ਮੁੱਖ ਮੰਤਰੀ ਦੇ ਹੁਕਮਾਂ ’ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਕੰਟਰੋਲ ਰੂਮ ਸਥਾਪਤ
ਚੰਡੀਗੜ, 29 ਮਾਰਚ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਦੀ ਸਹੂਲਤ ਲਈ ਰਾਜ ਪੱਧਰੀ ਕੰਟਰੋਲ ਸਥਾਪਤ ਕੀਤਾ ਹੈ ਤਾਂ ਕਿ ਕੋਵਿਡ-19 ਦੇ ਕਾਰਨ ਕਰਫਿੳੂ ਦੇ ਮੱਦੇਨਜ਼ਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
ਮੁੱਖ ਮੰਤਰੀ ਨੇ ਦੱਸਿਆ ਕਿ ਹਾੜੀ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਜਿਸ ਦੌਰਾਨ ਕਿਸਾਨਾਂ ਦੀਆਂ ਫਸਲਾਂ ਦੀ ਨਿਰਵਿਘਨ ਵਢਾਈ ਅਤੇ ਮੰਡੀਕਰਨ ਦੇ ਪ੍ਰਬੰਧ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸਾਉਣੀ ਦੀਆਂ ਫਸਲਾਂ ਲਈ ਵੀ ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਦਾ ਬੰਦੋਬਸਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਨੂੰ ਰਾਜ ਪੱਧਰੀ ਕੰਟਰੋਲ ਰੂਮ ਸਥਾਪਤ ਕਰਨ ਲਈ ਆਖਿਆ ਗਿਆ ਹੈ ਤਾਂ ਕਿ ਕਿਸਾਨ ਕੋਈ ਦਿੱਕਤ ਆਉਣ ’ਤੇ ਤੁਰੰਤ ਕੰਟਰੋਲ ਰੂਮ ’ਤੇ ਸੰਪਰਕ ਕਾਇਮ ਕਰ ਸਕਣ।
ਇਸੇ ਦੌਰਾਨ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਰਾਜ ਪੱਧਰੀ ਕੰਟਰੋਲ ਰੂਮ ਸਥਾਪਤ ਕਰਕੇ ਖੇਤੀਬਾੜੀ ਅਧਿਕਾਰੀਆਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਕਿਸਾਨਾਂ ਦੀ ਸਹੂਲਤ ਲਈ ਇਨਾਂ ਅਧਿਕਾਰੀਆਂ ਦੇ ਸੰਪਰਕ ਨੰਬਰ ਵੀ ਜਾਰੀ ਕਰ ਦਿੱਤੇ ਗਏ ਹਨ। ਇਹ ਅਧਿਕਾਰੀ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕਿਸਾਨਾਂ ਦੀਆਂ ਕਾਲਾਂ ਸੁਣਨਗੇ ਅਤੇ ਉਨਾਂ ਨੂੰ ਦਰਪੇਸ਼ ਦਿੱਕਤਾਂ ਦਾ ਹੱਲ ਦੱਸਣਗੇ।
ਖੇਤੀਬਾੜੀ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਕੰਟੋਰਲ ਵਿੱਚ ਤਾਇਨਾਤ ਅਧਿਕਾਰੀਆਂ ਵਿੱਚ ਬੀਜਾਂ ਦੀ ਉਪਲਬਧਤਾ ਲਈ ਖੇਤੀਬਾੜੀ ਵਿਕਾਸ ਅਫਸਰ ਵਿਕਰਮ ਸਿੰਘ (98155-20190, 79730-82185), ਖਾਦਾਂ ਦੀ ਉਪਲਬਧਤਾ ਲਈ ਏ.ਡੀ.ਓ. (ਇਨਪੁਟਸ) ਸ੍ਰੀ ਗਿਰੀਸ਼ (94782-71833) ਤੇ ਮੁੱਖ ਖਾਦ ਇੰਸਪੈਕਟਰ ਗੁਰਜੀਤ ਸਿੰਘ ਬਰਾੜ (80546-00004), ਕੀਟਨਾਸ਼ਕਾਂ ਦੀ ਉਪਲਬਧਤਾ ਲਈ ਖੇਤੀਬਾੜੀ ਵਿਕਾਸ ਅਫਸਰ ਪੰਕਜ ਸਿੰਘ (94630-73047), ਸਿੰਚਾਈ ਪਾਣੀ ਲਈ ਹਾਈਡ੍ਰੋਲੋਜਿਸਟ ਜਸਵੰਤ ਸਿੰਘ (87258-27072), ਮਸ਼ੀਨਰੀ ਸਬੰਧੀ ਦਿੱਕਤਾਂ ਲਈ ਇੰਜਨੀਅਰ ਰਾਜਨ ਕੁਮਾਰ ਢੱਲ (98551-02604) ਅਤੇ ਫਸਲਾਂ ਦੀ ਬਿਜਾਈ ਤੇ ਹੋਰ ਤਕਨੀਕੀ ਜਾਣਕਾਰੀ ਲਈ ਖੇਤੀਬਾੜੀ ਵਿਕਾਸ ਅਫਸਰ (ਸੂਚਨਾ) ਸੁਰਿੰਦਰ ਸਿੰਘ (98146-65016) ਦੀ ਡਿੳੂਟੀ ਲਾਈ ਗਈ ਹੈ। ਇਸ ਤੋਂ ਇਲਾਵਾ ਕਿਸਾਨ ਪੁੱਛਗਿੱਛ ਲਈ ਕਿਸਾਨ ਕਾਲ ਸੈਂਟਰ 1800-180-1551 ’ਤੇ ਵੀ ਸੰਪਰਕ ਕਰ ਸਕਦੇ ਹਨ।