ਸਰਕਾਰੀ ਕਾਲਜ ਰੂਪਨਗਰ ਦਾ 70ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ

294

ਸਰਕਾਰੀ ਕਾਲਜ ਰੂਪਨਗਰ ਦਾ 70ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ

ਬਹਾਦਰਜੀਤ ਸਿੰਘ, ਰੂਪਨਗਰ,23 ਮਾਰਚ,2022
ਸਰਕਾਰੀ ਕਾਲਜ ਰੂਪਨਗਰ ਵਿਖੇ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਦੀ ਸਰਪ੍ਰਸਤੀ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਦੀ ਅਗਵਾਈ ਹੇਠ 70ਵਾਂ ਸਲਾਨਾ ਖੇਡ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸਦਾ  ਉਦਘਾਟਨ ਸੰਤ ਬਾਬਾ ਅਵਤਾਰ ਸਿੰਘ , ਗੁਰਦੁਆਰਾ ਹੈੱਡ ਦਰਬਾਰ, ਕੋਟ ਪਰਾਣ ਵਾਲਿਆਂ ਨੇ ਕੀਤਾ।

ਇਨਾਮ ਵੰਡ ਸਮਾਰੋਹ ਵਿੱਚ ਗੁਰਵਿੰਦਰ ਸਿੰਘ ਜੋਹਲ, ਐਸ.ਡੀ.ਐਮ. ਰੂਪਨਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖੇਡ ਸਮਾਗਮ ਵਿੱਚ  ਦਵਿੰਦਰ ਕੁਮਾਰ, ਕਾਰਜਕਾਰੀ ਇੰਜਨੀਅਰ, ਪੀ.ਡਬਲਿਊ.ਡੀ. ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।

ਖੇਡ ਸਮਾਰੋਹ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਕਾਲਜ ਸ਼ਬਦ ਦਾ ਗਾਇਨ ਕਰਕੇ ਕੀਤੀ। ਸੰਤ  ਅਵਤਾਰ ਸਿੰਘ  ਨੇ ਕਾਲਜ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਖਿਡਾਰੀਆਂ ਨੇ ਮਾਰਚ ਪਾਸਟ ਕਰਕੇ ਉਹਨਾਂ ਨੂੰ ਸਲਾਮੀ ਦਿੱਤੀ। ਸੰਤ ਅਵਤਾਰ ਸਿੰਘ ਨੇ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਨ, ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।

ਸਰਕਾਰੀ ਕਾਲਜ ਰੂਪਨਗਰ ਦਾ 70ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ
ਕਾਲਜ ਦੇ ਪੁਰਾਣੇ ਵਿਦਿਆਰਥੀ ਹੋਣ ਦੇ ਨਾਤੇ ਉਨ੍ਹਾਂ ਨੇ ਕਈ ਅਨੁਭਵ ਖਿਡਾਰੀਆਂ ਨਾਲ ਸਾਂਝੇ ਕੀਤੇ। ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸ. ਗੁਰਵਿੰਦਰ ਸਿੰਘ ਜੋਹਲ ਨੇ ਖਿਡਾਰੀਆਂ ਦੀ ਖੇਡ ਭਾਵਨਾਂ ਨੂੰ ਦੇਖਦੇ ਹੋਏ ਕਿਹਾ, ਕਿ ਭਵਿੱਖ ਵਿੱਚ ਪੰਜਾਬ ਖੇਡਾਂ ਦੇ ਖੇਤਰ ਵਿੱਚ ਮੁੜ ਤੋਂ ਆਪਣਾ ਮੁਕਾਮ ਹਾਸਲ ਕਰੇਗਾ।
ਦਿਲਬਾਗ ਸਿੰਘ ਸਰਕਾਰੀ ਕਾਲਜ, ਜਾਡਲਾ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਖੇਡ ਮੈਦਾਨ ਨੂੰ ਖੇਡਣ ਯੋਗ ਬਣਾਉਣ ਲਈ ਸੰਤ ਬਾਬਾ ਅਵਤਾਰ ਸਿੰਘ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਨੇ ਮੁੱਖ ਮਹਿਮਾਨ, ਪਤਵੰਤੇ ਸੱਜਣ, ਵਿਦਿਆਰਥੀਆਂ ਦੇ ਮਾਪਿਆਂ ਨੂੰ ਜੀ ਆਇਆਂ ਕਿਹਾ ਅਤੇ ਪ੍ਰੋ. ਹਰਜੀਤ ਸਿੰਘ ਨੇ ਖੇਡ ਪ੍ਰਾਪਤੀਆਂ ਸਬੰਧੀ ਸਲਾਨਾ ਖੇਡ ਰਿਪੋਰਟ ਪੇਸ਼ ਕੀਤੀ। ਅੱਜ ਹੀ ਕਾਲਜ ਦੇ ਨਵੇਂ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਅਹੁਦਾ ਸੰਭਾਲਣ ਉਪਰੰਤ ਸਰੀਰਕ ਸਿੱਖਿਆ ਵਿਭਾਗ ਅਤੇ ਸਮੂਹ ਸਟਾਫ ਨੂੰ ਸਲਾਨਾ ਖੇਡ ਸਮਾਰੋਹ ਦੀ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ।

ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਹਰਮਨਦੀਪ ਕੌਰ ਨੇ ਦੱਸਿਆ ਕਿ ਖਿਡਾਰੀ ਮਨਿੰਦਰ ਸਿੰਘ ਅਤੇ ਖਿਡਾਰਨ ਟੀਨਾ ਨੂੰ ਸਰਵੋਤਮ ਅਥਲੀਟ ਚੁਣਿਆ ਗਿਆ ਅਤੇ ਮੁੱਖ ਮਹਿਮਾਨ ਦੁਆਰਾ ਸਰਵੋਤਮ ਅਥਲੀਟ ਦੀ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਦੋੜਾਂ, ਲੰਬੀ/ਉੱਚੀ ਛਾਲ, ਸ਼ਾਟ-ਪੁੱਟ, ਜੈਵਲਿਨ ਅਤੇ ਡਿਸਕਸ ਥ੍ਰੋ ਤੋਂ ਇਲਾਵਾ ਰੱਸਾਕਸ਼ੀ (ਸਟਾਫ ਫੀਮੇਲ), ਦੌੜ (ਸਟਾਫ ਮੇਲ/ਫੀਮੇਲ), ਚਾਟੀ ਰੇਸ (ਸਟਾਫ/ਲੜਕੀਆਂ), ਬੋਰੀ ਦੌੜ (ਲੜਕੇ/ਲੜਕੀਆਂ), ਆਦਿ ਕੁੱਲ 45 ਮੁਕਾਬਲੇ ਕਰਵਾਏ ਗਏ। ਜੇਤੂ ਖਿਡਾਰੀਆਂ ਨੂੰ ਮੈਡਲ, ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੈਸ਼ਨ ਦੇ ਕੌਮੀ ਪੱਧਰ ਦੇ ਜੇਤੂ 9 ਖਿਡਾਰੀਆਂ ਨੂੰ ਟਰੈਕ ਸੂਟ, ਅੰਤਰ-ਕਾਲਜ ਖੇਡਾਂ ਵਿੱਚ ਜੇਤੂ 53 ਖਿਡਾਰੀਆਂ ਨੂੰ ਖੇਡ ਕਿੱਟ ਦੇ ਕੇ ਸਨਮਾਨਤ ਕੀਤਾ ਗਿਆ। ਖੇਡ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਡਾ. ਕੁਲਵੀਰ ਕੌਰ ਅਤੇ ਸਮੂਹ ਸਟਾਫ ਨੇ ਅਹਿਮ ਸਹਿਯੋਗ ਦਿੱਤਾ।

ਇਸ ਮੌਕੇ ਪ੍ਰਿੰਸੀਪਲ (ਸੇਵਾਮੁਕਤ) ਡਾ. ਨਿਰਮਲ ਸਿੰਘ, ਪ੍ਰੋ. (ਰਿਟਾ.) ਪ੍ਰਤਿਭਾ ਸੈਣੀ, ਕੌਂਸਲਰ ਨੀਰੂ ਗੁਪਤਾ, ਰਿਟਾ. ਜੇ.ਈ. ਸਤਪਾਲ ਸ਼ਰਮਾਂ, ਜੇ.ਈ. ਅਰਵਿੰਦ ਸ਼ਰਮਾਂ, ਜੇ.ਈ. ਸੁਦੀਪ ਰਾਏ, ਹੈਂਡਬਾਲ ਕੋਚ ਬਿਕਰਮਜੀਤ ਸਿੰਘ ਘੁੰਮਣ, ਸੋਹਨ ਲਾਲ ਵਰਮਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।