ਦੋ ਰੋਜ਼ਾ ਵਿਰਾਸਤੀ ਖੇਡਾਂ ਦੀ ਚਰਨ ਗੰਗਾ ਸਟੇਡੀਅਮ ਵਿੱਚ ਹੋਈ ਸੁਰੂਆਤ; ਜੰਗਜੂ, ਸੋਟੀ ਫਰੀ, ਗੱਤਕਾ, ਟੈਂਟ ਪੈਗਿੰਗ, ਕਿੱਲਾ ਪੁੱਟਣਾ ਦੇ ਮੁਕਾਬਲੇ ਕਰਵਾਏ ਜਾਣਗੇ
ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ 11 ਮਾਰਚ ,2025
ਪੰਜਾਬ ਸਰਕਾਰ ਵੱਲੋਂ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਵਿਚ ਦੋ ਰੋਜ਼ਾ ਵਿਰਾਸਤੀ ਖੇਡਾਂ ਦੀ ਸੁਰੂਆਤ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਨੇ ਮਿਸਾਲ ਜਗਾ ਕੇ ਕੀਤੀ। ਵਿਰਾਸਤੀ ਖੇਡਾਂ ਦਾ ਆਗਾਜ਼ ਸੱਭਿਆਚਾਰਕ ਪੇਸ਼ਕਾਰੀਆਂ, ਲੁੱਡੀ ਅਤੇ ਭੰਗੜਾ ਨਾਲ ਹੋਇਆ ਸ਼ਾਨਦਾਰ ਆਗਾਜ਼।
ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਰੂਪਨਗਰ ਨੇ ਇਸ ਮੌਕੇ ਨੋਜਵਾਨਾਂ ਨੂੰ ਅਨੁਸਾਸ਼ਨ ਦੀ ਭਾਵਨਾਂ ਵਿੱਚ ਰਹਿ ਕੇ ਇਨ੍ਹਾਂ ਖੇਡਾਂ ਵਿਚ ਪ੍ਰਦਰਸ਼ਣ ਕਰਨ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਇਹ ਦੋ ਰੋਜ਼ਾ ਖੇਡ ਮੁਕਾਬਲੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿਚ ਕਰਵਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਜੰਗਜੂ, ਸੋਟੀ ਫਰੀ, ਗੱਤਕਾ, ਟੈਂਟ ਪੈਗਿੰਗ, ਕਿੱਲਾ ਪੁੱਟਣਾ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਸਟੇਡੀਅਮ ਵਿੱਚ ਨੋਜਵਾਨ ਖਿਡਾਰੀਆਂ ਦਾ ਉਤਸ਼ਾਹ ਦੇਖਣ ਯੋਗ ਹੈ ਤੇ ਅਸੀ ਇਨ੍ਹਾਂ ਵਿਰਾਸਤੀ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਾਂਗੇ। ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਨੂੰ ਹੋਰ ਵੱਧ ਚੜ੍ਹ ਕੇ ਇਨ੍ਹਾਂ ਵਿਰਾਸਤੀ ਖੇਡਾਂ ਵਿੱਚ ਭਾਗ ਲੈਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਸਤਾਰ ਬੰਦੀ ਮੁਕਾਬਲਿਆਂ ਵਿੱਚ ਲੜਕਿਆਂ ਤੇ ਲੜਕੀਆਂ ਵੱਲੋਂ ਭਰਪੂਰ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਇਸ ਸਮਾਰੋਹ ਦੌਰਾਨ ਨਿਰਪੱਖ ਤੇ ਅਨੁਸ਼ਾਸਨ ਵਿਚ ਰਹਿ ਕੇ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਦੀ ਸਹੁੰ ਚੁਕਾਈ ਗਈ। ਭੰਗੜਾ ਕੋਚ ਦੀਦਾਰ ਸਿੰਘ ਵੱਲੋਂ ਆਪਣੀਆਂ ਵੱਖ ਵੱਖ ਟੀਮਾ ਨਾਲ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਵਿਰਾਸਤੀ ਖੇਡਾਂ ਵਿੱਚ ਰਣਜੀਤ ਸਿੰਘ ਦੇ ਜਥੇ ਵੱਲੋਂ ਢਾਡੀ ਵਾਰਾ ਤੇ ਕਵੀਸ਼ਰੀ ਪੇਸ਼ ਕੀਤੀ ਗਈ। ਵਿਰਾਸਤੀ ਖੇਡਾਂ ਦੌਰਾਨ ਖਿਡਾਰੀਆਂ ਨੇ ਗੱਤਕੇ ਦੇ ਜੋਹਰ ਦਿਖਾਏ ਅਤੇ ਕਿੱਲਾ ਪੁੱਟ ਕੇ ਆਪਣੀ ਕਲਾਂ ਦੇ ਜੋਹਰ ਦਿਖਾਏ। ਮੰਚ ਸੰਚਾਲਨ ਗੁਰਮਿੰਦਰ ਸਿੰਘ ਭੁੱਲਰ ਐਂਕਰ ਦੂਰਦਰਸ਼ਨ ਤੇ ਰਣਜੀਤ ਸਿੰਘ ਐਨ.ਸੀ.ਸੀ ਅਫਸਰ ਵੱਲੋਂ ਕੀਤਾ ਗਿਆ।
ਇਨ੍ਹਾਂ ਵਿਰਾਸਤੀ ਖੇਡਾਂ ਦੀ ਤਿਆਰੀ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰ ਜਯੋਤੀ, ਮੇਲਾ ਅਫਸਰ ਜਸਪ੍ਰੀਤ ਸਿੰਘ, ਐਸਡੀਐਮ ਮੋਰਿੰਡਾ ਸੁਖਪਾਲ ਸਿੰਘ, ਨੈਸ਼ਨਲ ਗੱਤਕਾ ਟੀਮ ਦੇ ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਜੁਆਇੰਟ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ, ਮਨਜੀਤ ਕੌਰ, ਸਰਬਜੀਤ ਕੌਰ, ਐਕਸੀਅਨ ਹਰਜੀਤਪਾਲ ਸਿੰਘ, ਜਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਧਨਵੰਤ ਸਿੰਘ ਰੰਧਾਵਾ, ਬੀਡੀਪੀਓ ਇਸ਼ਾਨ ਚੋਧਰੀ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।