ਸਰਕਾਰੀ ਕਾਲਜ ਮਹੈਣ ਵਿਖੇ 74 ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਬਹਾਦਰਜੀਤ ਸਿੰਘ / ਸ਼੍ਰੀ ਅਨੰਦਪੁਰ ਸਾਹਿਬ, 26 ਜਨਵਰੀ, 2023
ਅੱਜ ਸਰਕਾਰੀ ਕਾਲਜ ਮਹੈਣ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੁਆਰਾ 74 ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਕਾਲਜ ਵਿਖੇ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਗਾਇਆ ਗਿਆ।
ਇਸ ਮੌਕੇ ਪ੍ਰੋ: ਵਿਪਨ ਕੁਮਾਰ ਨੇ ਕਿਹਾ ਕਿ 26 ਜਨਵਰੀ ਦੇ ਦਿਨ ਦੀ ਰਾਸ਼ਟਰੀ ਸੁਤੰਤਰਤਾ ਸੰਗਰਾਮ ਦੇ ਸੰਵਿਧਾਨਿਕ ਇਤਿਹਾਸ ਵਿਚ ਬਹੁਤ ਮਹੱਤਤਾ ਹੈ। ਜਦੋਂ ਰਾਸ਼ਟਰੀ ਸੁਤੰਤਰਤਾ ਸੰਗਰਾਮ ਸਮੇਂ ਨਹਿਰੂ ਰਿਪੋਰਟ ਅਨੁਸਾਰ 31 ਦਸੰਬਰ 1929 ਤੱਕ ਬ੍ਰਿਟਿਸ਼ ਸਰਕਾਰ ਦੁਆਰਾ ਭਾਰਤ ਨੂੰ ਅਧਿਰਾਜ ਦਾ ਦਰਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਤਾਂ ਇਸ ਦੇ ਵਿਰੋਧ ਫਲਸਰੂਪ ਭਾਰਤ ਦੇ ਸਾਰੇ ਰਾਜਨੀਤਿਕ ਦਲਾਂ ਦੇ ਨੇਤਾਵਾਂ ਨੇ 31 ਦਸੰਬਰ 1929 ਦੀ ਅੱਧੀ ਰਾਤ ਨੂੰ 12 ਵਜੇ ਲਾਹੌਰ ਦੇ ਰਾਵੀ ਦਰਿਆ ਦੇ ਕਿਨਾਰੇ ਹੱਥਾਂ ਵਿੱਚ ਜਗਦੀਆਂ ਹੋਈਆਂ ਮਿਸ਼ਾਲਾਂ ਲੈ ਕੇ ਸੁੰਹ ਚੁੱਕੀ ਸੀ ਕਿ ਅੱਜ ਤੋਂ ਬਾਅਦ 26 ਜਨਵਰੀ ਦੇ ਦਿਨ ਨੂੰ ਸਮੁੱਚੇ ਭਾਰਤ ਵਿੱਚ ਸੁਤੰਤਰਤਾ ਦਿਵਸ ਵਜੋਂ ਮਨਾਇਆ ਜਾਵੇਗਾ। ਇਹ ਹੀ ਕਾਰਨ ਹੈ ਕਿ 26 ਜਨਵਰੀ 1930 ਤੋਂ ਲੈ ਕੇ 26 ਜਨਵਰੀ 1947 ਤੱਕ ਭਾਰਤੀ ਸੁਤੰਤਰਤਾ ਸੰਗਰਾਮ ਦੌਰਾਨ 26 ਜਨਵਰੀ ਦੇ ਦਿਨ ਨੂੰ ਸੁਤੰਤਰਤਾ ਦਿਵਸ ਵਜੋਂ ਮਨਾਇਆ ਗਿਆ। ਭਾਰਤੀ ਸੰਵਿਧਾਨ ਭਾਵੇਂ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ, ਲੇਕਿਨ 26 ਜਨਵਰੀ ਦੇ ਦਿਨ ਦੀ ਇਤਿਹਾਸਿਕ ਮਹੱਤਤਾ ਨੂੰ ਦੇਖੇਦੇ ਹੋਏ ਸਾਡੇ ਬੁੱਧੀਜੀਵੀ ਸੰਵਿਧਾਨ ਨਿਰਮਾਤਾਵਾਂ ਨੇ ਸੰਵਿਧਾਨ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ।
ਇਸ ਮੌਕੇ ਡਾਕਟਰ ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਕਿਹਾ ਕਿ 26 ਜਨਵਰੀ 1950 ਨੂੰ ਸੰਵਿਧਾਨ ਨੂੰ ਲਾਗੂ ਕਰਨ ਸਮੇਂ ਭਾਰਤ ਨੂੰ ਇੱਕ ਗਣਰਾਜ ਘੋਸ਼ਿਤ ਕੀਤਾ ਗਿਆ ਸੀ। ਪਿਛਲੇ 74 ਸਾਲਾਂ ਵਿੱਚ ਭਾਰਤ ਵਿਸ਼ਵ ਦੀ ਮਹਾਨ ਸ਼ਕਤੀ ਬਣੀਆ ਹੈ। ਅੱਜ ਭਾਰਤ ਨੇ ਸੂਚਨਾ ਤਕਨੀਕ, ਪੁਲਾੜ ਅਤੇ ਵਿਗਿਆਨ ਦੇ ਖੇਤਰ ਵਿਚ ਮਹਾਨ ਉਪਲਬਧੀਆਂ ਪ੍ਰਾਪਤ ਕਰਕੇ ਸਾਰੇ ਵਿਸ਼ਵ ਦੇ ਦੇਸ਼ਾਂ ਨੂੰ ਹੈਰਾਨ ਕਰ ਦਿੱਤਾ ਹੈ। ਭਾਰਤ ਸੰਵਿਧਾਨ ਨੇ ਭਾਰਤ ਨੂੰ ਇਕ ਗਣਰਾਜ ਦੇ ਰੂਪ ਵਿਚ ਵਿਕਸਿਤ ਕਰਕੇ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕੀਤਾ ਹੈ। ਅੱਜ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਸਫਲ ਲੋਕਤੰਤਰੀ ਦੇਸ਼ ਹੈ।