ਵਿਧਾਇਕ ਚੱਢਾ ਵਲੋਂ ਪਿੰਡਾਂ ਦੀਆਂ ਸਮੱਸਿਆਵਾਂ ਦਾ ਰਿਕਾਰਡ ਦਰਜ ਕਰਨ ਲਈ ਬੀ.ਡੀ.ਪੀ.ਓ ਦਫ਼ਤਰ ਵਿਖੇ ਰਜਿਸਟਰ ਲਗਾਏ ਜਾਣ ਦੇ ਆਦੇਸ਼

224

ਵਿਧਾਇਕ ਚੱਢਾ ਵਲੋਂ ਪਿੰਡਾਂ ਦੀਆਂ ਸਮੱਸਿਆਵਾਂ ਦਾ ਰਿਕਾਰਡ ਦਰਜ ਕਰਨ ਲਈ ਬੀ.ਡੀ.ਪੀ.ਓ ਦਫ਼ਤਰ ਵਿਖੇ ਰਜਿਸਟਰ ਲਗਾਏ ਜਾਣ ਦੇ ਆਦੇਸ਼

ਬਹਾਦਰਜੀਤ ਸਿੰਘ / ਰੂਪਨਗਰ, 23 ਜਨਵਰੀ, 2023

ਅੱਜ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਰੂਪਨਗਰ ਦਫ਼ਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਫਤਰ ਵਿਚ ਇੱਕ ਰਜਿਸਟਰ ਲਗਾਇਆ ਜਾਵੇ ਜਿਸ ਵਿਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਪੂਰਨ ਰਿਕਾਰਡ ਰੱਖਿਆ ਜਾਵੇ।

ਵਿਧਾਇਕ ਚੱਢਾ ਨੇ ਕਿਹਾ ਕਿ ਨਗਰ ਕੌਂਸਲ ਵਿਖੇ ਜਿਵੇਂ ਸ਼ਹਿਰ ਵਾਸੀ ਆਪਣੀ ਸ਼ਿਕਾਇਤ ਜਾਂ ਸਮੱਸਿਆ ਨੂੰ ਰਜਿਸਟਰਡ ਕਰਵਾਉਂਦੇ ਹਨ ਉਸੇ ਤਰ੍ਹਾਂ ਹੁਣ ਪਿੰਡਾਂ ਦੇ ਲੋਕ ਵੀ ਆਪਣੀਆਂ ਵੱਖ-ਵੱਖ ਸਮੱਸਿਆਵਾਂ ਜਾਂ ਮੰਗਾਂ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਵਿਖੇ ਆ ਕੇ ਦਰਜ ਕਰਵਾਉਣਗੇ ਤਾਂ ਜੋ ਇਨ੍ਹਾਂ ਸਮੱਸਿਆਵਾਂ ਨੂੰ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਮਾਬੱਧ ਸੀਮਾ ਵਿਚ ਹੱਲ ਕੀਤਾ ਜਾ ਸਕੇ।

ਦਿਨੇਸ਼ ਚੱਢਾ ਨੇ ਬੀ.ਡੀ.ਪੀ.ਓ ਰੂਪਨਗਰ ਨੂੰ ਬਲਾਕ ਦੇ ਪਿੰਡਾਂ ਵਿਚ ਵੱਧ ਤੋਂ ਵੱਧ ਕੰਮ ਮਗਨਰੇਗਾ ਰਾਹੀਂ ਜਿਵੇਂ ਪਿੰਡਾਂ ਦੀ ਸਫਾਈ, ਪਾਰਕਾਂ, ਖੇਡ ਮੈਦਾਨਾ ਦੀ ਉਸਾਰੀ ਅਤੇ ਟੋਭਿਆ ਦੀ ਸਫਾਈ ਆਦਿ ਕੰਮ ਕਰਵਾਉਣ ਦੀ ਹਦਾਇਤ ਵੀ ਕੀਤੀ।

ਐਡਵੋਕੇਟ ਚੱਢਾ ਨੇ ਬੀ.ਡੀ.ਪੀ.ਓ. ਰੂਪਨਗਰ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਬਲਾਕ ਦੇ ਸਾਰੇ ਪਿੰਡਾਂ ਦੀ ਜਾਣਕਾਰੀ ਇਕੱਤਰ ਕਰਨ ਲਈ ਆਦੇਸ਼ ਦਿੱਤੇ ਕਿ ਕਿਸ-ਕਿਸ ਪਿੰਡ ਵਿਚ ਕਿਹੜੀ ਸਮੱਸਿਆ ਹੈ ਉਨ੍ਹਾਂ ਦੇ ਹੱਲ ਲਈ ਕੀ ਢੁੱਕਵੇਂ ਪ੍ਰਬੰਧਾਂ ਦੀ ਲੋੜ ਹੈ।

ਵਿਧਾਇਕ ਚੱਢਾ ਵਲੋਂ ਪਿੰਡਾਂ ਦੀਆਂ ਸਮੱਸਿਆਵਾਂ ਦਾ ਰਿਕਾਰਡ ਦਰਜ ਕਰਨ ਲਈ ਬੀ.ਡੀ.ਪੀ.ਓ ਦਫ਼ਤਰ ਵਿਖੇ ਰਜਿਸਟਰ ਲਗਾਏ ਜਾਣ ਦੇ ਆਦੇਸ਼

ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਅਣਗਿਹਲੀ ਕਾਰਨ ਕਿਸੇ ਸਰਕਾਰੀ ਸਕੀਮ ਦਾ ਲਾਭ ਪਿੰਡ ਜਾਂ ਬਲਾਕ ਨੂੰ ਨਹੀਂ ਮਿਲ ਸਕਿਆ ਉਨ੍ਹਾਂ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਵਿਚ ਇਸ ਦਫਤਰ ਦੀ ਅਣਗਿਹਲੀ ਕਾਰਨ ਸਾਲ 2022-23 ਦੌਰਾਨ ਹੋਣ ਵਾਲੇ ਵਿਕਾਸ ਕਾਰਜਾਂ ਤਜਵੀਜ਼ ਸਹੀ ਸਮੇਂ ਉਤੇ ਨਾ ਭੇਜਣ ਕਰਕੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਜਾਣ ਵਾਲੀਆਂ ਗ੍ਰਾਂਟਾਂ ਲੋਕਾਂ ਤੱਕ ਨਹੀਂ ਪਹੁੰਚ ਸਕੀਆਂ।

ਐਡਵੋਕੇਟ ਚੱਢਾ ਵਲੋਂ ਇਸ ਦੌਰੇ ਦੌਰਾਨ ਹਾਜ਼ਰੀ ਰਜਿਸਟਰ ਦੀ ਚੈਕਿੰਗ ਵੀ ਕੀਤੀ ਗਈ ਅਤੇ ਗੈਰ ਹਾਜ਼ਰ ਪਾਏ ਗਏ ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਕਿਹਾ।

ਇਸ ਮੌਕੇ ਬੀ.ਡੀ.ਪੀ.ਓ. ਰੂਪਨਗਰ ਦਰਸ਼ਨ ਸਿੰਘ, ਈ ਓ ਅਮਨਦੀਪ ਸਿੰਘ, ਸੁਪਰਡੈਂਟ ਰਮਾ ਕਾਂਤ, ਭਾਗ ਸਿੰਘ ਮਦਾਨ, ਅਮਨਦੀਪ ਸਿੰਘ, ਐਡਵੋਕੇਟ ਵਿਕਰਮ ਗਰਗ, ਐਡਵੋਕੇਟ ਗੌਰਵ ਕਪੂਰ ਅਤੇ ਸੁਖਦੇਵ ਸਿੰਘ ਮੀਆਪੁਰ ਹਾਜ਼ਰ ਸਨ।