ਵਿਦਿਆਰਥੀਆਂ ਨੂੰ ਰਿਜ਼ਲਟ ਨਾਲ ਸਬੰਧਤ ਪੁੱਛਗਿੱਛ ਲਈ ਹੁਣ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਜਾਣ ਦੀ ਲੋੜ ਨਹੀਂ; ਘਰ ਬੈਠੇ ਹੀ ਨਤੀਜਿਆਂ ਦੀ ਸਥਿਤੀ ਬਾਰੇ ਜਾਣ ਸਕਦੇ
ਪਟਿਆਲਾ/ ਅਕਤੂਬਰ 21, 2023
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਨਤੀਜਾ ਪਤਾ ਕਰਨ ਲਈ ਯੂਨੀਵਰਸਿਟੀ ਆਉਣ ਵਾਲੇ ਵਿਦਿਆਰਥੀਆਂ ਦੀ ਖੱਜਲ਼ ਖੁਆਰੀ ਨੂੰ ਘਟਾਉਣ ਲਈ ਇੱਕ ਨਵੀਂ ਸਹੂਲਤ ਪ੍ਰਦਾਨ ਕੀਤੀ ਗਈ ਹੈ। ਪ੍ਰੀਖਿਆ ਸ਼ਾਖਾ ਦੇ ਕੰਟਰੋਲਰ ਪ੍ਰੋ. ਵਿਸ਼ਾਲ ਗੋਇਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਸ਼ਾਖਾ ਦੀ ਆਈ. ਟੀ. ਟੀਮ ਦੇ ਕੋਆਰਡੀਨੇਟਰ ਦਲਬੀਰ ਸਿੰਘ ਵੱਲੋਂ ਇਸ ਸੰਬੰਧੀ ਇੱਕ ਵਿਸ਼ੇਸ਼ ਸੁਵਿਧਾ ਮੁਹੱਈਆ ਕਰਵਾਈ ਗਈ ਹੈ ਜਿਸ ਅਨੁਸਾਰ ਵਿਦਿਆਰਥੀ ਆਪਣੇ ਘਰ ਬੈਠੇ ਹੀ ਯੂਨੀਵਰਸਿਟੀ ਦੀ ਵੈੱਬਸਾਈਟ www.punjabiuniversity.ac.in ਉੱਤੇ ਇਗਜ਼ਾਮੀਨੇਸ਼ਨ ਪੋਰਟਲ ਰਾਹੀਂ ਆਪਣੇ ਨਤੀਜਿਆਂ ਦੀ ਸਥਿਤੀ ਬਾਰੇ ਜਾਣ ਸਕਦੇ ਹਨ। ਰੀ-ਅਪੀਅਰ ਅਤੇ ਰੈਗੂਲਰ ਨਤੀਜਿਆਂ ਦੇ ਕੇਸ ਵਿੱਚ ਉਹ ਘਰ ਬੈਠੇ ਆਪਣਾ ਰੋਲ ਨੰਬਰ ਭਰ ਕੇ ਸਥਿਤੀ ਜਾਣ ਸਕਦੇ ਹਨ ਕਿ ਕੀ ਉਨ੍ਹਾਂ ਦੇ ਸਾਰੇ ਪੇਪਰ ਚੈੱਕ ਹੋ ਕੇ ਨਤੀਜਾ ਤਿਆਰ ਹੋ ਚੁੱਕਾ ਹੈ ਜਾਂ ਨਹੀਂ।
ਇਸੇ ਤਰ੍ਹਾਂ ਕਨਫ਼ੀਡੈਂਸ਼ਲ ਨਤੀਜਿਆਂ ਦੇ ਮਾਮਲੇ ਵਿੱਚ ਉਹ ਆਪਣਾ ਰੋਲ ਨੰਬਰ ਭਰ ਕੇ ਜਾਣ ਸਕਦੇ ਹਨ ਕਿ ਉਹ ਨਤੀਜਾ ਲੈਣ ਦੀ ਪਾਤਰਤਾ ਰਖਦੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ਼ ਵਿਦਿਆਰਥੀਆਂ ਦੀ ਖੱਜਲ਼ ਖੁਆਰੀ ਘੱਟ ਹੋ ਜਾਵੇਗੀ ਅਤੇ ਉਹ ਉਸ ਸਮੇਂ ਹੀ ਯੂਨੀਵਰਸਿਟੀ ਕੈਂਪਸ ਆਉਣਗੇ ਜਦੋਂ ਉਨ੍ਹਾਂ ਦੇ ਸਾਰੇ ਪੇਪਰ ਚੈੱਕ ਹੋ ਕੇ ਨਤੀਜਾ ਤਿਆਰ ਹੋਵੇ। ਉਨ੍ਹਾਂ ਕਿਹਾ ਕਿ ਇਸ ਛੋਟੀ ਜਿਹੀ ਪਹਿਲਕਦਮੀ ਨਾਲ਼ ਦੂਰ ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਵਾਰ ਵਾਰ ਯੂਨੀਵਰਸਿਟੀ ਦੇ ਚੱਕਰ ਨਹੀਂ ਮਾਰਨੇ ਪੈਣਗੇ।
