ਰਾਜਿੰਦਰਾ ਝੀਲ ਦੀ ਪੱਕੇ ਤੌਰ ‘ਤੇ ਸਾਫ਼-ਸਫ਼ਾਈ ਤੇ ਸੈਰਗਾਹ ਬਣਾਉਣ ਦਾ ਪ੍ਰਾਜੈਕਟ ਬਣਾਉਣ ਲਈ ਕਿਹਾ- ਡਿਪਟੀ ਕਮਿਸ਼ਨਰ

133

ਰਾਜਿੰਦਰਾ ਝੀਲ ਦੀ ਪੱਕੇ ਤੌਰ ‘ਤੇ ਸਾਫ਼-ਸਫ਼ਾਈ ਤੇ ਸੈਰਗਾਹ ਬਣਾਉਣ ਦਾ ਪ੍ਰਾਜੈਕਟ ਬਣਾਉਣ ਲਈ ਕਿਹਾ- ਡਿਪਟੀ ਕਮਿਸ਼ਨਰ

ਪਟਿਆਲਾ 25 ਮਈ,2022:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੇ ਵਿਰਾਸਤੀ ਰਾਜਿੰਦਰਾ ਟੈਂਕ, ਜਿਸ ਨੂੰ ਕਿ ਰਾਜਿੰਦਰਾ ਝੀਲ ਵੀ ਕਿਹਾ ਜਾਂਦਾ ਹੈ, ਵਿੱਚੋਂ ਬੂਟੀ ਕੱਢਕੇ ਇਸ ਦੀ ਸਾਫ਼-ਸਫ਼ਾਈ ਤੁਰੰਤ ਕਰਵਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਰਾਜਿੰਦਰਾ ਟੈਂਕ ਦੀ ਸਾਫ਼-ਸਫ਼ਾਈ ਪੱਕੇ ਤੌਰ ‘ਤੇ ਕੀਤੇ ਜਾਣ ਸਮੇਤ ਇਸ ਨੂੰ ਸੈਲਾਨੀਆਂ ਤੇ ਸ਼ਹਿਰ ਵਾਸੀਆਂ ਲਈ ਸਥਾਈ ਤੌਰ ‘ਤੇ ਇੱਕ ਸੁੰਦਰ ਸੈਰਗਾਹ ਵਜੋਂ ਵਿਕਸਤ ਕਰਨ ਦੇ ਮਕਸਦ ਨਾਲ ਲੋਕ ਨਿਰਮਾਣ, ਜਲ ਨਿਕਾਸ, ਨਗਰ ਨਿਗਮ, ਬਾਗਬਾਨੀ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਪਟਿਆਲਾ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐਚ.ਪੀ.ਐਸ. ਲਾਂਬਾ ਨਾਲ ਟੈਂਕ ਵਿਖੇ ਇੱਕ ਮੀਟਿੰਗ ਕੀਤੀ।

ਇਸ ਮੌਕੇ ਸਾਕਸ਼ੀ ਸਾਹਨੀ ਨੇ ਝੀਲ ਦੀ ਸਾਫ਼-ਸਫ਼ਾਈ ਤੁਰੰਤ ਕਰਵਾਏ ਜਾਣ ਤੋਂ ਇਲਾਵਾ ਝੀਲ ਦੇ ਇੱਕ ਹਿੱਸੇ ‘ਚ ਸਥਾਪਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੇ ਆਸ ਪਾਸ ਦੇ ਖੇਤਰ ਨੂੰ ਹੋਰ ਸੁੰਦਰ ਬਣਾਉਣ ਸਮੇਤ ਇੱਥੇ ਲੱਗੇ ਹੋਏ ਕੌਮੀ ਝੰਡੇ ਨੂੰ ਮੁੜ ਤੋਂ ਫਹਿਰਾਉਣ ਲਈ ਆਦੇਸ਼ ਦਿੱਤੇ। ਇਸ ਮੌਕੇ ਐਚ.ਪੀ.ਐਸ. ਲਾਂਬਾ ਨੇ ਪਟਿਆਲਾ ਇੰਡਸਟ੍ਰੀਜ਼ ਐਸੋਸੀਏਸ਼ਨ ਵੱਲੋਂ ਰਾਜਿੰਦਰਾ ਟੈਂਕ ਦੀ ਪੱਕੇ ਤੌਰ ‘ਤੇ ਸਾਫ਼-ਸਫ਼ਾਈ ਸਮੇਤ ਕੌਮੀ ਝੰਡੇ ਨੂੰ ਲਗਾਤਾਰ ਫਹਿਰਾਏ ਜਾਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਮਿਯੰਕ ਕਾਂਸਲ ਨੂੰ ਕਿਹਾ ਕਿ ਉਹ ਕਰੀਬ 10.53 ਏਕੜ ‘ਚ ਬਣੇ ਝੀਲ ਕੰਪਲੈਕਸ ਦੇ ਰੱਖ-ਰਖਾਓ, ਸਫ਼ਾਈ ਅਤੇ ਲਾਇਟਾਂ ਲਈ ਸਮਾਂਬੱਧ ਤਰੀਕੇ ਨਾਲ ਫੰਡਾਂ ਦਾ ਵੇਰਵਾ ਦੇਣ ਸਮੇਤ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਝੀਲ ਦੇ ਰੱਖ-ਰਖਾਓ ਦੇ ਪੱਕੇ ਪ੍ਰਬੰਧ ਯਕੀਨੀ ਬਣਾਏ ਜਾਣ।

ਰਾਜਿੰਦਰਾ ਝੀਲ ਦੀ ਪੱਕੇ ਤੌਰ 'ਤੇ ਸਾਫ਼-ਸਫ਼ਾਈ ਤੇ ਸੈਰਗਾਹ ਬਣਾਉਣ ਦਾ ਪ੍ਰਾਜੈਕਟ ਬਣਾਉਣ ਲਈ ਕਿਹਾ- ਡਿਪਟੀ ਕਮਿਸ਼ਨਰ

ਡੀ.ਸੀ. ਨੇ ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗਗਨਦੀਪ ਸਿੰਘ ਗਿੱਲ ਨੂੰ ਕਿਹਾ ਕਿ ਟੈਂਕ ‘ਚੋਂ ਬੂਟੀ ਕੱਢਕੇ ਇਸਦੀ ਸਫ਼ਾਈ ਲਈ ਤਖ਼ਮੀਨਾ ਬਣਾ ਕੇ 10 ਦਿਨਾਂ ‘ਚ ਦਿੱਤਾ ਜਾਵੇ ਅਤੇ ਜੇਕਰ ਕੋਈ ਐਨ.ਓ.ਸੀ. ਲੈਣੀ ਹੈ ਤਾਂ ਲੋਕ ਨਿਰਮਾਣ ਵਿਭਾਗ ਨਾਲ ਤਾਲਮੇਲ ਕਰ ਲਿਆ ਜਾਵੇ। ਇਸ ਤੋਂ ਬਿਨ੍ਹਾਂ ਝੀਲ ‘ਚ ਲੱਗੇ ਫੁਹਾਰੇ ਚਲਾਉਣ ਲਈ ਵੀ ਪੱਕੇ ਬੰਦੋਬਸਤ ਕੀਤੇ ਜਾਣ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਹੌਰਟੀਕਲਚਰ ਵਿੰਗ ਦੇ ਕਾਰਜਕਾਰੀ ਇੰਜੀਨੀਅਰ ਸੰਦੀਪ ਗਰੇਵਾਲ ਨੂੰ ਝੀਲ ਕੰਪਲੈਕਸ ਦੇ ਸੁੰਦਰੀਕਰਨ ਲਈ ਇੱਥੇ ਫੁਲ-ਬੂਟੇ ਲਗਾਉਣ ਦੀ ਤਜਵੀਜ਼ ਬਣਾਕੇ ਉਸ ‘ਤੇ ਅਮਲ ਕਰਨਾ ਯਕੀਨੀ ਬਣਾਉਣ ਲਈ ਕਿਹਾ।

ਸਾਕਸ਼ੀ ਸਾਹਨੀ ਨੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ ਅਤੇ ਕਾਰਜਕਾਰੀ ਇੰਜੀਨੀਅਰ ਬਾਗਬਾਨੀ ਦਲੀਪ ਕੁਮਾਰ ਨੂੰ ਕਿਹਾ ਕਿ ਝੀਲ ਕੰਪਲੈਕਸ ਦੀ ਸੁੰਦਰਤਾ, ਸੁਰੱਖਿਆ ਅਤੇ ਤਿਰੰਗਾ ਝੰਡਾ ਪੱਕੇ ਤੌਰ ‘ਤੇ ਫਹਿਰਾਏ ਜਾਣ ਲਈ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਝੀਲ ਕੰਪਲੈਕਸ ਨੂੰ ਸੈਲਾਨੀਆਂ ਤੇ ਸ਼ਹਿਰ ਵਾਸੀਆਂ ਲਈ ਸੈਰਗਾਹ ਵਜੋਂ ਵਿਕਸਤ ਕਰਨ ਸਮੇਤ ਇਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਕੀਤੇ ਜਾਣ ਬਾਬਤ ਇੱਕ ਪ੍ਰਾਜੈਕਟ ਤਿਆਰ ਕਰਨ ਨੂੰ ਵੀ ਕਿਹਾ।