਈ ਆਪਣਾ ਸਹਿਯੋਗ ਦੇਣ।
ਇਸ ਮੌਕੇ ਬਰਾਊਂਜ ਸਰਟੀਫਿਕੇਟ ਹਾਸਲ ਕਰਨ ਵਾਲੇ ਅਮਨਪ੍ਰੀਤ ਕੌਰ, ਸੁਖਦੀਪ ਸਿੰਘ, ਸੀਡੀਪੀਓ ਪਾਤੜਾਂ ਰਾਹੁਲ ਅਰੋੜਾ, ਸੁਪਰਵਾਈਜਰ ਬਲਵੰਤ ਕੌਰ, ਵਿਕਰਮਜੀਤ ਸਿੰਘ, ਖੁਸ਼ਦੀਪ ਸ਼ਰਮਾ, ਦਲਜੀਤ ਕੌਰ ਤੇ ਮੇਜਰ ਸਿੰਘ ਵੀ ਮੌਜੂਦ ਸਨ।
