ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਵੱਲੋਂ 5 ਨਵੰਬਰ ਨੂੰ ਪੰਜਾਬ ਭਰ ’ਚ ਚੱਕਾ ਜਾਮ ਕਰਨ ਦਾ ਐਲਾਨ

343

ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਵੱਲੋਂ 5 ਨਵੰਬਰ ਨੂੰ ਪੰਜਾਬ ਭਰ ’ਚ ਚੱਕਾ ਜਾਮ ਕਰਨ ਦਾ ਐਲਾਨ

ਪਟਿਆਲਾ, 25 ਅਕਤੂਬਰ,2023:

ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੁਹਾਲੀ ਦੇ ਪ੍ਰਧਾਨ ਪ੍ਰੋ. ਹਰਨੇਕ ਸਿੰਘ ਨੇ ਐਲਾਨ ਕੀਤਾ ਹੈ ਕਿ ਮੋਰਚੇ ਵੱਲੋਂ 5 ਨਵੰਬਰ ਨੂੰ ਪੰਜਾਬ ਭਰ ਵਿਚ ਚੱਕਾ ਜਾਮ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਦੇ ਪੁਤਲੇ ਸਾੜ ਕੇ ਜਨਰਲ ਕੈਟਾਗਿਰੀ ਵਿਅਕਤੀਆਂ ਵੱਲੋਂ ਐਸ ਸੀ, ਬੀ ਸੀ, ਆਰਥਿਕ ਤੌਰ ’ਤੇ ਕਮਜ਼ੋਰ ਤੇ ਅਪੰਗ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈਣ ਦਾ ਵਿਰੋਧ ਕੀਤਾ ਜਾਵੇਗਾ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਦੇ ਪ੍ਰਧਾਨ ਪ੍ਰੋ. ਹਰਨੇਕ ਸਿੰਘ ਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 20 ਅਪ੍ਰੈਲ ਤੋਂ ਮੁਹਾਲੀ ਵਿਚ ਡਾਇਰੈਕਟਰ ਸਮਾਜਿਕ ਸਿੱਖਿਆ ਦੇ ਦਫਤਰ ਮੂਹਰੇ ਪੱਕਾ ਰੋਸ ਪ੍ਰਦਰਸ਼ਨ ਮੋਰਚਾ ਜਾਰੀ ਹੈ। ਉਹਨਾਂ ਦੱਸਿਆ ਕਿ 93 ਦੇ ਕਰੀਬ ਅਸੀਂ ਅਜਿਹੇ ਅਫਸਰਾਂ, ਅਧਿਕਾਰੀਆਂ ਤੇ ਸਰਕਾਰੀ ਮੁਲਾਜ਼ਮਾਂ ਦੀ ਸ਼ਨਾਖ਼ਤ ਕੀਤੀ ਹੈ ਜਿਹਨਾਂ ਨੇ ਜਾਅਲੀ ਐਸ ਸੀ, ਬੀ ਸੀ, ਆਰਥਿਕ ਤੌਰ ’ਤੇ ਕਮਜ਼ੋਰ ਤੇ ਅਪੰਗ ਹੋਣ ਦੇ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ ਹੋਈਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਅਫਸਰਾਂ ਵਿਚ ਯੂ ਪੀ ਐਸ ਸੀ ਤੋਂ ਨਿਯੁਕਤੀ ਪ੍ਰਾਪਤ ਆਈ ਆਰ ਐਸ ਅਧਿਕਾਰੀ, ਆਬਕਾਰੀ ਵਿਭਾਗ ਵਿਚ ਲੱਗੇ ਈ ਟੀ ਓ ਤੇ ਹੋਰ ਅਧਿਕਾਰੀ, ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਜਦੋਂ ਉਹਨਾਂ ਦੇ ਮੋਰਚੇ ਨੇ ਇਹਨਾਂ ਅਧਿਕਾਰੀਆਂ ਵਿਰੁੱਧ ਸ਼ਿਕਾਇਤਾਂ ਕੀਤੀਆਂ ਤਾਂ ਪੰਜਾਬ ਸਰਕਾਰ ਨੇ ਭਾਵੇਂ ਕੁਝ ਕੁ ਅਧਿਕਾਰੀਆਂ ਦੇ ਸਰਟੀਫਿਕੇਟ ਤਾਂ ਰੱਦ ਕਰ ਦਿੱਤੇ ਪਰ ਮਾਮਲੇ ਵਿਚ ਜੋ ਲੋੜੀਂਦੀ ਕਾਰਵਾਈ ਸੀ, ਉਹ ਨਹੀਂ ਕੀਤੀ। ਉਹਨਾਂ ਕਿਹਾ ਕਿ ਅਸੀਂ ਇਹ ਸੰਘਰਸ਼ ਕਰ ਰਹੇ ਹਾਂ ਕਿ ਰਾਖਵੇਂਕਰਨ ਵਰਗ ਦੀਆਂ ਸਹੂਲਤਾਂ ਦਾ ਲਾਭ ਗੈਰ ਰਾਖਵੇਂਕਰਨ ਵਰਗ ਵੱਲੋਂ ਲਏ ਜਾਣ ਦੇ ਮਾਮਲੇ ਵਿਚ ਬਣਦੀ ਫੌਜਦਾਰੀ ਕਾਰਵਾਈ ਕੀਤੀ ਜਾਵੇ।

ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰੋ. ਹਰਨੇਕ ਸਿੰਘ ਨੇ ਦੱਸਿਆ ਕਿ ਆਈ ਆਰ ਐਸ ਅਧਿਕਾਰੀ ਤਾਂ ਪਟਿਆਲਾ ਵਿਚ ਹੀ ਤਾਇਨਾਤ ਰਿਹਾ ਹੈ ਜਦੋਂ ਕਿ ਸਿੱਖਿਆ ਵਿਭਾਗ ਵਿਚ ਈ ਟੀ ਟੀ ਵਰਗ ਦੇ ਅਧਿਆਪਕਾਂ ਵਿਚ ਵੱਡੀ ਗਿਣਤੀ ਜਾਅਲੀ ਸਰਟੀਫਿਕੇਟ ਪਾਏ ਗਏ ਹਨ।

ਉਹਨਾਂ ਦੱਸਿਆ ਕਿ ਜਦੋਂ ਅਸੀਂ ਇਹਨਾਂ ਜਾਅਲੀ ਸਰਟੀਫਿਕੇਟਾਂ ਖਿਲਾਫ ਰੋਸ ਪ੍ਰਗਟ ਕੀਤਾ ਤਾਂ ਵਿਜੀਲੈਂਸ ਬਿਊਰੋ ਨੇ ਸਾਡੇ ਮੋਰਚੇ ਦੇ ਮੈਂਬਰਾਂ ਖਿਲਾਫ ਕਾਰਵਾਈਆਂ ਆਰੰਭ ਕਰ ਦਿੱਤੀਆਂ ਤੇ ਸਾਨੂੰ ਜੇਲ੍ਹਾ ਵਿਚ ਡੱਕਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਜਿਹੜੇ ਲੋਕਾਂ ਨੇ ਜਾਅਲੀ ਸਰਟੀਫਿਕੇਟ ਬਣਾਏ ਹਨ, ਉਹਨਾਂ ਖਿਲਾਫ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੋਂ ਕਿ ਸ਼ਿਕਾਇਤ ਕਰਤਾਵਾਂ ਦੇ ਖਿਲਾਫ ਵਿਜੀਲੈਂਸ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਜਿਹੜੇ ਸਾਡੇ ਮੈਂਬਰਾਂ ਨੇ ਜਾਅਲੀ ਸਰਟੀਫਿਕੇਟ ਬਣਾਉਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ, ਉਹਨਾਂ ਦੇ ਜਾਅਲੀ ਹਸਤਾਖ਼ਰ ਕਰ ਕੇ ਸ਼ਿਕਾਇਤਾਂ ਵਾਪਸ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ ਜੋ ਕਿ ਸਰਾਸਰ ਗਲਤ ਹਨ।

ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਵੱਲੋਂ 5 ਨਵੰਬਰ ਨੂੰ ਪੰਜਾਬ ਭਰ ’ਚ ਚੱਕਾ ਜਾਮ ਕਰਨ ਦਾ ਐਲਾਨ

ਉਹਨਾਂ ਕਿਹਾ ਕਿ ਜਿਹੜੀ ਸਹੂਲਤ ਸੰਵਿਧਾਨ ਮੁਤਾਬਕ ਸਾਡੇ ਰਾਖਵੇਂਕਰਨ ਵਰਗ ਨੂੰ ਹਾਸਲ ਹੈ, ਉਸਦਾ ਗੈਰ ਕਾਨੂੰਨੀ ਤੌਰ ’ਤੇ ਲਾਭ ਗੈਰ ਰਾਖਵੇਂਕਰਨ ਦੇ ਵਰਗ ਨੂੰ ਨਹੀਂ ਮਿਲਣਾ ਚਾਹੀਦਾ।

ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਮੋਰਚੇ ਦੇ ਕਨਵੀਨਰ ਵਿੱਕੀ ਪੋਰਚਾ ਧੂਰੀ, ਲੈਫਟੀਲੈਂਟ ਦਰਸ਼ਨ ਸਿੰਘ ਧੂਰੀ, ਸੁਨੀਲ ਬਿਲਡਵਾਨ, ਵਿੱਕੀ ਧੂਰੀ, ਤਲਵਿੰਦਰ ਸਿੰਘ, ਭਿੰਦਰ ਸਿੰਘ ਸਨੌਰ, ਲਖਵੀਰ ਸਿੰਘ ਨਾਰੰਗਵਾਲ, ਜਗਮੋਹਨ ਚੌਹਾਨ, ਗਜਵਿੰਦਰ ਸਿੰਘ, ਮਨਮੋਹਨ ਸਿੰਘ ਪਟਿਆਲਾ, ਬਲਬੀਰ ਸਿੰਘ ਆਲਮਪੁਰ, ਜਸਵੀਰ ਕੌਰ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।