ਨਿਹੱਥੇ ਬੇਰੁਜ਼ਗਾਰ ਅਧਿਆਪਕਾਂ ’ਤੇ ਕੀਤਾ ਪੁਲਸ ਹਮਲਾ ਬਰਦਾਸ਼ਤ ਨਹੀ ਕੀਤਾ ਜਾਵੇਗਾ-ਰਾਣਾ ਕੇ.ਪੀ.
ਬਹਾਦਰਜੀਤ ਿਸੰਘ/ਰੂਪਨਗਰ, 21 ਅਪ੍ਰੈਲ ,2025
ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਣਾ ਕੇ. ਪੀ. ਸਿੰਘ ਨੇ ਕੱਲ੍ਹ ਪਿੰਡ ਗੰਭੀਰਪੁਰ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਨੇੜੇ ਬੇਰੁਜਗਾਰ ਅਧਿਆਪਕਾਂ ’ਤੇ ਹੋਏ ਕਥਿਤ ਤਸ਼ੱਦਦ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਪੁਲਸ ਵਲੋਂ ਸ਼ਾਂਤਮਈ ਢੰਗ ਨਾਲ ਰੋਸ ਧਰਨੇ ’ਤੇ ਬੈਠੇ ਨਿਹੱਥੇ ਅਧਿਆਪਕਾਂ ਉੱਤੇ ਕੀਤਾ ਗਿਆ ਹਮਲਾ ਬਰਦਾਸ਼ਤ ਨਹੀ ਕੀਤਾ ਜਾਵੇਗਾ ।
ਅੱਜ ਰੂਪਨਗਰ ਪ੍ਰੈਸ ਕਲੱਬ ਵਿਖੇ ਆਪਣੇ ਸਾਥੀਆਂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਣਾ ਕੇ. ਪੀ. ਨੇ ਕਿਹਾ ਕਿ ਬੇਰੁਜਗਾਰ ਅਧਿਆਪਕ ਬਹੁਤ ਹੀ ਸ਼ਾਂਤਮਈ ਢੰਗ ਨਾਲ ਗੰਭੀਰਪੁਰ ਵਿਖੇ ਆਪਣੀਆਂ ਮੰਗਾਂ ਦੇ ਹੱਕ ’ਚ ਰੋਸ ਧਰਨਾ ਦੇ ਰਹੇ ਸਨ ਪਰ ਅਚਾਨਕ ਹੀ ਭਾਰੀ ਪੁਲਸ ਫੋਰਸ ਨੇ ਜਰੂਰਤ ਨਾਲੋ ਵੱਧ ਫੋਰਸ ਵਰਤ ਕੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਕਈ ਅਧਿਆਪਕ ਜਖਮੀਂ ਹੋ ਗਏ ਇਥੇ ਹੀ ਬੱਸ ਨਹੀ ਇੱਕ ਪੁਲਸ ਮੁਲਾਜਮ ਨੇ ਇੱਕ ਅਧਿਆਪਕ ਦੇ ਛਾਤੀ ’ਤੇ ਚੜ੍ਹ ਕੇ ਆਪਣੇ ਦੋਵੇਂ ਗੋਡੇ ਲਗਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਇਸ ਸਬੰਧ ’ਚ ਮੌਕੇ ਤੇ ਰਿਕਾਰਡ ਹੋਈ ਅਸਲ ਵੀਡੀਓ ਪੱਤਰਕਾਰਾਂ ਸਾਹਮਣੇ ਪੇਸ਼ ਕੀਤੀ ਅਤੇ ਕਿਹਾ ਕਿ ਅਧਿਆਪਕਾਂ ਉੱਤੇ ਅਜਿਹਾ ਹਮਲਾ ਬਹੁਤ ਹੀ ਸ਼ਰਮਨਾਕ ਹੈ ਇਨ੍ਹਾਂ ਅਧਿਆਪਕਾਂ ਨੇ ਦੇਸ਼ ਦੀ ਅਗਲੀ ਪੀੜ੍ਹੀ ਨੂੰ ਲੋਕਤੰਤਰ ਬਾਰੇ ਸਿਖਾਉਣਾ ਅਤੇ ਪੜ੍ਹਾਉਣਾ ਹੈ ਅਤੇ ਇਨ੍ਹਾਂ ਅਧਿਆਪਕਾਂ ਉੱਤੇ ਪੁਲਸ ਤਸ਼ੱਦਦ ਦਾ ਬਹੁਤ ਹੀ ਮਾਨਸਿਕ ਭੈੜਾ ਅਸਰ ਪਵੇਗਾ। ਜੋ ਅੱਗੇ ਵਿਦਿਆਰਥੀਆਂ ਪਾਸ ਪਹੁੰਚੇਗਾ ਅਤੇ ਉਹ ਆਪ ਬੀਤੀ ਵਿਦਿਆਰਥੀਆਂ ਨੂੰ ਦੱਸਣਗੇ ਅਤੇ ਲੋਕਾਂ ਦੇ ਮਨ ’ਚ ਪੁਲਸ ਦਾ ਅਕਸ਼ ਪਹਿਲਾਂ ਨਾਲੋਂ ਵੀ ਮਾੜਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਧਰਨਾ ਸਿੱਖਿਆ ਮੰਤਰੀ ਹਰਜੋਤ ਿਸੰਘ ਬੈਂਸ ਦੀ ਰਿਹਾਇਸ਼ ’ਤੋਂ ਲੱਗਭਗ ਡੇਢ ਕਿੱਲੋਮੀਟਰ ਦੂਰ ਲੱਗਾ ਹੋਇਆ ਸੀ ਅਤੇ ਅਧਿਆਪਕ ਸਾਂਤੀ ਪੂਰਬਕ ਢੰਗ ਨਾਲ ਸੜਕ ਲਾਗੇ ਬੈਠੇ ਸਨ।ਅਤੇ ਉਹ ਕੋਈ ਅਜਿਹੀ ਕਾਰਵਾਈ ਨਹੀ ਕਰ ਰਹੇ ਸਨ ਜਿਸ ਨਾਲ ਪੁਲਸ ਨੂੰ ਇਹ ਕਾਰਵਾਈ ਕਰਨੀ ਪੈਂਦੀ । ਪੁਲਸ ਨੂੰ ਘੱਟੋ ਘੱਟ ਇਹ ਸੋਚਣਾ ਚਾਹੀਦਾ ਹੈ ਕਿ ਇਹ ਵਰਗ ਅਧਿਆਪਕ ਵਰਗ ਹੈ ਅਤੇ ਬਹੁਤ ਹੀ ਪੜ੍ਹੇ ਲਿਖੇ ਹਨ । ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਦਾ ਆਮ ਲੋਕਾਂ ਦਾ ਮਾੜਾ ਅਸਰ ਪੈਂਦਾ ਹੈ। ਪੁਲਸ ਅਤੇ ਸਰਕਾਰ ਦਾ ਅਕਸ਼ ਹੋਰ ਵੀ ਮਾੜਾ ਹੋ ਜਾਂਦਾ ਹੈ। ਰਾਣਾ ਕੇ. ਪੀ. ਨੇ ਕਿਹਾ ਕਿ ਪੁਲਸ ਦੇ ਇਸ ਤਸ਼ੱਦਦ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਇੱਕ ਹੋਰ ਮਾਮਲੇ ’ਚ ਪੁਲਸ ਦੀ ਜ਼ੋਰਦਾਰ ਸ਼ਬਦਾਂ ’ਚ ਨਿੰਦਾ ਕੀਤੀ ਅਤੇ ਕਿਹਾ ਕਿ ਪੁਲਸ ਨੇ ਇੱਕ ਸਾਜਿਸ਼ ਅਧੀਨ ਕਾਂਗਰਸ ਪਾਰਟੀ ਦੇ ਜਿਲਾ ਸੋਸ਼ਲ ਮੀਡੀਆ ਇੰਚਾਰਜ ਕਾਬਲ ਸਿੰਘ ’ਤੇ ਗਲਤ ਪਰਚਾ, ਐਫ.ਆਈ.ਆਰ ਦਰਜ ਕੀਤੀ ਹੈ ਕਿਉਕਿ ਉਨ੍ਹਾਂ ’ਤੇ ਦੋਸ਼ ਹੈ ਕਿ ਕਾਬਲ ਸਿੰਘ ਨੇ ਇੱਕ ਇਤਰਾਜਯੋਗ ਪੋਸਟ ਨੂੰ ਅੱਗੇ ਸ਼ੇਅਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਉਹ ਉਸ ਵਿਅਕਤੀ ’ਤੇ ਕਰੇ ਜਿਸਨੇ ਸਭ ਤੋਂ ਪਹਿਲਾਂ ਇਸ ਪੋਸਟ ਨੂੰ ਆਪ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕਾਬਲ ਸਿੰਘ ਤੋ ਇਲਾਵਾ ਬਹੁਤ ਸਾਰੇ ਲੋਕਾਂ ਨੇ ਇਸ ਪੋਸਟ ਨੂੰ ਅੱਗੇ ਸ਼ੇਅਰ ਕੀਤਾ ਹੈ ਕਿ ਪੁਲਸ ਇਨ੍ਹਾਂ ਸਾਰੇ ਵਿਅਕਤੀਆਂ ਵਿਰੁੱਧ ਕਾਰਵਾਈ ਕਰੇਗੀ ਜਾਂ ਕੇਵਲ ਕਾਬਲ ਸਿੰਘ ਉੱਤੇ ਹੀ ਕਾਰਵਾਈ ਹੋਵੇਗੀ। ਉਨ੍ਹਾਂ ਜਿਲਾ ਪੁਲਸ ਨੂੰ ਕਿਹਾ ਕਿ ਉਹ ਇਸ ਐਫ.ਆਈ.ਆਰ. ਦੀ ਜਾਂਚ ਕਰੇ ਅਤੇ ਕਾਬਲ ਸਿੰਘ ਵਿਰੁੱਧ ਕੇਸ ਵਾਪਿਸ ਲਿਆ ਜਾਵੇ ਵਰਨਾ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਲੈ ਕੇ ਅੰਦੋਲਨ ਕਰੇਗੀ ਜਿਸਦੀ ਜਿੰਮੇਵਾਰੀ ਪੰਜਾਬ ਪੁਲਸ ਦੀ ਹੋਵੇਗੀ। ਇਸ ਮੌਕੇ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਖਵਿੰਦਰ ਸਿੰਘ ਵਿਸਕੀ, ਅਮਰਜੀਤ ਸਿੰਘ ਭੁੱਲਰ, ਕੌਂਸਲਰ ਪੋਮੀ ਸੋਨੀ, ਅਮਰਜੀਤ ਸਿੰਘ ਸੈਣੀ, ਰਾਜੇਸ਼ਵਰ ਲਾਲੀ ਮਜੂਦ ਸਨ।