ਸਰਕਾਰੀ ਬਿਕਰਮ ਕਾਲਜ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ

61

ਸਰਕਾਰੀ ਬਿਕਰਮ ਕਾਲਜ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ

ਪਟਿਆਲਾ / royalpatiala.in News/ 19 ਨਵੰਬਰ,2025

ਅੱਜ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਵਿਖੇ ਪੰਜਾਬ ਸਰਕਾਰ ਦੇ ਨਿਰਦੇਸ਼ ਅਨੁਸਾਰ ਅਤੇ ਪ੍ਰਿੰਸੀਪਲ ਡਾ. (ਪ੍ਰੋ.) ਕੁਸੁਮ ਲਤਾ ਦੀ ਅਗਵਾਈ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ 350ਵੀਂ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ  ਤਹਿਤ 14 ਨਵੰਬਰ 2025 ਨੂੰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਜੈਤਾ ਜੀ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ ਇਤਿਹਾਸ ਤੇ ਮਹਾਨ ਕੁਰਬਾਨੀਆਂ ਵਿਸ਼ੇ ਤੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ।

ਇਸੇ ਲੜੀ ਵਿੱਚ ਮਿਤੀ 18 ਨਵੰਬਰ 2025 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਵੱਲੋਂ ‘ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜੀਵਨ, ਪਵਿੱਤਰ ਕੁਰਬਾਨੀ ਅਤੇ ਸਿੱਖਿਆਵਾਂ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਇਸ ਭਾਸ਼ਣ ਦੀ ਸ਼ੁਰੂਆਤ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. (ਪ੍ਰੋ.) ਕੁਸਮ ਲਤਾ ਨੇ ਸਮਾਰੋਹ ਵਿੱਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਭਾਸ਼ਣ ਵਿੱਚ ਗੁਰੂ ਸਾਹਿਬ ਜੀ ਦੀ ਸਖ਼ਸ਼ੀਅਤ ਦੇ ਬਹੁ-ਪੱਖੀ ਪ੍ਰਭਾਵ ਵਿਸ਼ੇਸ਼ ਕਰਕੇ ਸਭਿਆਚਾਰਕ ਜਾਗ੍ਰਤੀ ਅਤੇ ਮਾਨਵੀ ਮੁੱਲਾਂ ਦੀ ਸਥਾਪਨਾ ’ਤੇ ਚਰਚਾ ਕੀਤੀ।

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਜੀ ਨੇ ਨਾ ਕੇਵਲ ਧਾਰਮਿਕ, ਸਗੋਂ ਸਮਾਜਕ, ਆਰਥਿਕ, ਮਨੋਵਿਗਿਆਨਕ, ਸਭਿਆਚਾਰਕ ਅਤੇ ਰਾਜਨੀਤਿਕ ਜਗਰੂਕਤਾ ਦੇ ਰਸਤੇ ਖੋਲ੍ਹੇ। ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦੀ ਸਥਾਪਨਾ ਕਰਕੇ ਸਿੱਖ ਸਭਿਆਚਾਰ, ਸਿਖਿਆ, ਆਧਿਆਤਮਿਕਤਾ ਅਤੇ ਸਵੈ-ਰੱਖਿਆ ਦਾ ਕੇਂਦਰ ਖੜ੍ਹਾ ਕੀਤਾ। ਗੁਰੂ ਨਾਨਕ ਦੇਵ ਜੀ ਤੋਂ ਬਾਦ ਗੁਰੂ ਤੇਗ ਬਹਾਦੁਰ ਜੀ ਦੂਰ-ਦਰਾਜ ਖੇਤਰਾਂ ਵਿੱਚ ਜਾ ਕੇ ਚੇਤਨਾ, ਨੈਤਿਕਤਾ ਅਤੇ ਮਨੁਖਤਾ ਦੇ ਸੰਦੇਸ਼ ਫੈਲਾਏ। ਪਾਣੀ ਦੀ ਕਮੀ ਨਾਲ ਜੂਝ ਰਹੇ ਖੇਤਰਾਂ ਵਿੱਚ ਖੂਹ ਖੁਦਵਾਏ ਅਤੇ ਲੋਕਾਂ ਨੂੰ ਅਧਾਰਭੂਤ ਸਹੂਲਤਾਂ ਨਾਲ ਜੋੜਿਆ। ਸਮਾਜ ਨੂੰ ਅੱਤਿਆਚਾਰ, ਡਰ ਅਤੇ ਅਸੁਰੱਖਿਆ ਤੋਂ ਬਚਾਉਣ ਲਈ ਸਵੈ-ਸੁਰੱਖਿਆ ਦੇ ਤਰੀਕੇ ਸਿਖਾਏ ਅਤੇ ਮਨੁੱਖ ਨੂੰ ਨਿਰਭੌ ਬਣਨ ਲਈ ਪ੍ਰੇਰਿਤ ਕੀਤਾ।

ਸਰਕਾਰੀ ਬਿਕਰਮ ਕਾਲਜ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ

ਸਮਾਜ ਵਿਚ ਪੈਲੀ ਸਭਿਆਚਾਰਕ ਹੀਣਤਾ, ਗ਼ੁਲਾਮੀ ਦੀ ਸੋਚ ਅਤੇ ਅਵਿਦਿਆ ਨੂੰ ਖਤਮ ਕਰਕੇ ਖੁਦ ਤੇ ਵਿਸ਼ਵਾਸ, ਸ਼ਬਦ ਦਾ ਮਹੱਤਵ, ਵੈਰਾਗ, ਜੀਵਨ ਮੁਕਤੀ ਅਤੇ ਸਮੇਂ ਦੀ ਕੀਮਤ ਨੂੰ ਸਮਝਾਇਆ। ਗੁਰੂ ਜੀ ਨੇ ਜ਼ੋਰ ਦਿੱਤਾ ਕਿ ਸ਼ਬਦ ਤਰੈਕਾਲੀ ਹੈ, ਉਸ ਰਾਹੀਂ ਹੀ ਨਾਮ ਦੀ ਰਸਨਾ ਅਤੇ ਆਤਮਕ ਚੇਤਨਾ ਦੀ ਪ੍ਰਾਪਤੀ ਸੰਭਵ ਹੈ। ਗੁਰੂ ਜੀ ਦੀ ਸਿੱਖਿਆ ਨੇ ਸਮਾਜ ਵਿਚ ਭਵਿੱਖ ਦੇ ਖਾਲਸਾ ਪੰਥ ਲਈ ਮਨੋਵਿਗਿਆਨਕ ਅਤੇ ਆਧਿਆਤਮਿਕ ਨੀਂਹ ਰੱਖੀ।

ਇਸ ਵਿਸ਼ੇਸ਼ ਭਾਸ਼ਣ ਦੇ ਕਨਵੀਨਰ ਡਾ. ਪਰਮਜੀਤ ਸਿੰਘ ਨੇ ਸਮਾਰੋਹ ਵਿੱਚ ਮੌਜੂਦ ਪ੍ਰਿੰਸੀਪਲ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।