5 ਬਰਸਾਤੀ ਦਰਿਆਵਾਂ ‘ਤੇ ਜਲਦ ਹੀ ਪੁਲ ਬਣਨਗੇ, ਨਾਬਾਰਡ ਨੇ 11.22 ਕਰੋੜ ਰੁਪਏ ਦੇ ਫੰਡ ਨੂੰ ਮਨਜ਼ੂਰੀ ਦਿੱਤੀ
ਬਹਾਦਰਜੀਤ ਸਿੰਘ /ਮੋਹਾਲੀ, 3 ਸਤੰਬਰ,2022
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਯਤਨਾਂ ਸਦਕਾ ਪਟਿਆਲਾ ਦੀ ਰਾਓਂ ‘ਤੇ 5 ਪੁਲਾਂ ਦੀ ਉਸਾਰੀ ਲਈ ਕੇਂਦਰ ਸਰਕਾਰ ਤੋਂ ਨਾਬਾਰਡ ਰਾਹੀਂ ਕਰੀਬ 11.22 ਕਰੋੜ ਰੁਪਏ ਦਾ ਫੰਡ ਮਨਜ਼ੂਰ ਹੋਇਆ ਹੈ, ਜਿਸ ਨਾਲ ਬਰਸਾਤੀ ਨਦੀਆਂ ਤੇ ਜਲਦੀ ਹੀ ਬ੍ਰਿਜਾਂ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਚੰਡੀਗੜ੍ਹ ਤੋਂ 5 ਕਿਲੋਮੀਟਰ ਦੂਰ ਖਰੜ ਵਿਧਾਨ ਸਭਾ ਹਲਕੇ ਦੇ ਲੋਕ ਬਰਸਾਤ ਦੇ ਮੌਸਮ ਵਿੱਚ ਬਾਕੀ ਦੁਨੀਆਂ ਨਾਲੋਂ ਕੱਟੇ ਜਾਂਦੇ ਹਨ। ਇਨ੍ਹਾਂ ਪੁਲਾਂ ਦੇ ਨਿਰਮਾਣ ਲਈ ਨਾਬਾਰਡ ਵੱਲੋਂ ਕਰੀਬ 11.22 ਕਰੋੜ ਰੁਪਏ ਦਾ ਫੰਡ ਮਨਜ਼ੂਰ ਹੋਣ ਤੋਂ ਬਾਅਦ ਉਮੀਦ ਹੈ ਕਿ ਇਨ੍ਹਾਂ ਪੁਲਾਂ ਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਸ ਕਾਰਨ ਜਿੱਥੇ ਬਰਸਾਤ ਦੇ ਦਿਨਾਂ ਵਿੱਚ ਲੋਕ ਆਸਾਨੀ ਨਾਲ ਆ-ਜਾ ਸਕਣਗੇ ਅਤੇ ਇਲਾਕੇ ਦਾ ਵਿਕਾਸ ਹੋਵੇਗਾ।

ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਇਨ੍ਹਾਂ 5 ਬਰਸਾਤੀ ਨਦੀਆਂ ‘ਤੇ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਬਦਕਿਸਮਤੀ ਨਾਲ ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਟਾਂਡੀ ਦੀ ਇੱਕ ਮਹਿਲਾ ਪੰਚ ਅਤੇ ਉਹਨਾਂ ਦੇ ਪਤੀ ਇਨ੍ਹਾਂ ਬਰਸਾਤੀ ਨਦੀਆਂ ਦਾ ਸ਼ਿਕਾਰ ਹੋ ਗਏ ਸਨ। ਜਿਨ੍ਹਾਂ ਦੇ ਘਰ ਸੋਗ ਪ੍ਰਗਟ ਕਰਨ ਲਈ ਸਾਂਸਦ ਤਿਵਾੜੀ ਨੂੰ ਬਰਸਾਤੀ ਦਰਿਆਵਾਂ ਵਿੱਚੋਂ ਲੰਘਣਾ ਪਿਆ ਸੀ।
