ਅੰਗ ਦਾਨ ਜਾਗਰੂਕਤਾ ਵਾਕਾਥੌਨ” ਮਾਲੇਰਕੋਟਲਾ ਵਿਖੇ 29 ਮਈ ਨੂੰ; ਲੋਕਾਂ ਨੂੰ ਅਪੀਲ ਕੀਤੀ ਕਿ ਵਧ ਚੜ੍ਹ ਕੇ ਵਾਕਾਥੌਨ ਵਿੱਚ ਭਾਗ ਲੈਣ ਅਤੇ ਅੰਗ ਦਾਨ ਲਈ ਆਗੇ ਆਉਣ
ਮਾਲੇਰਕੋਟਲਾ,27 ਮਈ,2025:
ਅੰਗ ਦਾਨ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਅਤੇ ਇਸ ਪਵਿੱਤਰ ਕੰਮ ਲਈ ਸਮਾਜ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ, 29 ਮਈ 2025 ਨੂੰ ਮਾਲੇਰਕੋਟਲਾ ਵਿਖੇ “ਅੰਗ ਦਾਨ ਜਾਗਰੂਕਤਾ ਵਾਕਾਥੌਨ” ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਵਾਕਾਥੌਨ ਦੀ ਸ਼ੁਰੂਆਤ ਮਾਲੇਰਕੋਟਲਾ ਕਲੱਬ ਤੋਂ ਹੋਵੇਗੀ। ਇਸ ਗੱਲ ਦੀ ਜਾਣਕਾਰੀ ਇੰਡੀਅਨ ਮੈਡੀਕਲ ਐਸੋਸੀਏਸ਼ਨ(ਆਈ.ਐਮ.ਏ.) ਦੇ ਪ੍ਰਧਾਨ ਡਾ.ਸੰਜੀਵ ਗੋਇਲ ਨੇ ਵੱਖ ਵੱਖ ਐਨ.ਜੀ.ਓਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ । ਉਨ੍ਹਾਂ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.),ਜ਼ਿਲ੍ਹਾ ਬਾਰ ਐਸੋਸੀਏਸ਼ਨ,ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ, ਸੰਗਰੂਰ ਡਿਸਟ੍ਰਿਕਟ ਇੰਡਸ੍ਟ੍ਰਿਯਲ ਚੈਂਬਰਸ ਅਤੇ ਅਯਕਾਈ ਹਸਪਤਾਲ, ਲੁਧਿਆਣਾ ਦੇ ਸਹਿਯੋਗ ਨਾਲ “ਅੰਗ ਦਾਨ ਜਾਗਰੂਕਤਾ ਵਾਕਾਥੌਨ” ਦਾ ਆਯੋਜਨ ਕੀਤਾ ਜਾ ਰਿਹਾ ਹੈ ।
ਚੇਅਰਮੈਨ ਕਮ ਚੀਫ ਯੂਰੌਲੌਜਿਸਟ ਅਤੇ ਟਰਾਂਸਪਲਾਂਟ ਸਰਜਨ ਅਯਕਾਈ ਹਸਪਤਾਲ ਡਾ. ਬਲਦੇਵ ਸਿੰਘ ਔਲਖ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਕਾਥੌਨ ਦਾ ਮੁੱਖ ਉਦੇਸ਼ ਲੋਕਾਂ ਵਿੱਚ ਅੰਗ ਦਾਨ ਬਾਰੇ ਸਮਝ ਨੂੰ ਉਤਸ਼ਾਹਤ ਕਰਨਾ ਅਤੇ ਮ੍ਰਿਤਕ ਪਿੱਛੋਂ ਅੰਗ ਦਾਨ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅੰਗ ਦਾਨ ਨਾਲ ਅਨੇਕਾਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ, ਪਰ ਅਜੇ ਵੀ ਭਾਰਤ ਵਿਚ ਇਸ ਮਾਮਲੇ ’ਚ ਜਾਗਰੂਕਤਾ ਦੀ ਘਾਟ ਹੈ। ਡਾ. ਔਲਖ ਅਨੁਸਾਰ, ਅਜਿਹੀਆਂ ਵਾਕਾਥੌਨਾਂ ਰਾਹੀਂ ਸਮਾਜ ਵਿੱਚ ਇੱਕ ਸਕਾਰਾਤਮਕ ਸੁਨੇਹਾ ਪਹੁੰਚਦਾ ਹੈ। ਇਹ ਕੇਵਲ ਸਿਹਤ ਸੰਬੰਧੀ ਮੁੱਦਾ ਨਹੀਂ, ਸਗੋਂ ਇੱਕ ਨੈਤਿਕ ਜ਼ਿੰਮੇਵਾਰੀ ਹੈ, ਜਿਸਨੂੰ ਹਰ ਵਿਅਕਤੀ ਨੂੰ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਧ ਚੜ੍ਹ ਕੇ ਵਾਕਾਥੌਨ ਵਿੱਚ ਭਾਗ ਲੈਣ ਅਤੇ ਅੰਗ ਦਾਨ ਲਈ ਅੱਗੇ ਆਉਣ। ਆਯੋਜਕ ਟੀਮ ਵੱਲੋਂ ਇਹ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਸਾਰੇ ਭਾਗੀਦਾਰਾਂ ਦੀ ਸੁਰੱਖਿਆ ਅਤੇ ਸੁਵਿਧਾ ਦਾ ਪੂਰਾ ਧਿਆਨ ਰੱਖਿਆ ਜਾਵੇ।
ਪੈਟਰਨ ਤੇ ਸਾਬਕਾ ਪ੍ਰਧਾਨ ਆਈ.ਐਮ.ਏ ਡਾ.ਰਾਕੇਸ਼ ਅਰੋੜਾ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿਚ 29 ਮਈ ਨੂੰ ਸਵੇਰੇ ਮਾਲੇਰਕੋਟਲਾ ਕਲੱਬ ਪਹੁੰਚ ਕੇ ਇਸ ਜਾਗਰੂਕਤਾ ਵਾਕਾਥੌਨ ਦਾ ਹਿੱਸਾ ਬਣਨ ਅਤੇ ਅੰਗ ਦਾਨ ਦੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਪ੍ਰਧਾਨ ਸੰਗਰੂਰ/ਮਾਲੇਰਕੋਟਲਾ ਡਿਸਟ੍ਰਿਕਟ ਇੰਡਸ੍ਟ੍ਰਿਯਲ ਚੈਂਬਰ ਰਾਜੀਵ ਸੂਦ ਨੇ ਕਿਹਾ ਕਿ ਅਜਿਹੇ ਸਮਾਗਮ ਨਾ ਕੇਵਲ ਲੋਕਾਂ ਨੂੰ ਉਤਸ਼ਾਹਿਤ ਕਰਦੇ ਹਨ, ਸਗੋਂ ਸਮਾਜ ਵਿਚ ਇਕ ਨਵੀਂ ਸੋਚ ਨੂੰ ਜਨਮ ਦਿੰਦੇ ਹਨ। ਉਨ੍ਹਾਂ ਨੇ ਇਸ ਪਹਿਲ ਨੂੰ ਸਰਾਹਦੇ ਹੋਏ ਕਿਹਾ ਕਿ ਇਹ ਵਾਕਾਥੌਨ ਮਾਲੇਰਕੋਟਲਾ ਦੇ ਨਾਗਰਿਕਾਂ ਲਈ ਗੌਰਵ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਾਨਵਤਾ ਦੀ ਭਲਾਈ ਦੇ ਕੰਮਾਂ ਲਈ ਅੱਗੇ ਆਉਂਣਾ ਚਾਹੀਦਾ ਹੈ । ਉਨ੍ਹਾਂ ਭਰੋਸਾ ਦਵਾਇਆ ਕਿ ਇਸ ਵਾਕਾਥੌਨ ਵਿੱਚ ਮਾਲੇਰਕੋਟਲਾ ਦੀਆਂ ਉਦਯੋਗਿਕ ਇਕਾਕੀਆਂ ਬਣਦਾ ਪੂਰਾ ਸਾਥ ਦੇਣਗੀਆਂ ਅਤੇ ਇਸ ਵਾਕਾਥੌਨ ਦਾ ਹਿੱਸਾ ਵੀ ਬਣਨਗਈਆਂ ।
ਅੰਗ ਦਾਨ ਜਾਗਰੂਕਤਾ ਵਾਕਾਥੌਨ” ਮਾਲੇਰਕੋਟਲਾ ਵਿਖੇ 29 ਮਈ ਨੂੰ; ਲੋਕਾਂ ਨੂੰ ਅਪੀਲ ਕੀਤੀ ਕਿ ਵਧ ਚੜ੍ਹ ਕੇ ਵਾਕਾਥੌਨ ਵਿੱਚ ਭਾਗ ਲੈਣ ਅਤੇ ਅੰਗ ਦਾਨ ਲਈ ਆਗੇ ਆਉਣI ਇਸ ਮੌਕੇ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਐਡਵੋਕੇਟ ਅਰਵਿੰਦ ਸਿੰਘ ਮਾਵੀ,ਪ੍ਰਧਾਨ ਕੈਮਿਸਟ ਐਸੋਸੀਏਸ਼ਨ ਰਵਿੰਦਰ ਜੈਨ ਤੋਂ ਇਲਾਵਾ ਜ਼ਿਲ੍ਹੇ ਦੀਆਂ ਵੱਖ ਵੱਖ ਐਨ.ਜੀ.ਓਜ਼ ਦੇ ਨੁਮਾਇੰਦੇ ਮੌਜੂਦ ਸਨ ।
