ਵਿਸ਼ਵ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਦੇ ਸਨੇਹੇ ਨਾਲ ਸੰਪੂਰਨ ਹੋਇਆ ਵਰਲਡ ਯੂਨੀਵਰਸਿਟੀ ਵਿਖੇ ਰਾਸ਼ਟਰੀ ਸੈਮੀਨਾਰ

125

ਵਿਸ਼ਵ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਦੇ ਸਨੇਹੇ ਨਾਲ ਸੰਪੂਰਨ ਹੋਇਆ ਵਰਲਡ ਯੂਨੀਵਰਸਿਟੀ ਵਿਖੇ ਰਾਸ਼ਟਰੀ ਸੈਮੀਨਾਰ

ਫਤਿਹਗੜ੍ਹ ਸਾਹਿਬ /ਅਕਤੂਬਰ 29, 2023

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ‘ਸਚ ਕੀ ਬੇਲਾ’ ਸੰਸਥਾ ਵੱਲੋਂ ਵਿਸ਼ਵ ਧਾਰਮਿਕ ਭਾਈਚਾਰਿਆਂ ਵਿੱਚ ਸਦਭਾਵਨਾ ਦੀ ਲੋੜ ਵਿਸ਼ੇ ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਉਦਘਾਟਨੀ ਭਾਸ਼ਣ ਦੌਰਾਨ ਪ੍ਰੋ. ਪਰਿਤ ਪਾਲ ਸਿੰਘ, ਵਾਈਸ-ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਲਈ ਧਾਰਮਿਕ ਸਹਿਨਸ਼ੀਲਤਾ ਅਤੇ ਸਦਭਾਵਨਾ ਬੇਹੱਦ ਜਰੂਰੀ ਹੈ। ਇਸ ਮੌਕੇ ਪੁੱਜੇ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਲਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਧਾਰਮਿਕ ਸਦਭਾਵਨਾ ਦੀ ਵਿਲੱਖਣ ਮਿਸਾਲ ਕਾਇਮ ਕੀਤੀ ਗਈ ਹੈ।

‘ਸਚ ਕੀ ਬੇਲਾ’ ਦੇ ਮੁਖੀ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਸਮਾਗਮ ਵਿੱਚ ਪਹੁੰਚੇ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਗੁਰਮਤ ਸਾਨੂੰ ਵਿਸ਼ਵ ਦੇ ਹਰੇਕ ਵਿਸ਼ਵਾਸ ਅਤੇ ਪਰੰਪਰਾ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ।

ਇਸ ਸੈਮੀਨਾਰ ਵਿੱਚ ਗਿਆਨੀ ਜੋਗਿੰਦਰ ਸਿੰਘ ਮੁੱਖ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੁੱਖ ਮਹਿਮਾਨ ਵਜੋਂ ਅਤੇ ਮਹੰਤ ਸੁਆਮੀ ਗਿਆਨ ਦੇਵ ਸਿੰਘ ਮੁਖੀ ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ, ਮਹੰਤ ਸੋਹਨ ਦਾਸ , ਮਹੰਤ ਸੁਧ ਮੁਨੀ, ਉਦਾਸੀਨ ਸੰਪਰਦਾਇ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਬੁੱਢਾ ਦਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸੈਮੀਨਾਰ ਦੌਰਾਨ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਸ਼ਾਹੀ ਇਮਾਮ, ਪੰਜਾਬ ਬਤੌਰ ਵਿਸ਼ੇਸ਼ ਬੁਲਾਰੇ ਅਤੇ ਡਾ ਕੁਲਦੀਪ ਚੰਦ ਅਗਨੀਹੋਤਰੀ, ਸਾਬਕਾ ਵਾਈਸ ਚਾਂਸਲਰ, ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਡਾ ਪਰਮਵੀਰ ਸਿੰਘ, ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ ਹਰਦੇਵ ਸਿੰਘ, ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਵਰਲਡ ਯੂਨੀਵਰਸਿਟੀ ਅਤੇ ਸ ਹਮੀਰ ਸਿੰਘ, ਸੀਨੀਅਰ ਪੱਤਰਕਾਰ ਬਤੌਰ ਵਿਦਵਾਨ ਵਕਤਾ ਸ਼ਾਮਿਲ ਹੋਏ।

ਸਮੂਹ ਬੁਲਾਰਿਆਂ ਨੇ ਵੱਖ-ਵੱਖ ਧਰਮ ਗ੍ਰੰਥਾਂ ਅਤੇ ਪਰੰਪਰਾਵਾਂ ਵਿੱਚੋਂ ਹਵਾਲੇ ਲੈ ਕੇ ਅੰਤਰ ਧਰਮ ਸੰਵਾਦ ਰਚਾਉਂਦੇ ਹੋਏ ਭਾਈਚਾਰਕ ਸਾਂਝ ਵਿੱਚ ਪਈਆਂ ਤਰੇੜਾਂ ਦੇ ਖਾਤਮੇ ਦੀ ਸੰਭਾਵਨਾ ਉੱਪਰ ਚਰਚਾ ਕੀਤੀ।

ਵਿਸ਼ਵ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਦੇ ਸਨੇਹੇ ਨਾਲ ਸੰਪੂਰਨ ਹੋਇਆ ਵਰਲਡ ਯੂਨੀਵਰਸਿਟੀ ਵਿਖੇ ਰਾਸ਼ਟਰੀ ਸੈਮੀਨਾਰ

ਸੈਮੀਨਾਰ ਦੌਰਾਨ ਡਾ. ਹਰਦੇਵ ਸਿੰਘ, ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੀ ਪੁਸਤਕ ਯੋਗ ਦਰਸ਼ਨ ਸੰਗਤ ਅਰਪਣ ਕੀਤੀ ਗਈ। ਜ਼ਿਕਰ ਯੋਗ ਹੈ ਕਿ ਇਸ ਪੁਸਤਕ ਵਿਚ ਮਹਾਰਿਸ਼ੀ ਪਤੰਜਲੀ ਦੀ ਰਚਨਾ ਯੋਗ ਦਰਸ਼ਨ ਦੀ ਜਾਣ ਪਛਾਣ ਦੇ ਨਾਲ ਨਾਲ ਮੂਲ ਸੰਸਕ੍ਰਿਤ ਪਾਠ, ਗੁਰਮੁਖੀ ਲਿਪੀਅੰਤਰਣ ਅਤੇ ਸਰਲ ਅਰਥ ਦਿੱਤਾ ਗਿਆ ਹੈ।

ਸੈਮੀਨਾਰ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਸਟੇਜ ਸੰਚਾਲਨ ਦੀ ਸੇਵਾ ਗਿ. ਅਜੀਤ ਸਿੰਘ ਅਤੇ ਗਿ. ਸਰਬਜੀਤ ਸਿੰਘ ਨੇ ਨਿਭਾਈ। ਸਮਾਗਮ ਦੇ ਅੰਤ ਵਿੱਚ ਸੈਮੀਨਾਰ ਕੋਆਰਡੀਨੇਟਰ ਅਨਭੋਲ ਸਿੰਘ ਦੀਵਾਨਾ ਨੇ ਪਹੁੰਚੇ ਸਮੂਹ ਮਹਿਮਾਨਾਂ ਅਤੇ ਵਿਦਵਾਨ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਮਹਿੰਦਰ ਸਿੰਘ ਜਨੇਰ, ਸੰਤ ਹਰਨੇਕ ਸਿੰਘ ਜੀ ਲੰਗਰਾਂ ਵਾਲੇ, ਸੰਤ ਬਾਬਾ ਬਲਜਿੰਦਰ ਸਿੰਘ ਜੀ ਜੋਤੀ ਸਰੂਪ ਵਾਲੇ, ਸੰਤ ਬਾਬਾ ਮਨਜੀਤ ਸਿੰਘ ਜੀ ਝੂਠਪੁਰ ਵਾਲੇ, ਸੰਤ ਹਰਚਰਨ ਸਿੰਘ ਨਾਨਕਸਰ ਵਾਲੇ, ਸੰਤ ਚਮਕੌਰ ਸਿੰਘ ਸੇਵਾ ਪੰਥੀ, ਸੰਤ ਬਾਬਾ ਅਨਹਦ ਨਾਦ ਰਾਜ ਵੀ ਸ਼ਾਮਿਲ ਹੋਏ।