ਨੂਰਪੁਰ ਬੇਦੀ ‘ਚ ਕੇਲਿਆਂ ਦੀ ਕਾਲਾ ਬਜ਼ਾਰੀ ਜੋਰਾਂ ‘ਤੇ, ਸਿਆਸੀ ਸ਼ਹਿ ਨਾਲ਼ ਲੈ ਰਹੇ ਹਨ ਕਮਿਸ਼ਨ — ਸਾਬਕਾ ਵਿਧਾਇਕ ਸੰਦੋਆ, ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਬਹਾਦਰਜੀਤ ਸਿੰਘ/ਰੂਪਨਗਰ,5 ਅਗਸਤ,2025
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖਿਆ ਗਿਆ ਹੈ, ਜਿਸ ਵਿੱਚ ਕਿ ਉਨ੍ਹਾਂ ਵੱਲੋਂ ਨੂਰਪੁਰ ਬੇਦੀ ਖੇਤਰ ਵਿੱਚ ਕੇਲਿਆਂ ਉੱਤੇ ਲਏ ਜਾ ਰਹੇ ਕ ਿਥਤ ਨਜਾਇਜ਼ ਕਮਿਸ਼ਨ ਬਾਰੇ ਲਿਖਿਆ ਗਿਆ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਇੱਕ ਮਸਲਾ ਲਿਆਂਦਾ ਗਿਆ ਹੈ, ਜੋ ਕਿ ਬਹੁਤ ਹੀ ਹਾਸੋਹੀਣਾ, ਹੈਰਾਨੀਜਨਕ ਅਤੇ ਬਹੁਤ ਹੀ ਚਿੰਤਾ ਦਾ ਵਿਸ਼ਾ ਵੀ ਹੈ।
ਉਨ੍ਹਾਂ ਲਿਖਿਆ ਹੈ ਕਿ ਨੂਰਪੁਰ ਬੇਦੀ ਖੇਤਰ ‘ਚ ਪਿਛਲੇ ਲਗਭਗ ਸਾਢੇ ਤਿੰਨ ਸਾਲਾਂ ਤੋਂ ਕੇਲਿਆਂ ਨੂੰ ਵੇਚਣ ਉੱਤੇ ਅਜਿਹਾ ਨਜਾਇਜ਼ ਕਮਿਸ਼ਨ ਲਿਆ ਜਾ ਰਿਹਾ ਹੈ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ।
ਉਨ੍ਹਾਂ ਲਿਖਿਆ ਕਿ ਲੋਕਾਂ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ, ਕੁਝ ਵਿਅਕਤੀਆਂ ਵੱਲੋਂ ਸਿਆਸੀ ਸ਼ਹਿ ਹਾਸਲ ਕਰਕੇ ਹਰ ਇੱਕ ਕੇਲੇ ‘ਤੇ ਡੇਢ ਰੁਪਏ ਦਾ ਨਜਾਇਜ਼ ਕਮਿਸ਼ਨ ਵਸੂਲਿਆ ਜਾ ਰਿਹਾ ਹੈ। ਜਿਸ ਕਾਰਨ ਇੱਕ ਦਰਜਨ ਕੇਲਿਆਂ ਪਿੱਛੇ ਰੋਜਾਨਾ 18 ਰੁਪਏ ਕਮਿਸ਼ਨ ਵਸੂਲਿਆ ਜਾ ਰਿਹਾ ਹੈ।
ਇਸ ਕਾਰਨ ਨੂਰਪੁਰ ਬੇਦੀ, ਝੱਜ ਚੌਂਕ ਅਤੇ ਬੈਂਸਾਂ ਆਦਿ ਅੱਡਿਆਂ ਵਿੱਚ ਕੇਲੇ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਬੁੰਗਾ ਸਾਹਿਬ ਵਰਗੇ ਨਜ਼ਦੀਕੀ ਇਲਾਕਿਆਂ ਨਾਲੋਂ ਤਕਰੀਬਨ 20 ਰੁਪਏ ਮਹਿੰਗੇ ਵੇਚੇ ਜਾ ਰਹੇ ਹਨ।
ਉਨ੍ਹਾਂ ਲਿਖਿਆ ਹੈ ਕਿ ਮਿਲੀ ਜਾਣਕਾਰੀ ਅਨੁਸਾਰ ਨੂਰਪੁਰ ਬੇਦੀ ਅਤੇ ਇਸ ਦੇ ਨਾਲ਼ ਦੇ ਅੱਡਿਆਂ ਤੇ ਰੋਜ਼ਾਨਾ ਲਗਭਗ 24000 ਕੇਲੇ ਭਾਵ 2000 ਦਰਜਨ ਕੇਲੇ ਵਿਕਦੇ ਹਨ, ਜਿਸ ਉੱਤੇ ਨਜਾਇਜ਼ ਕਮਿਸ਼ਨ ਦੇ ਰੋਜ਼ਾਨਾ ਲਗਭਗ 40,000 ਰੁਪਏ ਬਣਦੇ ਹਨ ਅਤੇ ਗੱਲਬਾਤ ਵਿੱਚ ਛੋਟਾ ਦੇਖਣ ਵਾਲ਼ਾ ਇਹ ਘੋਟਾਲਾ ਸਾਢੇ ਤਿੰਨ ਸਾਲ ਦੇ ਅਰਸੇ ਵਿੱਚ ਲਗਭਗ ਪੰਜ ਕਰੋੜ ਅਤੇ ਚਾਰ ਲੱਖ ਰੁਪਏ ਦਾ ਬਣ ਚੁੱਕਿਆ ਹੈ।
ਉਨ੍ਹਾਂ ਲਿਖਿਆ ਹੈ ਕਿ ਕੇਲਾ ਹੀ ਇੱਕ ਅਜਿਹਾ ਫਲ ਹੈ, ਜੋ ਕਿ ਆਮ ਲੋਕਾਂ ਦੀ ਪਹੁੰਚ ਵਿੱਚ ਹੁੰਦਾ ਹੈ। ਲੋਕ ਆਪਣੇ ਰਿਸ਼ਤੇਦਾਰੀ ਵਿੱਚ ਜਾਂਦੇ ਹਨ ਜਾਂ ਧੀਆਂ ਆਪਣੇ ਮਾਪਿਆਂ ਜਾਂ ਸਹੁਰਿਆਂ ਨੂੰ ਜਾਂਦੀਆਂ ਹਨ ਤਾਂ ਰਿਸ਼ਤੇਦਾਰੀ ਵਿੱਚ ਜਾਣ ਲਈ ਇਹ ਫਲ ਹੀ ਲੋਕਾਂ ਦੀ ਪਹਿਲੀ ਪਸੰਦ ਹੁੰਦਾ ਹੈ। ਪ੍ਰੰਤੂ ਕੇਲਿਆਂ ਉੱਤੇ ਵੀ ਸਿਆਸੀ ਲੋਕਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਗੁੰਡਾ ਟੈਕਸ ਲਗਾ ਕੇ ਕੇਲਿਆਂ ਨੂੰ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ਼ ਹੀ ਉਨ੍ਹਾਂ ਲਿਖਿਆ ਹੈ ਕਿ ਇਸ ਸਭ ਵਿੱਚ ਮਾਰਕੀਟ ਕਮੇਟੀ ਦਾ ਇੱਕ ਸਾਬਕਾ ਅਹੁਦੇਦਾਰ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਇਸ ਦੇ ਨਾਲ਼ ਹੀ ਲਿਖਿਆ ਕਿ ਰਿਸ਼ਵਤਖੋਰੀ ਅਤੇ ਹਰਾਮ ਖਾਣ ਦਾ ਪੱਧਰ ਇਸ ਕਦਰ ਡਿੱਗ ਚੁੱਕਾ ਹੈ ਕਿ ਇਨ੍ਹਾਂ ਲੋਕਾਂ ਨੇ ਕੇਲਿਆਂ ਨੂੰ ਵੀ ਨਹੀਂ ਬਖਸ਼ਿਆ ਹੈ।
ਇਸ ਗੰਭੀਰ ਮਾਮਲੇ ਨੂੰ ਲੈ ਕੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਇਸ ਪੱਤਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਦੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ਼ ਹੀ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪੱਤਰ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਵਿਭਾਗ ਨੂੰ ਭੇਜ ਕੇ ਇਸ ਮਸਲੇ ਦੀ ਜਾਂਚ ਲਈ ਕਿਹਾ ਗਿਆ ਹੈ।
ਸਥਾਨਕ ਲੋਕਾਂ ਨੇ ਵੀ ਇਸ ਮਾਮਲੇ ‘ਤੇ ਨਾਰਾਜ਼ਗੀ ਜਤਾਈ ਹੈ ਅਤੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਹ ਲੁੱਟ ਜਾਰੀ ਰਹੀ ਤਾਂ ਆਮ ਜਨਤਾ ਦੀ ਜੀਵਨਸ਼ੈਲੀ ਤੇ ਸਿੱਧਾ ਅਸਰ ਪਵੇਗਾ।
ਮਾਮਲਾ ਹੁਣ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ ਆ ਚੁੱਕਾ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਕਾਲਾ ਬਜ਼ਾਰੀ ਰੋਕਣ ਲਈ ਅਗਲੇ ਕਦਮ ਕਦੋਂ ਅਤੇ ਕਿਵੇਂ ਚੁੱਕੇ ਜਾਂਦੇ ਹਨ।