ਪ੍ਰਾਈਵੇਟ ਸਕੂਲਾਂ ਦੀ ਫੈਡਰੇਸ਼ਨ ਨੇ ਡੰਮ੍ਹੀ ਦਾਖ਼ਲਿਆਂ ਵਿਰੁੱਧ ਵਿੱਢੀ ਮੁਹਿੰਮ

86

ਪ੍ਰਾਈਵੇਟ ਸਕੂਲਾਂ ਦੀ  ਫੈਡਰੇਸ਼ਨ ਨੇ ਡੰਮ੍ਹੀ ਦਾਖ਼ਲਿਆਂ ਵਿਰੁੱਧ ਵਿੱਢੀ ਮੁਹਿੰਮ

ਬਹਾਦਰਜੀਤ ਸਿੰਘ /ਰੂਪਨਗਰ ,7 ਅਪ੍ਰੈਲ,2025

ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਸੂਬੇ ਦੇ ਸਮੂਹ ਸਕੂਲਾਂ ਦੀ ਨੁਮਾਇੰਦਗੀ ਕਰਦੀ ਹੈ। ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਫੈਡਰੇਸ਼ਨ ਸਿੱਖਿਆ ਦੇ ਮਿਆਰ ਨੂੰ ਲੈ ਕੇ ਬਹੁਤ ਸੁਹਿਰਦ ਹੈ। ਪੰਜਾਬੀ ਭਾਸ਼ਾ ਨੂੰ ਮੁੱਢ ਤੋਂ ਲਾਗੂ ਕਰਨ ਤੋਂ ਲੈ ਕੇ ਵੱਖ ਵੱਖ ਸਿੱਖਿਆ ਸਬੰਧੀ ਨੀਤੀਆਂ ਦਾ ਫੈਡਰੇਸ਼ਨ ਵੱਲੋਂ ਹਮੇਸ਼ਾ ਸਵਾਗਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਸਕੂਲਾਂ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਡੰਮ੍ਹੀ ਦਾਖ਼ਲਿਆਂ ਦਾ ਰੁਝਾਨ ਵਧਿਆ ਹੈ। ਪਿਛਲੇ ਸਾਲ ਸੀ.ਬੀ.ਐੱਸ.ਈ. ਵੱਲੋਂ ਪੂਰੇ ਦੇਸ਼ ਵਿੱਚ ਚੈਕਿੰਗ ਕਰਕੇ ਅਜਿਹੇ ਸਕੂਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਵਾਰ ਸੀ.ਬੀ.ਐੱਸ.ਈ. ਵੱਲੋਂ ਹੁਕਮ ਜਾਰੀ ਹੋਏ ਹਨ ਕਿ ਜੇਕਰ ਕੋਈ ਅਜਿਹਾ ਵਿਦਿਆਰਥੀ ਪਾਇਆ ਗਿਆ ਤਾਂ ਉਸ ਨੂੰ ਪੇਪਰਾਂ ਵਿੱਚ ਰੈਗੂਲਰ ਤੌਰ ਤੇ ਬੈਠਣ ਦੀ ਆਗਿਆ ਨਹੀਂ ਹੋਵੇਗੀ ਅਤੇ ਸਕੂਲ ਉੱਪਰ ਵੀ ਕਾਰਵਾਈ ਹੋਵੇਗੀ।

ਫੈਡਰੇਸ਼ਨ ਵੱਲੋਂ ਕਰਵਾਈ ਇੱਕ ਪੋਲਿੰਗ ਦੌਰਾਨ 97 ਪ੍ਰਤੀਸ਼ਤ ਸਕੂਲ ਇਸ ਹੱਕ ਵਿੱਚ ਹਨ ਕਿ ਇਹਨਾਂ ਡੰਮ੍ਹੀ ਦਾਖ਼ਲਿਆਂ ਉੱਪਰ ਮੁਕੰਮਲ ਤੌਰ ਤੇ ਰੋਕ ਲੱਗਣੀ ਚਾਹੀਦੀ ਹੈ। ਸੀ.ਬੀ.ਐੱਸ.ਈ. ਬੋਰਡ ਅਤੇ ਫੈਡਰੇਸ਼ਨ ਦੇ ਇਸ ਰੁਖ਼ ਤੋਂ ਉਪਰੰਤ ਪੰਜਾਬ ਸਰਕਾਰ ਵੀ ਇਸ ਪ੍ਰਤੀ ਗੰਭੀਰ ਹੋਈ ਹੈ। ਪਿਛਲੇ ਦਿਨੀਂ ਜ਼ਿਲਿਆਂ ਦੇ ਮਾਣਯੋਗ ਡਿਪਟੀ ਕਮਿਸ਼ਨਰਾਂ ਨੇ ਵੀ ਸਕੂਲ ਪ੍ਰਬੰਧਕਾਂ ਨਾਲ ਮੀਟਿੰਗਾਂ ਕਰਕੇ ਇਸ ਉੱਪਰ ਮੁਕੰਮਲ ਰੋਕ ਲਗਾਉਣ ਲਈ ਕਹਿ ਦਿੱਤਾ ਹੈ। ਪਿਛਲੇ ਦਿਨਾਂ ਦਾ ਇਹ ਰੁਝਾਨ ਦੇਖਣ ਉਪਰੰਤ ਸੁਣਨ ਵਿੱਚ ਆਇਆ ਹੈ ਕਿ ਡੰਮ੍ਹੀ ਦਾਖ਼ਲਿਆਂ ਨੇ ਸਰਕਾਰੀ ਸਕੂਲਾਂ ਦਾ ਰੁਖ਼ ਕਰ ਲਿਆ ਹੈ।

ਪ੍ਰਾਈਵੇਟ ਸਕੂਲਾਂ ਦੀ  ਫੈਡਰੇਸ਼ਨ ਨੇ ਡੰਮ੍ਹੀ ਦਾਖ਼ਲਿਆਂ ਵਿਰੁੱਧ ਵਿੱਢੀ ਮੁਹਿੰਮ

ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਤੀਨਿਧ ਸੁਖਜਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੀ ਨਿਗਰਾਨ ਟੀਮ ਦਾ ਗਠਨ ਹੋ ਗਿਆ ਹੈ ਜੋ ਕਿ ਇੱਕ ਇੱਕ ਵਿਦਿਆਰਥੀ ਅਤੇ ਸਕੂਲ ਦੀ ਚੁਣ ਕੇ ਪਹਿਚਾਣ ਕਰੇਗੀ ਅਤੇ ਆਪਣੀ ਰਿਪੋਰਟ ਫੈਡਰੇਸ਼ਨ ਨੂੰ ਜਮਾਂ ਕਰਵਾਏਗੀ। ਫੈਡਰੇਸ਼ਨ ਸੀ.ਬੀ.ਐੱਸ.ਈ. ਅਤੇ ਸਰਕਾਰ ਦੇ ਤਾਲਮੇਲ ਨਾਲ ਸਬੰਧਿਤ ਸਕੂਲਾਂ ਉੱਪਰ ਸਖ਼ਤ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਚੁੱਕੇਗੀ। ਡਾ. ਜਗਜੀਤ ਸਿੰਘ ਧੂਰੀ ਦਾ ਕਹਿਣਾ ਹੈ ਕਿ ਨਾਨ—ਅਟੈਂਡਿੰਗ ਦਾਖ਼ਲਿਆਂ ਨੇ ਪਹਿਲਾਂ ਪੰਜਾਬ ਦੇ ਟੈਕਨੀਕਲ ਕਾਲਜ ਖ਼ਤਮ ਕਰ ਦਿੱਤੇ ਹਨ ਅਤੇ ਹੁਣ ਇਹ ਬਿਮਾਰੀ ਸਕੂਲਾਂ ਵਿੱਚ ਆ ਵੜੀ ਹੈ। ਫੈਡਰੇਸ਼ਨ ਇਸ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ।