ਪਿੰਡ ਰੈਲੋਂ ਕਲਾ ’ਚ “ਲੈਂਡ ਪੂਲਿੰਗ” ਨੀਤੀ ਦੇ ਖਿਲਾਫ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ

88

ਪਿੰਡ ਰੈਲੋਂ ਕਲਾ ’ਚ “ਲੈਂਡ ਪੂਲਿੰਗ” ਨੀਤੀ ਦੇ ਖਿਲਾਫ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ’ਚ  ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ

ਬਹਾਦਰਜੀਤ ਸਿੰਘ /ਰੂਪਨਗਰ, 1 ਅਗਸਤ 2025

ਆਮ ਆਦਮੀ ਪਾਰਟੀ ਸਰਕਾਰ ਦੀ ਵਿਵਾਦਿਤ “ਲੈਂਡ ਪੂਲਿੰਗ” ਨੀਤੀ ਦੇ ਵਿਰੋਧ ’ਚ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਪਿੰਡ ਰੈਲੋਂ ਕਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਇਲਾਕੇ ਦੇ ਸਰਪੰਚਾਂ, ਕਿਸਾਨਾਂ ਅਤੇ ਸਥਾਨਕ ਨਿਵਾਸੀਆਂ ਦੀ ਵੱਡੀ ਗਿਣਤੀ ਮੌਜੂਦ ਰਹੀ। ਇਸ ਮੌਕੇ ਲਾਲਪੁਰਾ ਵਲੋਂ ਕਿਸਾਨਾਂ, ਪਾਰਟੀ ਵਰਕਰਾਂ ਸਮੇਤ ਲੈਂਡ ਪੂਲਿੰਗ ਦੇ ਵਿਰੋਧ ‘ਚ ਰੋਸ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨ ਵਿਰੋਧੀ ਨੀਤੀ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।

ਲਾਲਪੁਰਾ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਯੋਜਨਾ ਬਣਾ ਰਹੀ ਹੈ, ਜੋ ਲੈਂਡ ਮਾਫੀਆ ਨੂੰ ਪ੍ਰੋਫੁੱਲਿਤ ਕਰਨ ਦੀ ਇੱਕ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਰ ਪਿੰਡ, ਹਰ ਖੇਤ ਤੱਕ ਜਾਵੇਗੀ ਤੇ ਇਸ ਜਨਵਿਰੋਧੀ ਨੀਤੀ ਦੇ ਖਿਲਾਫ਼ ਆਵਾਜ਼ ਉੱਚੀ ਕਰੇਗੀ। ਲਾਲਪੁਰਾ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਜ਼ਮੀਨ ਉਨ੍ਹਾਂ ਦੀ ਜ਼ਿੰਦਗੀ ਦੀ ਲਕੀਰ ਹੈ।

ਭਾਜਪਾ ਸਰਕਾਰ ਨੂੰ ਚਿਤਾਵਨੀ ਦਿੰਦੀ ਹੈ ਕਿ ਜੇਕਰ ਇਹ ਨੀਤੀ ਤੁਰੰਤ ਵਾਪਸ ਨਾ ਲਈ ਗਈ ਤਾਂ ਰਾਜ ਪੱਧਰ ’ਤੇ ਹੋਰ ਵੱਡਾ ਅੰਦੋਲਨ ਖੜਾ ਕੀਤਾ ਜਾਵੇਗਾ। ਲਾਲਪੁਰਾ ਨੇ ਕਿਹਾ ਕਿ ਬਹੁਤ ਹੀ ਹੈਰਾਨੀ ਦੀ ਗੱਲ ਹੈ ਹਲਕਾ ਵਿਧਾਇਕ ਇਸ ਨੀਤੀ ਪ੍ਰਤੀ ਅਜੇ ਵੀ ਆਪਣੀ ਸਪੱਸ਼ਟਤਾ ਨਹੀਂ ਪ੍ਰਗਟ ਕਰ ਸਕਿਆ। ਜਦੋਂ ਲੋਕ ਹੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਜ਼ਮੀਨ ਲੈਂਡ ਪੂਲਿੰਗ ਤਹਿਤ ਸਰਕਾਰ ਨੂੰ ਦਿੱਤੀ ਜਾਵੇ ਤਾਂ ਫੇਰ ਸਰਕਾਰੀ ਪੈਸੇ ਦੀ ਇਸ਼ਤਿਹਾਰਬਾਜ਼ੀ ਕਰਕੇ ਲੈਂਡ ਪੂਲਿੰਗ ਸਕੀਮ ਨੂੰ ਪ੍ਰਮੋਟ ਕਰਨ ਲਈ ਪੈਸਾ ਕਿਉਂ ਬਹਾਇਆ ਜਾ ਰਿਹਾ ਹੈ।

ਪਿੰਡ ਰੈਲੋਂ ਕਲਾ ’ਚ “ਲੈਂਡ ਪੂਲਿੰਗ” ਨੀਤੀ ਦੇ ਖਿਲਾਫ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਨੂੰ ਤਬਾਹ ਕੀਤਾ ਤੇ ਉੱਥੋਂ ਦੇ ਲੋਕਾਂ ਨੇ ਇਨ੍ਹਾਂ ਨੂੰ ਹਰਾ ਕੇ ਭਜਾ ਦਿੱਤਾ ਜਿਸ ਤੋਂ ਬਾਅਦ ਕੇਜਰੀਵਾਲ ਤੇ ਉਸ ਦਾ ਟੋਲਾ ਪੰਜਾਬ ਦੇ ਮੁੱਖ ਮੰਤਰੀ ਤੋਂ ਆਪਣੀ ਮਰਜ਼ੀ ਮੁਤਾਬਿਕ ਕੰਮ ਕਰਵਾ ਰਿਹਾ ਹੈ।

ਇਸ ਰੋਸ ਪ੍ਰਦਰਸ਼ਨ ਦੌਰਾਨ ਹਰਜੀਤ ਸਿੰਘ, ਜਗਦੀਸ਼ ਚੰਦਰ ਕਾਜ਼ਲਾ, ਰਕੇਸ਼ ਚੋਪੜਾ, ਹਿੰਮਤ ਸਿੰਘ ਗਿਰਨ, ਸੁਰਿੰਦਰ ਪਾਲ ਸੇਠੀ ਆਦਿ ਸਹਿਤ ਵੱਡੀ ਗਿਣਤੀ ਇਲਾਕਾ ਵਾਸੀ ਮੌਜੂਦ ਸਨ। ਭਾਜਪਾ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ’ਚ ਜ਼ਿਲ੍ਹਾ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਵਿਆਪਕ ਰੋਸ ਪ੍ਰਦਰਸ਼ਨ ਕਰਕੇ ਇਸ ਨੀਤੀ ਨੂੰ ਰੱਦ ਕਰਵਾਇਆ ਜਾਵੇਗਾ ਅਤੇ ਕਿਸਾਨਾਂ ਦੇ ਹੱਕ ਦੀ ਲੜਾਈ ਅਖੀਰ ਤੱਕ ਲੜੀ ਜਾਵੇਗੀ।