ਪੰਜਾਬ ਦੇ ਪੈਨਸ਼ਨਰ ਸਰਕਾਰ ਤੋਂ ਔਖੇ, 17 ਅਕਤੂਬਰ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵੱਲ ਰੋਸ ਮਾਰਚ ਕਰਨ ਦਾ ਐਲਾਨ
ਬਹਾਦਰਜੀਤ ਸਿੰਘ /ਰੂਪਨਗਰ / royalpatiala.in News/ 30 ਸਤੰਬਰ,2025
ਪੰਜਾਬ ਰਾਜ ਪੈਨਸ਼ਨਰ ਮਹਾਂਸੰਘ ਅਤੇ ਸਹਿਯੋਗੀ ਜਥੇਬੰਦੀਆਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟ ਰਹੀ ਹੈ, ਜਦਕਿ ਅਫ਼ਸਰਸ਼ਾਹੀ ਸਰੋਤਾਂ ਨੂੰ ਹੜਪ ਕਰ ਰਹੀ ਹੈ। ਇਸ ਕਰਕੇ ਪੈਨਸ਼ਨਰਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ’ਤੇ ਧੱਕੇ ਖਾਣੇ ਪੈ ਰਹੇ ਹਨ ।
ਅੱਜ ਰੂਪਨਗਰ ਪ੍ਰੈਸ ਕਲੱਬ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਡਾ. ਐਨ.ਕੇ. ਕਲਸੀ ਪ੍ਰਧਾਨ, ਪੰਜਾਬ ਰਾਜ ਪੈਨਸ਼ਨਰ ਮਹਾਂਸੰਘ, ਬੀ ਐਸ ਸੈਣੀ (ਜਨਰਲ ਸਕੱਤਰ), ਦਲੀਪ ਸਿੰਘ (ਪ੍ਰਧਾਨ, ਪੀ ਆਈ ਸੀ), ਸ਼ਿਵ ਵੀਰ ਸਿੰਘ ਅਰੋੜਾ, ਸੁਖਵਿੰਦਰ ਸਿੰਘ ਬਾਂਗੋਵਾਣੀ (ਇੰਜੀਨੀਅਰ ਐਸੋਸੀਏਸ਼ਨ ਪੰਜਾਬ), ਅਮਰਜੀਤ ਸਿੰਘ ਸੀਵੀਆ (ਪੰਜਾਬ ਮੰਡੀਕਰਨ ਬੋਰਡ), ਕਰਤਾਰ ਸਿੰਘ ਪਾਲ ਅਤੇ ਬਲਵਿੰਦਰ ਸਿੰਘ (ਆਲ ਕੇਡਰ ਪੈਨਸ਼ਨਰ ਐਸੋ: ਪੀਐਸਪੀਸੀਐਲ/ ਪੀਐਸਟੀਸੀਐਲ ਪੰਜਾਬ) ਸਮੇਤ ਕਈ ਆਗੂਆਂ ਨੇ ਸ਼ਿਰਕਤ ਕੀਤੀ।
ਆਗੂਆਂ ਨੇ ਐਲਾਨ ਕੀਤਾ ਕਿ 17 ਅਕਤੂਬਰ ਨੂੰ ਪੈਨਸ਼ਨਰਾਂ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਜਾਵੇਗਾ। ਇਸ ਸੰਬੰਧੀ ਨੋਟਿਸ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸੌਂਪਿਆ ਗਿਆ ਹੈ।ਮਹਾਂਸੰਘ ਦੇ ਆਗੂਆਂ ਨੇ ਮੰਗ ਕੀਤੀ ਕਿ 1 ਜਨਵਰੀ 2016 ਤੋਂ ਪੈਨਸ਼ਨ ਸੋਧਣ ਲਈ 2.59 ਦਾ ਗੁਣਾਕ ਲਾਗੂ ਕਰਕੇ ਨੋਸ਼ਨਲ ਪੈਨਸ਼ਨ ਫਿਕਸ ਕੀਤੀ ਜਾਵੇ, 30 ਸਤੰਬਰ 2025 ਤੱਕ ਦੇ 135 ਮਹੀਨਿਆਂ ਦੇ ਬਕਾਇਆ ਮਹਿੰਗਾਈ ਭੱਤੇ ਦੀ ਅਦਾਇਗੀ ਤੁਰੰਤ ਕੀਤੀ ਜਾਵੇ, ਰਿਵਾਈਜ਼ਡ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਇਕਮੁਸ਼ਤ ਹੋਵੇ ਅਤੇ ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਬੋਰਡਾਂ, ਕਾਰਪੋਰੇਸ਼ਨਾਂ ਅਤੇ ਅਰਧ-ਸਰਕਾਰੀ ਅਦਾਰਿਆਂ ਦੇ ਪੈਨਸ਼ਨਰਾਂ ਲਈ ਵੀ ਲਾਗੂ ਕੀਤਾ ਜਾਵੇ।
ਉਹਨਾਂ ਖੁਲਾਸਾ ਕੀਤਾ ਕਿ ਬਾਰ -ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਸਰਕਾਰ ਵੱਲੋਂ ਨਾ ਹੀ ਕੋਈ ਮੀਟਿੰਗ ਕੀਤੀ ਗਈ ਹੈ ਅਤੇ ਨਾ ਹੀ ਹੱਲ ਲੱਭਿਆ ਗਿਆ ਹੈ। ਇਸ ਦੇਰੀ ਕਾਰਨ ਬੇਚੈਨੀ, ਰੋਸ ਅਤੇ ਗੁੱਸਾ ਵੱਧ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਵਿੱਚ ਲਗਭਗ 40000 ਪੈਨਸ਼ਨਰ ਬਕਾਏ ਦੀ ਉਡੀਕ ਕਰਦੇ ਕਰਦੇ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ, ਪਰ ਸਰਕਾਰ ਫਿਰ ਵੀ ਟਸ ਤੋਂ ਮਸ ਨਹੀਂ ਹੋਈ। ਉਹਨਾਂ ਕਿਹਾ ਕਿ ਇਸ ਸਰਕਾਰ ਦੇ ਵਿੱਤ ਮੰਤਰੀ ਪੈਨਸ਼ਨਾਂ ਨਾਲ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਉਹਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਰਹੇ ਹਨ ਅਤੇ ਉਦੋਂ ਦੀਆਂ ਸਰਕਾਰਾਂ ਨੂੰ ਚਿੱਠੀਆਂ ਵੀ ਲਿਖਦੇ ਰਹੇ ਹਨ ਪਰ ਹੁਣ ਉਹ ਇਹਨਾਂ ਵਾਅਦਿਆਂ ਤੋਂ ਪਾਸਾ ਵੱਟ ਗਏ ਹਨ। ਉਹਨਾਂ ਕਿਹਾ ਕਿ ਬਦਲਾਅ ਦਾ ਨਾਅਰਾ ਲਾ ਕੇ ਆਈ ਇਹ ਸਰਕਾਰ ਹੁਣ ਲੋਕਾਂ ਨਾਲ ਕੀਤੇ ਹੋਏ ਵਾਅਦੇ ਵੀ ਭੁੱਲ ਚੁੱਕੀ ਹੈ।
ਇਸ ਮੌਕੇ ਸੁਬਾਈ ਆਗੂ ਜਰਨੈਲ ਸਿੰਘ ਸਿੱਧੂ ਮੋਹਾਲੀ, ਇੰਜ:ਰਣਜੀਤ ਸਿੰਘ ਧਾਲੀਵਾਲ (ਗੁਰਦਾਸਪੁਰ), ਇੰਜ: ਗੁਰਨਾਮ ਸਿੰਘ ਸੈਣੀ (ਸੰਗਰੂਰ), ਰਾਮ ਸਿੰਘ ਕਾਲੜਾ, ਮਾਸਟਰ ਅਵਤਾਰ ਸਿੰਘ (ਲੋਧੀ ਮਾਜਰਾ), ਗੁਰਨਾਮ ਸਿੰਘ ਔਲਖ, ਹਰਚੰਦ ਸਿੰਘ (ਰੂਪਨਗਰ), ਮਾਸਟਰ ਅਮਰੀਕ ਸਿੰਘ, ਜਗਤਾਰ ਸਿੰਘ, ਜੇ.ਪੀ. ਸਿੰਘ, ਹਰਪ੍ਰੀਤਇੰਦਰ ਸਿੰਘ ਜਟਾਣਾ, ਰਕੇਸ਼ ਕੁਮਾਰ ਅਰੋੜਾ, ਮਨਮੋਹਨ ਸਿੰਘ ਆਦਿ ਵੀ ਹਾਜ਼ਰ ਸਨ।